ਪੰਜਾਬ ਹੜ੍ਹ ਪੀੜਤਾਂ ਲਈ ਮਸ਼ਹੂਰ ਪੰਜਾਬੀ ਗਾਇਕ ਕਰਨ ਔਜਲਾ ਨੇ ਮਾਲਟਾ ਸ਼ੋਅ ਦੀ ਪੂਰੀ ਫੀਸ ਦਾਨ ਕਰਨ ਦਾ ਕੀਤਾ ਐਲਾਨ

ਨਿਊਜ਼ ਪੰਜਾਬ

7 ਸਤੰਬਰ 2025

ਪੰਜਾਬੀ ਸੰਗੀਤ ਜਗਤ ਦੇ ਮਸ਼ਹੂਰ ਗਾਇਕ ਤੇ ਗੀਤਕਾਰ ਕਰਨ ਔਜਲਾ ਨੇ ਦੁਬਾਰਾ ਆਪਣੀ ਸਮਾਜ ਸੇਵਾ ਪ੍ਰਤੀ ਵਚਨਬੱਧਤਾ ਸਾਬਤ ਕੀਤੀ ਹੈ। ਯੂਰਪ ਦੇ ਮਾਲਟਾ ਵਿੱਚ ‘ਬਾਰਡਰ ਬ੍ਰੇਕਿੰਗ’ ਪ੍ਰੋਗਰਾਮ ਦੌਰਾਨ ਉਨ੍ਹਾਂ ਨੇ ਸਟੇਜ ਤੋਂ ਘੋਸ਼ਣਾ ਕੀਤੀ ਕਿ ਇਸ ਸ਼ੋਅ ਦੀ ਪੂਰੀ ਫੀਸ ਉਹ ਪੰਜਾਬ ਦੇ ਹੜ੍ਹ ਪੀੜਤ ਪਰਿਵਾਰਾਂ ਦੀ ਸਹਾਇਤਾ ਲਈ ਦਾਨ ਕਰਨਗੇ। ਇਸ ਐਲਾਨ ਨੂੰ ਦਰਸ਼ਕਾਂ ਵੱਲੋਂ ਤਾੜੀਆਂ ਨਾਲ ਮਨਾਇਆ ਗਿਆ, ਜਦਕਿ ਪੰਜਾਬ ਸਮੇਤ ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਨੇ ਵੀ ਇਸ ਦੀ ਖੂਬ ਸ਼ਲਾਘਾ ਕੀਤੀ।

ਇਵੈਂਟ ਮੈਨੇਜਰ ਨੂੰ ਤੁਰੰਤ ਕਾਰਵਾਈ ਲਈ ਕਿਹਾ ਗਿਆ ਅਤੇ ਇਹ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਰਾਹਤ ਰਾਸ਼ੀ ਸਹੀ ਢੰਗ ਨਾਲ ਪਹੁੰਚੇ। ਇਹ ਪਹਿਲੀ ਵਾਰ ਨਹੀਂ ਹੈ ਕਿ ਕਰਨ ਔਜਲਾ ਹੜ੍ਹ ਪੀੜਤਾਂ ਲਈ ਮਦਦ ਕਰ ਰਹੇ ਹਨ। ਇਸ ਤੋਂ ਪਹਿਲਾਂ ਵੀ ਉਹ ਨਗਦ ਰਕਮ ਦੇਣ ਦੇ ਨਾਲ-ਨਾਲ ਕਿਸ਼ਤੀਆਂ, ਰਾਸ਼ਨ, ਫਰਿੱਜ ਅਤੇ ਹੋਰ ਜ਼ਰੂਰੀ ਸਮਾਨ ਵੰਡ ਚੁੱਕੇ ਹਨ।

ਸੋਸ਼ਲ ਮੀਡੀਆ ਰਾਹੀਂ ਔਜਲਾ ਲੋਕਾਂ ਨੂੰ ਅਪੀਲ ਕਰਦੇ ਰਹਿੰਦੇ ਹਨ ਕਿ ਉਹ ਪ੍ਰਭਾਵਿਤ ਪਰਿਵਾਰਾਂ ਲਈ ਖੁੱਲ੍ਹ ਕੇ ਸਹਾਇਤਾ ਕਰਨ। ਇਸ ਸਮੇਂ ਵੀ ਉਨ੍ਹਾਂ ਦੀ ਟੀਮ ਪੰਜਾਬ ਵਿੱਚ ਭੋਜਨ, ਪਾਣੀ ਅਤੇ ਦਵਾਈਆਂ ਵੰਡਣ ਵਿੱਚ ਲੱਗੀ ਹੋਈ ਹੈ। ਹੜ੍ਹਾਂ ਕਾਰਨ ਹਜ਼ਾਰਾਂ ਪਰਿਵਾਰ ਆਪਣਾ ਰੋਜ਼ਗਾਰ ਅਤੇ ਛੱਤ ਗੁਆ ਬੈਠੇ ਹਨ।ਕਰਨ ਔਜਲਾ ਨੇ ਕਿਹਾ ਕਿ ਪਾਣੀ ਘਟਣ ਤੋਂ ਬਾਅਦ ਅਸਲ ਤਬਾਹੀ ਸਾਹਮਣੇ ਆਏਗੀ ਅਤੇ ਉਸ ਵੇਲੇ ਵੀ ਲੋਕਾਂ ਨੂੰ ਲਗਾਤਾਰ ਸਹਾਇਤਾ ਦੀ ਲੋੜ ਰਹੇਗੀ।