ਨਵਾਂਸ਼ਹਿਰ ਹਲਕੇ ਦੇ ਪਿੰਡਾਂ ’ਚ ਸਮਾਰਟ ਵਿਲੇਜ ਕੈਂਪੇਨ ਤਹਿਤ 40 ਕਰੋੜ ਤੋਂ ਵਧੇਰੇ ਦੇ ਵਿਕਾਸ ਕਾਰਜਾਂ ਦੀ ਤਜ਼ਵੀਜ਼ ਸਰਕਾਰ ਨੂੰ ਭੇਜੀ-ਐਮ ਐਲ ਏ ਅੰਗਦ ਸਿੰਘ
ਸੋਇਟਾ ਵਿਖੇ 12 ਲੱਖ ਦੀ ਲਾਗਤ ਨਾਲ ਸੇਮ ਖਾਲੇ ਤੱਕ ਸੀਵਰੇਜ ਪਾਉਣ ਤੇ ਸੜ੍ਹਕ ਬਣਾਉਣ ਦੀ ਸ਼ੁਰੂਆਤ
ਨਿਊਜ਼ ਪੰਜਾਬ
ਨਵਾਂਸ਼ਹਿਰ, 28 ਮਈ- ਵਿਧਾਇਕ ਅੰਗਦ ਸਿੰਘ ਨੇ ਅੱਜ ਇੱਥੇ ਦੱਸਿਆ ਕਿ ਨਵਾਂਸ਼ਹਿਰ ਹਲਕੇ ਦੇ ਸਮੁੱਚੇ 132 ਪਿੰਡਾਂ ’ਚ ਸਮਾਰਟ ਵਿਲੇਜ ਤਹਿਤ ਸਰਬਪੱਖੀ ਵਿਕਾਸ ਦੀ ਯੋਜਨਾ ਉਲੀਕੀ ਗਈ ਹੈ, ਜਿਸ ਤਹਿਤ ਹੋਣ ਵਾਲੇ 40 ਕਰੋੜ ਰੁਪਏ ਤੋਂ ਵਧੇਰੇ ਦੇ ਵਿਕਾਸ ਕਾਰਜਾਂ ਦੇ ਅਨੁਮਾਨ ਤਿਆਰ ਕਰਕੇ ਸਰਕਾਰ ਨੂੰ ਭੇਜੇ ਗਏ ਹਨ।
ਅੱਜ ਪਿੰਡ ਸੋਇਟਾ ਵਿਖੇ 12 ਲੱਖ ਦੀ ਲਾਗਤ ਨਾਲ ਸੇਮ ਖਾਲੇ ਤੱਕ ਸੀਵਰੇਜ ਪਾਉਣ ਅਤੇ ਸੜ੍ਹਕ ਬਣਾਉਣ ਦੇ ਪ੍ਰਾਜੈਕਟ ਦੀ ਸ਼ੁਰੂਆਤ ਕਰਦਿਆਂ ਐਮ ਐਲ ਏ ਅੰਗਦ ਸਿੰਘ ਨੇ ਦੱਸਿਆ ਕਿ ਨਵਾਂਸ਼ਹਿਰ ਤੇ ਰਾਹੋਂ ਸ਼ਹਿਰਾਂ ਲਈ 10.10 ਕਰੋੜ ਰੁਪਏ ਦੇ ਵਿਕਾਸ ਪ੍ਰਾਜੈਕਟਾਂ ਤੋਂ ਬਾਅਦ ਹੁਣ ਪਿੰਡਾਂ ਦੇ ਵਿਕਾਸ ਲਈ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸ੍ਰੀ ਤਿ੍ਰਪਤ ਰਜਿੰਦਰ ਸਿੰਘ ਬਾਜਵਾ ਵੱਲੋਂ ਵਿਸ਼ੇਸ਼ ਗਰਾਂਟ ਦਿੱਤੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਕੰਮ ਆਪਣੇ ਹਲਕੇ ਦੇ ਲੋਕਾਂ ਦੀਆਂ ਵਿਕਾਸ ਸਬੰਧਤ ਨਾਲ ਸਬੰਧਤ ਯੋਜਨਾਵਾਂ ਨੂੰ ਅਮਲੀ ਰੂਪ ਦੇਣ ਦਾ ਹੈ, ਜਿਸ ਨੂੰ ਉਹ ਪੂਰੀ ਤਨਦੇਹੀ ਨਾਲ ਨਿਭਾ ਰਹੇ ਹਨ।
ਐਮ ਐਲ ਏ ਅੰਗਦ ਸਿੰਘ ਅਨੁਸਾਰ ਸਮਾਰਟ ਵਿਲੇਜ ਕੈਂਪੇਨ ਤਹਿਤ ਸੋਲਰ ਲਾਈਟਾਂ, ਸਾਲਿਡ ਵੇਸਟ ਮੈਨੇਜਮੈਂਟ, ਰੇਨ ਵਾਟਰ ਹਾਰਵੈਸਟਿੰਗ ਪ੍ਰਾਜੈਕਟ, ਸੀਵਰੇਜ ਤੇ ਛੱਪੜਾਂ ਦਾ ਸੁੰਦਰੀਕਰਣ, ਗਲੀਆਂ-ਨਾਲੀਆਂ, ਸੀ ਸੀ ਟੀ ਵੀ ਕੈਮਰੇ ਆਦਿ ਬਹੁਤ ਸਾਰੇ ਕੰਮ ਨੇਪਰੇ ਚਾੜ੍ਹੇ ਜਾਣਗੇ ਅਤੇ ਪਿੰਡਾਂ ਨੂੰ ਆਦਰਸ਼ ਰੂਪ ਦਿੱਤਾ ਜਾਵੇਗਾ।
ਇਸ ਮੌਕੇ ਉਨ੍ਹਾਂ ਦੇ ਨਾਲ ਰਾਣਾ ਕੁਲਦੀਪ ਸਿੰਘ ਜਾਡਲਾ, ਮਾਰਕੀਟ ਕਮੇਟੀ ਨਵਾਂਸ਼ਹਿਰ ਦੇ ਚੇਅਰਮੈਨ ਚਮਨ ਸਿੰਘ ਭਾਨਮਜਾਰਾ, ਬੀ ਡੀ ਪੀ ਓ ਨਵਾਂਸ਼ਹਿਰ ਰਾਜੇਸ਼ ਚੱਢਾ, ਸਰਪੰਚ ਜੋਗਿੰਦਰ ਸਿੰਘ ਤੇ ਸਮੂਹ ਪੰਚਾਇਤ ਪਿੰਡ ਸੋਇਟਾ ਤੇ ਹੋਰ ਪਤਵੰਤੇ ਮੌਜੂਦ ਸਨ।