ਅਮ੍ਰਿਤਸਰ ਵਿੱਚ SBI ਬੈਂਕ’ਚ ਲੱਗੀ ਅੱਗ,ਮਿੰਟਾਂ ’ਚ ਹੀ ਸੜ ਕੇ ਸੁਆਹ ਹੋਇਆ ਕਈ ਜ਼ਰੂਰੀ ਸਾਮਾਨ, ਜਾਨੀ ਨੁਕਸਾਨ ਤੋਂ ਰਿਹਾ ਬਚਾਅ

ਨਿਊਜ਼ ਪੰਜਾਬ

15 ਅਕਤੂਬਰ 2025

ਅੱਜ ਸਵੇਰੇ ਅੰਮ੍ਰਿਤਸਰ ਦੇ ਭੀੜ-ਭਾੜ ਵਾਲੇ ਕਟੜਾ ਜਮਾਲ ਸਿੰਘ ਮਾਰਕੀਟ’ਚ ਸਟੇਟ ਬੈਂਕ ਆਫ਼ ਇੰਡੀਆ (SBI) ਦੀ ਸ਼ਾਖਾ ਵਿੱਚ ਅਚਾਨਕ ਅੱਗ ਲੱਗਣ ਨਾਲ ਦਹਿਸ਼ਤ ਫੈਲ ਗਈ। ਅੱਗ ਇੰਨੀ ਭਿਆਨਕ ਸੀ ਕਿ ਬੈਂਕ ਦੇ ਅੰਦਰ ਫਰਨੀਚਰ, ਦਸਤਾਵੇਜ਼ ਅਤੇ ਹੋਰ ਸਮਾਨ ਮਿੰਟਾਂ ਵਿੱਚ ਹੀ ਸੜ ਕੇ ਸੁਆਹ ਹੋ ਗਿਆ।

ਸੂਤਰਾਂ ਅਨੁਸਾਰ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਹੋਣ ਦਾ ਸ਼ੱਕ ਹੈ। ਉਸ ਸਮੇਂ ਬੈਂਕ ਵਿੱਚ ਕੋਈ ਕਰਮਚਾਰੀ ਮੌਜੂਦ ਨਹੀਂ ਸੀ, ਇਸ ਲਈ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਸਥਾਨਕ ਨਿਵਾਸੀਆਂ ਨੇ ਧੂੰਆਂ ਦੇਖਿਆ ਅਤੇ ਤੁਰੰਤ ਫਾਇਰ ਵਿਭਾਗ ਨੂੰ ਸੂਚਿਤ ਕੀਤਾ।ਤਿੰਨ ਫਾਇਰ ਇੰਜਣ ਮੌਕੇ ‘ਤੇ ਪਹੁੰਚੇ, ਅਤੇ ਕਾਫ਼ੀ ਕੋਸ਼ਿਸ਼ਾਂ ਤੋਂ ਬਾਅਦ, ਅੱਗ ‘ਤੇ ਕਾਬੂ ਪਾਇਆ ਗਿਆ। ਫਾਇਰ ਅਧਿਕਾਰੀਆਂ ਨੇ ਦੱਸਿਆ ਕਿ ਅੱਗ ਇਮਾਰਤ ਦੀ ਪਹਿਲੀ ਮੰਜ਼ਿਲ ਤੋਂ ਸ਼ੁਰੂ ਹੋਈ ਅਤੇ ਹੌਲੀ-ਹੌਲੀ ਫੈਲ ਗਈ। ਅੱਗ ‘ਤੇ ਸਮੇਂ ਸਿਰ ਕਾਬੂ ਪਾ ਲਿਆ ਗਿਆ, ਜਿਸ ਨਾਲ ਵੱਡਾ ਹਾਦਸਾ ਟਲ ਗਿਆ।ਫਿਲਹਾਲ ਇਸ ਸਮੇਂ ਪੁਲਿਸ ਅਤੇ ਫਾਇਰ ਵਿਭਾਗ ਦੀਆਂ ਟੀਮਾਂ ਮੌਕੇ ‘ਤੇ ਮੌਜੂਦ ਹਨ ਅਤੇ ਅੱਗ ਲੱਗਣ ਦੇ ਸਹੀ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ।