ਸਾਬਤ-ਸੂਰਤ ਸਿੱਖ ਖਿਡਾਰੀਆਂ ਨੂੰ ਖਾਲਸਾ ਫ਼ੁਟਬਾਲ ਕਲੱਬ ਨੇ ਲਿਆਂਦਾ ਖੇਡ ਮੈਦਾਨ ਵਿੱਚ—‘ਖੜ੍ਹ-ਖੜ੍ਹ ਵੇਖੇ ਦੁਨੀਆਂ, ਕਿ ਸਰਦਾਰ ਖੇਡਦੇ ਨੇ’
- ਖੇਡਾਂ ਵਿੱਚ ਸਾਬਤ-ਸੂਰਤ ਦਿੱਖ ਨੂੰ ਪ੍ਰਫੁੱਲਿਤ ਕਰਨ ਦਾ ਯਤਨ : ਖਾਲਸਾਈ ਜਾਹੋ-ਜਲਾਲ ਨਾਲ ਖੇਡੇ ਗਏ ਸਾਰੇ ਮੈਚ – ਗਰੇਵਾਲ ਖੇਡਾਂ ਵਿੱਚ ਸਿੱਖੀ ਨੂੰ ਪ੍ਰਫੁੱਲਿਤ ਕਰਨ ਦੀ ਪਿਰਤ ਪਾਉਣ ਲਈ ਗਲੋਬਲ ਸਿੱਖ ਸਪੋਰਟਸ ਫੈਡਰੇਸ਼ਨ ਅਤੇ ਖਾਲਸਾ ਫੁੱਟਬਾਲ ਕਲੱਬ (ਖਾਲਸਾ ਐਫ.ਸੀ.) ਨੇ ਪੰਜਾਬ ਤੇ ਚੰਡੀਗੜ੍ਹ ਵਿੱਚ ਸਿੱਖ ਫੁੱਟਬਾਲ ਕੱਪ ਕਰਵਾਕੇ ਵੱਡਾ ਉਪਰਾਲਾ ਅਰੰਭਿਆ ਹੈ। ਨਿਰੋਲ ਸਾਬਤ-ਸੂਰਤ ਖਿਡਾਰੀਆਂ ਦੀ ਸ਼ਮੂਲੀਅਤ ਵਾਲੇ ਆਪਣੀ ਕਿਸਮ ਦੇ ਕਰਵਾਏ ਗਏ ਪਹਿਲੇ ਫੁੱਟਬਾਲ ਕੱਪ ਦਾ ਖਿਤਾਬ ਖਾਲਸਾ ਐਫ.ਸੀ. ਜਲੰਧਰ ਦੇ ਹਿੱਸੇ ਆਇਆ ਜਿਸ ਨੇ ਚੰਡੀਗੜ੍ਹ ਦੇ ਸੈਕਟਰ 42 ਫੁਟਬਾਲ ਸਟੇਡੀਅਮ ਵਿਖੇ ਖੇਡੇ ਗਏ ਫਾਈਨਲ ਮੁਕਾਬਲੇ ਵਿੱਚ ਖਾਲਸਾ ਐਫ.ਸੀ. ਗੁਰਦਾਸਪੁਰ ਨੂੰ 3-1 ਨਾਲ ਹਰਾ ਕੇ ਜਿੱਤਿਆ। ਚੈਂਪੀਅਨ ਬਣੀ ਜਲੰਧਰ ਦੀ ਟੀਮ ਨੂੰ 5 ਲੱਖ ਰੁਪਏ ਅਤੇ ਉਪ-ਜੇਤੂ ਗੁਰਦਾਸਪੁਰ ਦੀ ਟੀਮ ਨੂੰ 3 ਲੱਖ ਰੁਪਏ ਦਾ ਨਗਦ ਇਨਾਮ ਮਿਲਿਆ। ਪੰਜਾਬ ਦੀ ਫੁੱਟਬਾਲ ਖੇਡ ਵਿੱਚ ਇੰਨੀ ਵੱਡੀ ਇਨਾਮ ਰਾਸ਼ੀ ਦਾ ਵੀ ਇਹ ਪਹਿਲਾ ਟੂਰਨਾਮੈਂਟ ਸੀ। ਸੈਮੀ ਫਾਈਨਲ ਖੇਡਣ ਵਾਲੀਆਂ ਬਰਨਾਲਾ ਤੇ ਰੂਪਨਗਰ ਦੀਆਂ ਟੀਮਾਂ ਨੂੰ ਸਾਂਝੇ ਤੌਰ ‘ਤੇ ਤੀਜਾ ਸਥਾਨ ਹਾਸਲ ਹੋਇਆ।
- ਖਾਲਸਾ ਐਫ.ਸੀ. ਇਸ ਗੱਲੋਂ ਵਧਾਈ ਦਾ ਹੱਕਦਾਰ ਹੈ ਕਿ ਉਸ ਨੇ ਦੁਨੀਆਂ ਵਿੱਚ ਸਭ ਤੋਂ ਵੱਧ ਖੇਡੀ ਤੇ ਦੇਖੀ ਜਾਣ ਵਾਲੀ ਮਕਬੂਲ ਖੇਡ ਫੁੱਟਬਾਲ ਵਿੱਚ ਸਾਬਤ-ਸੂਰਤ ਖਿਡਾਰੀਆਂ ਲਈ ਮੰਚ ਮੁਹੱਈਆ ਕੀਤਾ ਹੈ। ਇਸ ਤੋਂ ਪਹਿਲਾਂ ਨਾਮਧਾਰੀਆਂ ਵੱਲੋਂ ਹਾਕੀ ਖੇਡ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਬੱਡੀ ਖੇਡ ਵਿੱਚ ਕੇਸਾਧਾਰੀ ਖਿਡਾਰੀਆਂ ਦੀ ਟੀਮ ਬਣਾਉਣ ਦੀ ਸ਼ੁਰੂਆਤ ਕੀਤੀ ਗਈ ਸੀ।
“ਖਾਲਸਾਈ 23 ਫੁੱਟਬਾਲ ਕਲੱਬਾਂ ਨੇ ਪਿੜ੍ਹ ਬੰਨ੍ਹਿਆ”
ਪੰਜਾਬ ਫੁੱਟਬਾਲ ਐਸੋਸੀਏਸ਼ਨ ਤੋਂ ਮਾਨਤਾ ਪ੍ਰਾਪਤ ਇਸ ਟੂਰਨਾਮੈਂਟ ਵਿੱਚ ਕੁੱਲ 23 ਟੀਮਾਂ ਨੇ ਹਿੱਸਾ ਲਿਆ ਜਿਨ੍ਹਾਂ ਵਿੱਚ ਚੰਡੀਗੜ੍ਹ ਸਮੇਤ ਪੰਜਾਬ ਦੇ ਹਰ ਜ਼ਿਲੇ ਵਿੱਚੋਂ ਚੁਣੀ ਗਈ ਅਧਿਕਾਰਤ ਟੀਮ ਸ਼ਾਮਲ ਸੀ। ਹਰ ਟੀਮ ਦਾ ਨਾਮ ਸਬੰਧਤ ਸ਼ਹਿਰ ਨਾਲ ਖਾਲਸਾ ਐਫ.ਸੀ. ਜੋੜ ਕੇ ਰੱਖਿਆ ਗਿਆ। ਟੂਰਨਾਮੈਂਟ ਤੋਂ ਪਹਿਲਾਂ ਕੁੱਲ 23 ਵੱਖ-ਵੱਖ ਜਿਲਿਆਂ ਦੇ ਸਟੇਡੀਅਮਾਂ ਵਿੱਚ ਮਾਹਿਰ ਕੋਚਾਂ ਨੇ ਹਰੇਕ ਟੀਮ ਲਈ 20 ਖਿਡਾਰੀਆਂ ਦੀ ਚੋਣ ਕੀਤੀ। ਟਰਾਇਲਾਂ ਦੌਰਾਨ ਸੈਂਕੜੇ ਖਿਡਾਰੀਆਂ ਨੇ ਸ਼ਿਰਕਤ ਕੀਤੀ ਜਿਨ੍ਹਾਂ ਲਈ ਇਕੋ-ਇਕ ਸ਼ਰਤ ਖਿਡਾਰੀ ਦਾ ਸਾਬਤ-ਸੂਰਤ ਸਿੱਖੀ ਸਰੂਪ ਵਿੱਚ ਹੋਣਾ ਸੀ। ਇਨ੍ਹਾਂ ਖਿਡਾਰੀਆਂ ਦੀ ਰਜਿਸਟ੍ਰੇਸ਼ਨ ਖਾਲਸਾ ਐਫ.ਸੀ. ਦੀ ਵੈਬਸਾਈਟ ‘ਤੇ ਆਨਲਾਈਨ ਕੀਤੀ ਗਈ। 30 ਜਨਵਰੀ ਤੋਂ 8 ਫਰਵਰੀ ਤੱਕ ਚੱਲੇ ਸਿੱਖ ਫੁਟਬਾਲ ਕੱਪ ਦੀ ਸ਼ੁਰੂਆਤ ਅੰਮ੍ਰਿਤਸਰ ਦੇ ਇਤਿਹਾਸਕ ਅਤੇ ਵਿਰਾਸਤੀ ਦਿੱਖ ਵਾਲੇ ਖਾਲਸਾ ਕਾਲਜ ਦੇ ਫੁੱਟਬਾਲ ਮੈਦਾਨ ਤੋਂ ਹੋਈ। ਇਸ ਨਿਵੇਕਲੇ ਟੂਰਨਾਮੈਂਟ ਦੇ ਕੁੱਲ 22 ਮੈਚ ਪੰਜਾਬ ਦੇ ਵੱਖ-ਵੱਖ ਸਥਾਨਾਂ ਅੰਮ੍ਰਿਤਸਰ, ਮਸਤੂਆਣਾ ਸਾਹਿਬ, ਮਾਤਾ ਗੁਜਰੀ ਕਾਲਜ ਫਤਿਹਗੜ੍ਹ ਸਾਹਿਬ, ਨਿੱਕੇ ਘੁੰਮਣ (ਗੁਰਦਾਸਪੁਰ), ਸੰਤ ਬਾਬਾ ਭਾਗ ਯੂਨੀਵਰਸਿਟੀ ਜਲੰਧਰ, ਘਲੋਟੀ (ਮੋਗਾ), ਜੀਰਾ, ਗਿੱਲ (ਮੁੱਦਕੀ) ਵਿਖੇ ਖੇਡੇ ਗਏ। ਟੂਰਨਾਮੈਂਟ ਦੇ ਸ਼ੁਰੂਆਤੀ ਦੌਰ ਦੇ ਮੈਚਾਂ ਵਿੱਚ ਗੁਰਦਾਸਪੁਰ, ਅੰਮ੍ਰਿਤਸਰ, ਮੁਕਤਸਰ, ਬਰਨਾਲਾ, ਬਠਿੰਡਾ, ਪਟਿਆਲਾ, ਲੁਧਿਆਣਾ, ਰੂਪਨਗਰ, ਮੁਹਾਲੀ, ਸ਼ਹੀਦ ਭਗਤ ਸਿੰਘ ਨਗਰ ਅਤੇ ਜਲੰਧਰ ਦੀਆਂ ਟੀਮਾਂ ਨੇ ਆਪੋ-ਆਪਣੇ ਮੈਚ ਜਿੱਤ ਕੇ ਅਗਲੇ ਦੌਰ ਲਈ ਕੁਆਲੀਫਾਈ ਕੀਤਾ। ਕੁਆਰਟਰ ਫਾਈਨਲ ਮੁਕਾਬਲਿਆਂ ਵਿੱਚ ਗੁਰਦਾਸਪੁਰ ਨੇ ਅੰਮ੍ਰਿਤਸਰ ਨੂੰ 1-0, ਰੂਪਨਗਰ ਨੇ ਪਟਿਆਲਾ ਨੂੰ 3-0, ਜਲੰਧਰ ਨੇ ਸ਼ਹੀਦ ਭਗਤ ਸਿੰਘ ਨਗਰ ਨੂੰ 2-0 ਅਤੇ ਬਰਨਾਲਾ ਨੇ ਬਠਿੰਡਾ ਨੂੰ ਟਾਈਬ੍ਰੇਕਰ ਵਿੱਚ 7-6 ਨਾਲ ਹਰਾ ਕੇ ਆਖਰੀ ਚਾਰਾਂ ਵਿੱਚ ਸਥਾਨ ਪੱਕਾ ਕੀਤਾ। ਪਹਿਲੇ ਸੈਮੀ ਫਾਈਨਲ ਵਿੱਚ ਗੁਰਦਾਸਪੁਰ ਨੇ ਬਰਨਾਲਾ ਨੂੰ 2-0 ਅਤੇ ਦੂਜੇ ਸੈਮੀ ਫਾਈਨਲ ਵਿਚ ਜਲੰਧਰ ਨੇ ਪੈਨਲਟੀ ਸ਼ੂਟ ਆਊਟ ਵਿੱਚ ਰੂਪਨਗਰ ਨੂੰ 4-3 ਨਾਲ ਹਰਾ ਕੇ ਫਾਈਨਲ ਦੀ ਟਿਕਟ ਕਟਾਈ।
“ਫਸਵੀਂ ਟੱਕਰ ਵਾਲਾ ਰਿਹਾ ਫਾਈਨਲ”
ਫਾਈਨਲ ਮੁਕਾਬਲਾ ਬਹੁਤ ਹੀ ਫਸਵੀਂ ਟੱਕਰ ਵਾਲਾ ਰਿਹਾ। ਗੁਰਦਾਸਪੁਰ ਦੀ ਟੀਮ ਨੇ ਸ਼ੁਰੂਆਤੀ ਸਮੇਂ ਤੋਂ ਹਮਲਾਵਰ ਰੁਖ਼ ਅਪਣਾਉਂਦਿਆਂ ਮੈਚ ਉਤੇ ਪਕੜ ਬਣਾਉਣ ਦੀ ਕੋਸ਼ਿਸ਼ ਕੀਤੀ ਜਿਸ ਦਾ ਉਨ੍ਹਾਂ ਨੂੰ 27ਵੇਂ ਮਿੰਟ ਵਿੱਚ ਉਸ ਵੇਲੇ ਫਲ ਮਿਲਿਆ ਜਦੋਂ ਮਨਿੰਦਰ ਸਿੰਘ ਨੇ ਸਿੱਧਾ ਗੋਲ ਦਾਗ ਕੇ ਇਕ ਗੋਲ ਦੀ ਲੀਡ ਦਿਵਾ ਦਿੱਤੀ। ਪਹਿਲੇ ਅੱਧ ਦੀ ਸਮਾਪਤੀ ਦੇ ਆਖਰੀ ਪਲਾਂ ਵਿੱਚ ਖੁਸ਼ਪ੍ਰੀਤ ਸਿੰਘ ਨੇ 45ਵੇਂ ਮਿੰਟ ਵਿੱਚ ਗੋਲ ਕਰ ਕੇ ਜਲੰਧਰ ਨੂੰ ਬਰਾਬਰੀ ਦਿਵਾ ਦਿੱਤੀ। ਦੂਜੇ ਅੱਧ ਵਿੱਚ ਜਲੰਧਰ ਦੀ ਖੇਡ ਬਿਲਕੁਲ ਬਦਲੀ ਹੋਈ ਜਾਪੀ। ਪਹਿਲੇ ਅੱਧ ਵਿੱਚ ਭਾਰੂ ਲੱਗ ਰਹੀ ਗੁਰਦਾਸਪੁਰ ਦੀ ਟੀਮ ਦੂਜੇ ਅੱਧ ਵਿੱਚ ਜਲੰਧਰ ਦੀ ਟੀਮ ਨਾਲੋਂ ਪਿਛੜਦੀ ਨਜ਼ਰ ਆਈ। ਇੰਦਰਦੀਪ ਸਿੰਘ ਨੇ 52ਵੇਂ ਮਿੰਟ ਵਿੱਚ ਗੋਲ ਦਾਗ ਕੇ ਪਹਿਲੀ ਵਾਰ ਜਲੰਧਰ ਦੀ ਟੀਮ ਨੂੰ ਮੈਚ ਵਿੱਚ 2-1 ਦੀ ਲੀਡ ਦਿਵਾਈ। ਖੁਸ਼ਪ੍ਰੀਤ ਸਿੰਘ ਨੇ ਮੈਚ ਸਮਾਪਤੀ ਤੋਂ ਇਕ ਮਿੰਟ ਪਹਿਲਾਂ (89ਵੇਂ) ਵਿੱਚ ਆਪਣਾ ਦੂਜਾ ਗੋਲ ਕਰ ਕੇ ਜਲੰਧਰ ਦੀ 3-1 ਨਾਲ ਜਿੱਤ ਪੱਕੀ ਕਰ ਦਿੱਤੀ।
ਫਾਈਨਲ ਮੌਕੇ ਕੁੱਲ ਦੁਨੀਆਂ ਵਿੱਚ ਸਿੱਖ ਬੀਬੀਆਂ ਦਾ ਝੰਡਾ ਬੁਲੰਦ ਕਰਨ ਵਾਲੀ 104 ਸਾਲਾ ਉਮਰ ਦੀ ਵੈਟਰਨ ਅਥਲੀਟ ਮਾਨ ਕੌਰ ਨੂੰ ਵੀ ਸਨਮਾਨਤ ਕੀਤਾ ਗਿਆ। ਭਾਰਤੀ ਫੁੱਟਬਾਲ ਟੀਮ ਦੇ ਸਾਬਕਾ ਕਪਤਾਨ ਅਤੇ ਅਰਜੁਨਾ ਐਵਾਰਡੀ ਗੁਰਦੇਵ ਸਿੰਘ ਗਿੱਲ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ। ਇਸ ਮੌਕੇ ਪੰਜਾਬ ਦੇ ਏ.ਡੀ.ਜੀ.ਪੀ. ਅਮਰਦੀਪ ਸਿੰਘ ਰਾਏ, ਯੂ.ਟੀ. ਚੰਡੀਗੜ੍ਹ ਦੇ ਖੇਡ ਵਿਭਾਗ ਦੇ ਡਾਇਰੈਕਟਰ ਤੇਜਦੀਪ ਸਿੰਘ ਸੈਣੀ, ਸੰਤ ਅਵਤਾਰ ਸਿੰਘ ਟਿੱਬੀ ਸਾਹਿਬ, ਸੰਤ ਗੁਰਦੇਵ ਸਿੰਘ ਨਾਨਕਸਰ, ਸੰਤ ਕਪੂਰ ਸਿੰਘ ਸਨ੍ਹੇਰਾਂ, ਸੰਤ ਦਿਲਾਵਰ ਸਿੰਘ ਬ੍ਰਹਮ ਜੀ, ਐਸ.ਜੀ.ਪੀ.ਸੀ. ਦੇ ਜੂਨੀਅਰ ਮੀਤ ਪ੍ਰਧਾਨ ਗੁਰਬਖ਼ਸ਼ ਸਿੰਘ ਖਾਲਸਾ, ਸਾਬਕਾ ਸੀਨੀਅਰ ਡਿਪਟੀ ਮੇਅਰ ਹਰਦੀਪ ਸਿੰਘ ਬੁਟਰੇਲਾ, ਪੰਜਾਬ ਲੋਕ ਸੇਵਾ ਕਮਿਸ਼ਨ ਦੇ ਸਾਬਕਾ ਮੈਂਬਰ ਸੁਖਵੰਤ ਸਿੰਘ ਸਰਾਓ ਤੇ ਡਿਪਟੀ ਡਾਇਰੈਕਟਰ ਡਾ. ਅਜੀਤ ਕੰਵਲ ਸਿੰਘ ਹਮਦਰਦ ਆਦਿ ਵੀ ਹਾਜ਼ਰ ਹੋਏ।
“ਖਾਲਸਾਈ ਜਾਹੋ-ਜਲਾਲ ਨਾਲ ਖੇਡੇ ਗਏ ਸਾਰੇ ਮੈਚ”
ਟੂਰਨਾਮੈਂਟ ਦੌਰਾਨ ਹਰ ਮੈਚ ਦੀ ਸ਼ੁਰੂਆਤ ਧਾਰਮਿਕ ਸ਼ਖਸ਼ੀਅਤਾਂ ਅਤੇ ਕਲੱਬ ਦੇ ਆਹੁਦੇਦਾਰਾਂ ਦੁਆਰਾ ਖਿਡਾਰੀਆਂ ਨੂੰ ਅਸ਼ੀਰਵਾਦ ਦੇ ਕੇ ਕੀਤੀ ਜਾਂਦੀ ਰਹੀ। ਟੂਰਨਾਮੈਂਟ ਦੌਰਾਨ ਖਿਡਾਰੀਆਂ ਦਾ ਮਨੋਬਲ ਵਧਾਉਣ ਲਈ ਪ੍ਰਸਿੱਧ ਗਾਇਕ ਤੇ ਅਦਾਕਾਰ ਰਾਜ ਕਾਕੜਾ ਵੱਲੋਂ ਵਿਸ਼ੇਸ਼ ਤੌਰ ‘ਤੇ ਗਾਇਆ ਜੋਸ਼ੀਲਾ ਗਾਣਾ ‘ਸਰਦਾਰ’ ਨਿਰੰਤਰ ਚੱਲਦਾ ਰਿਹਾ ਅਤੇ ਖਿਡਾਰੀਆਂ ਵਿੱਚ ਜੋਸ਼ ਭਰਦਾ ਰਿਹਾ। ਇਸ ਗੀਤ ਦੇ ਬੋਲ ਹਨ ‘ਖੜ੍ਹ-ਖੜ੍ਹ ਵੇਖੇ ਦੁਨੀਆਂ, ਕਿ ਸਰਦਾਰ ਖੇਡਦੇ ਨੇ’। ਫੁੱਟਬਾਲ ਦੇ ਇਤਿਹਾਸ ਵਿੱਚ ਪਹਿਲੀ ਵਾਰ ਸਾਬਤ-ਸੂਰਤ ਖਿਡਾਰੀਆਂ ਲਈ ਮੁਹੱਈਆ ਕਰਵਾਏ ਇਸ ਮੰਚ ਦੀ ਸਭ ਪਾਸਿਓਂ ਸ਼ਲਾਘਾ ਹੋਈ। ਖਾਲਸਾਈ ਜਾਹੋ-ਜਲਾਲ ਨਾਲ ਕਰਵਾਇਆ ਗਿਆ ਇਹ ਟੂਰਨਾਮੈਂਟ ਫਸਵੇਂ ਮੁਕਾਬਲਿਆਂ ਦਾ ਵੀ ਗਵਾਹ ਬਣਿਆ। ਹਰੇਕ ਮੈਚ ਤੋਂ ਪਹਿਲਾਂ ਪੰਜ ਮੂਲਮੰਤਰ ਦੇ ਪਾਠਾਂ ਦੇ ਜਾਪ ਕਰਵਾਏ ਗਏ। ਉਪਰੰਤ ਟੂਰਨਾਮੈਂਟ ਦੀ ਚੜ੍ਹਦੀਕਲਾ ਲਈ ਅਰਦਾਸ ਕੀਤੀ ਗਈ। ਕਈ ਥਾਈਂ ਦੇਗ ਵੀ ਵਰਤਾਈ ਗਈ। ਟੂਰਨਾਮੈਂਟ ਦੌਰਾਨ ਸਿੱਖ ਮਾਰਸ਼ਲ ਆਰਟ ਅਤੇ ਸਿੱਖ ਕੌਮ ਦੀ ਚੜ੍ਹਦੀ ਕਲਾ ਦੇ ਪ੍ਰਤੀਕ ਜੰਗਜੂ ਕਲਾ ਗੱਤਕੇ ਦਾ ਪ੍ਰਦਰਸ਼ਨ ਵੀ ਹੁੰਦਾ ਰਿਹਾ।
“ਖੇਡਾਂ ਵਿੱਚ ਸਾਬਤ-ਸੂਰਤ ਦਿੱਖ ਨੂੰ ਪ੍ਰਫੁੱਲਿਤ ਕਰਨ ਦਾ ਯਤਨ : ਗਰੇਵਾਲ”
ਇਸ ਨਿਵੇਕਲੇ ਉਪਰਾਲੇ ਨੂੰ ਸ਼ੁਰੂ ਕਰਨ ਵਾਲੇ ਖਾਲਸਾ ਫੁੱਟਬਾਲ ਕਲੱਬ ਦੇ ਬਾਨੀ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਸਟੇਟ ਐਵਾਰਡੀ ਦਾ ਕਹਿਣਾ ਹੈ ਕਿ ਨਰੋਏ ਸਿੱਖ ਸਮਾਜ ਦੀ ਸਿਰਜਣਾ ਕਰਨ, ਖੇਡਾਂ ਵਿੱਚ ਸਿੱਖ ਖਿਡਾਰੀਆਂ ਨੂੰ ਸਾਬਤ-ਸੂਰਤ ਬਣ ਕੇ ਖੇਡਣ ਲਈ ਪ੍ਰੇਰਿਤ ਕਰਨ ਅਤੇ ਖੇਡਾਂ ਜ਼ਰੀਏ ਵਿਦੇਸ਼ਾਂ ਵਿੱਚ ਸਿੱਖ ਪਛਾਣ ਨੂੰ ਉਜਾਗਰ ਕਰਨ ਦੇ ਮੰਤਵ ਤਹਿਤ ਖਾਲਸਾ ਐਫ.ਸੀ. ਅਤੇ ਗਲੋਬਲ ਸਿੱਖ ਸਪੋਰਟਸ ਫੈਡਰੇਸ਼ਨ ਵੱਲੋਂ ਨਿਰੋਲ ਸਾਬਤ-ਸੂਰਤ ਖਿਡਾਰੀਆਂ ਦੀ ਸ਼ਮੂਲੀਅਤ ਵਾਲਾ ਆਪਣੀ ਕਿਸਮ ਦਾ ਪਹਿਲਾ ਸਿੱਖ ਫੁੱਟਬਾਲ ਕੱਪ ਕਰਵਾਇਆ ਗਿਆ ਜੋ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੀ। ਪੰਜਾਬ ਫੁੱਟਬਾਲ ਐਸੋਸੀਏਸ਼ਨ ਨਾਲ ਰਜਿਸਟਰਡ ਖਾਲਸਾ ਐਫ.ਸੀ. ਨੇ ‘ਆਓ ਖੇਡਾਂ ‘ਚ ਸਿੱਖੀ ਸਰੂਪ ਨੂੰ ਪ੍ਰਫੁੱਲਤ ਕਰੀਏ’ ਦਾ ਨਾਅਰਾ ਦਿੱਤਾ ਹੈ। ਟੂਰਨਾਮੈਂਟ ਦੇ ਪ੍ਰਬੰਧਕ ਖਾਲਸਾ ਐਫ.ਸੀ. ਅਤੇ ਗਲੋਬਲ ਸਿੱਖ ਸਪੋਰਟਸ ਫੈਡਰੇਸ਼ਨ ਨੇ ਇਹ ਵੀ ਐਲਾਨ ਕੀਤਾ ਕਿ ਖਾਲਸਾ ਐਫ.ਸੀ. ਦੀ ਟੀਮ ਦੇਸ਼-ਵਿਦੇਸ਼ ਵਿੱਚ ਨਾਮੀ ਫੁੱਟਬਾਲ ਟੀਮਾਂ ਨਾਲ ਮੈਚ ਖੇਡਿਆ ਕਰੇਗੀ। ਟੂਰਨਾਮੈਂਟਾਂ ਦੌਰਾਨ ਜ਼ਖਮੀ ਜਾਂ ਕੋਈ ਨੁਕਸਾਨ ਹੋਣ ਦੇ ਮੱਦੇਨਜ਼ਰ ਫੁੱਟਬਾਲ ਟੀਮ ਦਾ ਬੀਮਾ ਕਰਵਾਉਣ ਤੋਂ ਇਲਾਵਾ ਕਲੱਬ ਦੀਆਂ ਗਤੀਵਿਧੀਆਂ ਸਬੰਧੀ ‘ਖਾਲਸਾ ਫੁੱਟਬਾਲ’ ਸੋਵੀਨਰ ਵੀ ਜਾਰੀ ਕੀਤਾ ਜਾਣਾ ਹੈ।
ਕਲੱਬ ਦੇ ਉਦੇਸ਼ ਮੁਤਾਬਿਕ ਖੇਡ ਜਗਤ ਇਹ ਅਨੁਮਾਨ ਲਾ ਰਿਹਾ ਹੈ ਕਿ ਜੇਕਰ ਸਾਰੀਆਂ ਲ ਖੇਡਾਂ ਵਿੱਚ ਸਿੱਖ ਖਿਡਾਰੀ ਸਾਬਤ-ਸੂਰਤ ਬਣਨ ਵੱਲ ਪਰਤ ਆਉਣ ਤਾਂ ਨਿਸਚੇ ਹੀ ਖੇਡਾਂ ਦੀ ਦਸ਼ਾ ਅਤੇ ਦਿਸ਼ਾ ਬਦਲੇਗੀ, ਡੋਪਿੰਗ ਅਤੇ ਨਸ਼ਿਆਂ ਦਾ ਪ੍ਰਚਲਣ ਘਟੇਗਾ, ਖੇਡਾਂ ਵਿੱਚ ਪੁਰਾਣੀ ਪਿਰਤ ਮੁਤਾਬਿਕ ਸਰਦਾਰਾਂ ਦੇ ਸਿਰਾਂ ’ਤੇ ਜੂੜਾ ਮੁੜ੍ਹ ਨਜ਼ਰੀ ਪਵੇਗਾ। ਪੰਜਾਬੀ ਭਾਈਚਾਰਾ ਹੋਰ ਵੱਡੇ ਮਾਣ ਨਾਲ ਨਸ਼ਾ ਰਹਿਤ ਖੇਡਾਂ ਵਿੱਚ ਵਧੇਰੇ ਯੋਗਦਾਨ ਪਾਉਣ ਅਤੇ ਸਾਬਤ-ਸੂਰਤ ਖਿਡਾਰੀਆਂ ਦੀ ਦਿਲੋਂ ਮੱਦਦ ਲਈ ਯਕੀਨਨ ਅੱਗੇ ਆਵੇਗਾ।
ਖਾਲਸਾ ਐਫ.ਸੀ. ਦੀਆ ਇੰਨਾਂ ਵਿਸ਼ੇਸ਼ ਪਹਿਲਕਦਮੀਆਂ ਤੋਂ ਇਹ ਮਾਣ ਨਾਲ ਕਿਹਾ ਜਾ ਸਕਦਾ ਹੈ ਕਿ ਇਸ ਪਲੇਠੇ ਸਿੱਖ ਫੁੱਟਬਾਲ ਕੱਪ ਨੇ ਨਿਸਚੇ ਹੀ ਖੇਡਾਂ ਵਿੱਚ ਨਵੀਂ ਤਬਦੀਲੀ ਲਿਆਉਣ ਅਤੇ ਖਿਡਾਰੀਆਂ ਦੀ ਦਿੱਖ ਬਦਲਣ ਲਈ ਨਿਵੇਕਲੀ ਲੀਹ ਪਾ ਦਿੱਤੀ ਹੈ।
—ਬਲਜੀਤ ਸਿੰਘ ਸੈਣੀ