ਜ਼ਿਲ੍ਹੇ ’ਚ ਗਲਘੋਟੂ ਦਾ ਟੀਕਾਕਰਣ ਇਸ ਵਾਰ ਮੁਫ਼ਤ ਕੀਤਾ ਜਾ ਰਿਹਾ ਹੈ-ਡਿਪਟੀ ਕਮਿਸ਼ਨਰ ਵਿਨੈ ਬਬਲਾਨੀ
ਜੂਨ ਦੇ ਅੱਧ ਤੋਂ ਸ਼ੁਰੂ ਹੋਵੇਗਾ ਮੂੰਹ-ਖੁਰ ਦਾ ਟੀਕਾਕਰਣ
ਜ਼ਿਲ੍ਹੇ ’ਚ 1.67 ਲੱਖ ਪਸ਼ੂਆਂ ਨੂੰ ਲੱਗੇਗਾ ਮੂੰਹ-ਖੁਰ ਬਿਮਾਰੀ ਤੋਂ ਬਚਾਅ ਦਾ ਟੀਕਾ
ਨਿਊਜ਼ ਪੰਜਾਬ
ਨਵਾਂਸ਼ਹਿਰ, 28 ਮਈ- ਪਸ਼ੂ ਪਾਲਣ ਵਿਭਾਗ ਵੱਲੋਂ ਜ਼ਿਲ੍ਹੇ ਦੇ ਪਸ਼ੂ ਪਾਲਕਾਂ ਦੇ ਪਸ਼ੂ ਧਨ ਨੂੰ ਗਲਘੋਟੂ ਤੋਂ ਬਚਾਅ ਲਈ ਟੀਕਾਕਰਣ 18 ਮਈ ਤੋਂ ਆਰੰਭਿਆ ਹੋਇਆ ਹੈ, ਜਿਸ ਤਹਿਤ ਜ਼ਿਲ੍ਹੇ ਦੇ 1.20 ਲੱਖ ਪਸ਼ੂਆਂ ਨੂੰ ਇਹ ਟੀਕਾ ਮੁਫ਼ਤ ਲਾਇਆ ਜਾਵੇਗਾ।
ਉਨ੍ਹਾਂ ਦੱਸਿਆ ਕਿ ਪਸ਼ੂ ਪਾਲਣ ਵਿਭਾਗ ਵੱਲੋਂ ਪਹਿਲਾਂ ਇਹ ਟੀਕਾ 5 ਰੁਪਏ ਪ੍ਰਤੀ ਪਸ਼ੂ ਦੀ ਫ਼ੀਸ ਲੈ ਕੇ ਲਾਇਆ ਜਾਂਦਾ ਸੀ ਪਰੰਤੂ ਇਸ ਵਾਰ ਕੋਵਿਡ ਲਾਕਡਾਊਨ ਤੋਂ ਉਤਪੰਨ ਸਥਿਤੀ ਦੇ ਮੱਦੇਨਜ਼ਰ ਪਸ਼ੂ ਪਾਲਣ ਵਿਭਾਗ ਦੇ ਮੰਤਰੀ ਸ੍ਰੀ ਤਿ੍ਰਪਤ ਰਜਿੰਦਰ ਸਿੰਘ ਬਾਜਵਾ ਵੱਲੋਂ ਮੁਫ਼ਤ ਲਾਉਣ ਦੀਆਂ ਹਦਾਇਤਾਂ ਕੀਤੀਆਂ ਗਈਆਂ ਹਨ।
ਜ਼ਿਲ੍ਹੇ ’ਚ ਗਲ-ਘੋਟੂ ਤੇ ਮੂੰਹ-ਖੁਰ ਦੇ ਟੀਕਾਕਰਣ ਦਾ ਜਾਇਜ਼ਾ ਲੈਣ ਲਈ ਸੱਦੀ ਗਈ ਮੀਟਿੰਗ ’ਚ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਡਾ. ਵਾਸਦੇਵ ਸ਼ਰਮਾ ਨੇ ਦੱਸਿਆ ਕਿ ਗਲ-ਘੋਟੂ ਦਾ ਟੀਕਾਕਰਣ ਜੂਨ ਦੇ ਅੱਧ ਤੱਕ ਮੁਕੰਮਲ ਕਰਨ ਦਾ ਟੀਚਾ ਰੱਖਿਆ ਗਿਆ ਹੈ। ਗਲ-ਘੋਟੂ ਟੀਕਾਕਰਣ ਮੁਕੰਮਲ ਹੋਣ ਬਾਅਦ ਜੂਨ ਦੇ ਅੱਧ ਤੋਂ ਮੂੰਹ-ਖੁਰ ਦੀ ਟੀਕਾਕਰਣ ਮੁਹਿੰਮ ਆਰੰਭੀ ਜਾਵੇਗੀ। ਉਨ੍ਹਾਂ ਦੱਸਿਆ ਕਿ ਵਿਭਾਗ ਦੇ ਵੈਟਰਨਰੀ ਡਾਕਟਰ ਅਤੇ ਵੈਟਰਨਰੀ ਇੰਸਪੈਕਟਰ ਪੂਰੀ ਤਨਦੇਹੀ ਨਾਲ ਪਸ਼ੂ ਧਨ ਦੇ ਟੀਕਾਕਰਣ ’ਚ ਲੱਗੇ ਹੋਏ ਹਨ ਤਾਂ ਜੋ ਪਸ਼ੂ ਧਨ ਨੂੰ ਇਨ੍ਹਾਂ ਦੋਵਾਂ ਬਿਮਾਰੀਆਂ ਤੋਂ ਸੁਰੱਖਿਅਤ ਰੱਖਿਆ ਜਾ ਸਕੇ।
ਡਾ. ਵਾਸਦੇਵ ਅਨੁਸਾਰ ਗਲ-ਘੋਟੂ ਦਾ ਟੀਕਾਕਰਣ 80 ਫ਼ੀਸਦੀ ਪਸ਼ੂ ਧਨ ਦੇ ਹੋਵੇਗਾ ਜਦਕਿ ਮੂੰਹ-ਖੁਰ ਦਾ ਟੀਕਾਕਰਣ 100 ਫ਼ੀਸਦੀ ਪਸ਼ੂਧਨ ਦਾ ਕੀਤਾ ਜਾਵੇਗਾ। ਉਨ੍ਹਾਂ ਨੇ ਪਸ਼ੂ ਪਾਲਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਨੇੜਲੀ ਪਸ਼ੂ ਡਿਸਪੈਂਸਰੀ ਜਾਂ ਪਸ਼ੂ ਹਸਪਤਾਲ ਦੇ ਵੈਟਰਨਰੀ ਇੰਸਪੈਕਟਰ ਜਾਂ ਵੈਟਰਨਰੀ ਡਾਕਟਰ ਨਾਲ ਸੰਪਰਕ ਕਰਕੇ ਇਸ ਟੀਕਾਕਰਣ ਦਾ ਲਾਹਾ ਲੈਣ।