ਪਹਿਲਾ ਸਾਬਤ-ਸੂਰਤ ਸਿੱਖ ਫੁੱਟਬਾਲ ਕੱਪ ਖਾਲਸੇ ਦੇ ਸੁਚੱਜੇ ਜੀਵਨ ਜਾਚ ਦੇ ਸੁਨੇਹੇ ਨਾਲ ਸਮਾਪਤ
ਚੰਡੀਗੜ੍ਹ, 8 ਫਰਵਰੀ (ਗੁਰਪ੍ਰੀਤ ਸਿੰਘ ) : ਪਹਿਲੇ ਸਾਬਤ-ਸੂਰਤ ਸਿੱਖ ਫੁਟਬਾਲ ਕੱਪ ਦੀ ਸਮਾਪਤੀ ਅੱਜ ਇੱਥੇ ਸੈਕਟਰ 42 ਦੇ ਫੁੱਟਬਾਲ ਸਟੇਡੀਅਮ ਵਿਖੇ ਖੇਡੇ ਗਏ ਜ਼ਬਰਦਸਤ ਫਸਵੇਂ ਫਾਈਨਲ ਨਾਲ ਹੋਈ ਜਿਸ ਵਿਚ ਖਾਲਸਾ ਐਫਸੀ ਜਲੰਧਰ ਦੀ ਟੀਮ ਨੇ ਖਾਲਸਾ ਐਫ.ਸੀ ਗੁਰਦਾਸਪੁਰ ਨੂੰ 2-1 ਗੋਲਾਂ ਨਾਲ ਨਾਲ ਹਰਾਕੇ ਖਿਤਾਬੀ ਜਿੱਤ ਪ੍ਰਾਪਤ ਕੀਤੀ।
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਸ ਇਤਿਹਾਸਕ ਪਹਿਲਕਦਮੀ ਦਾ ਉਦੇਸ਼ ਦੇਸ਼ ਵਿੱਚ ਸ਼ਾਨਾਮੱਤੇ ਸਿੱਖ ਖੇਡ ਸੱਭਿਆਚਾਰ ਅਤੇ ਯੋਗਦਾਨ ਨੂੰ ਮੁੜ੍ਹ ਪ੍ਰਾਪਤ ਕਰਨ ਦੇ ਉਦੇਸ਼ ਨਾਲ ਕੀਤਾ ਗਿਆ ਹੈ ਜੋ ਖਾਲਸਾ ਫੁੱਟਬਾਲ ਕਲੱਬ (ਖਾਲਸਾ ਐਫਸੀ) ਅਤੇ ਗਲੋਬਲ ਸਿੱਖ ਸਪੋਰਟਸ ਫੈਡਰੇਸ਼ਨ ਵੱਲੋਂ ਸਾਂਝੇ ਤੌਰ ‘ਤੇ ਕੀਤਾ ਗਿਆ। ਇਹ ਨਿਵੇਕਲਾ ਸਿੱਖ ਟੂਰਨਾਮੈਂਟ ਖਾਲਸੇ ਦੇ ਜੀਵਨ ਢੰਗ ਨੂੰ ਉਭਾਰਨ ਬਾਰੇ ਗੁਰੂ ਸਾਹਿਬਾਨ ਦੁਆਰਾ ਪ੍ਰਚਾਰੇ ਉਸ ਸੰਦੇਸ਼ ਨੂੰ ਦੁਨੀਆਂ ਵਿੱਚ ਫੈਲਾਉਣ ਵਿਚ ਪੂਰਾ ਸਫਲ ਹੋਇਆ ਹੈ ਜੋ ਸਮੁੱਚੀ ਮਨੁੱਖਤਾ ਦੀ ਬਿਹਤਰੀ ਲਈ ਹੈ। 30 ਜਨਵਰੀ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਸੁਰੂ ਹੋਏ ਇਸ ਟੂਰਨਾਮੈਂਟ ਵਿਚ ਪੰਜਾਬ ਦੇ 22 ਜਿਲਿਆਂ ਦੀਆਂ ਟੀਮਾਂ ਅਤੇ ਚੰਡੀਗੜ੍ਹ ਦੀ ਟੀਮ ਸਮੇਤ ਕੁੱਲ 23 ਟੀਮਾਂ ਵਿਚਾਲੇ ਸਖਤ ਮੁਕਾਬਲੇ ਦੇਖਣ ਨੂੰ ਮਿਲੇ।
ਅੱਜ ਦੇ ਫਾਈਨਲ ਮੁਕਾਬਲੇ ਵਿੱਚ ਖਾਲਸਾ ਐਫਸੀ ਗੁਰਦਾਸਪੁਰ ਵੱਲੋਂ 27 ਵੇਂ ਮਿੰਟ ਵਿਚ ਪਹਿਲਾ ਗੋਲ ਕਰਨ ਪਿੱਛੋਂ ਜਲੰਧਰ ਨੇ 45 ਵੇਂ ਮਿੰਟ ਵਿਚ ਬਰਾਬਰੀ ਕਰ ਲਈ। ਅੱਧੇ ਸਮੇਂ ਦੌਰਾਨ ਦੋਵੇਂ ਟੀਮਾਂ 1-1 ਨਾਲ ਬਰਾਬਰੀ ‘ਤੇ ਰਹੀਆਂ ਅਤੇ ਸੈਂਕੜੇ ਦਰਸ਼ਕ ਦੂਜੇ ਅੱਧ ‘ਚ ਹੋਰ ਜਿਆਦਾ ਗੋਲਾਂ ਦੀ ਉਮੀਦ ਲਾ ਕੇ ਬੈਠੇ ਰਹੇ।
ਆਖਰੀ ਅੱਧ ਵਿਚ ਦੋਹਾਂ ਟੀਮਾਂ ਦੇ ਤਾਬੜ-ਤੋੜ ਹਮਲੇ ਹੋਏ। ਜਲੰਧਰ ਨੇ 52 ਵੇਂ ਮਿੰਟ ਵਿਚ ਇਕ ਹੋਰ ਗੋਲ ਕਰਕੇ ਅਜੇਤੂ ਬੜ੍ਹਤ 2-1 ਕਰ ਦਿੱਤੀ। ਉਧਰ ਆਖਰੀ 90ਵੇਂ ਮਿੰਟ ਵਿੱਚ ਜਲੰਧਰ ਨੇ ਇਕ ਹੋਰ ਗੋਲ ਕਰਕੇ ਕੁੱਲ ਸਕੋਰ 3-1 ਨਾਲ ਜਿੱਤ ਦਾ ਝੰਡਾ ਗੱਢ ਦਿੱਤਾ। ਜੇਤੂ ਖਾਲਸਾ ਐਫਸੀ ਜਲੰਧਰ ਨੂੰ ਟਰਾਫੀ ਅਤੇ ਪੰਜ ਲੱਖ ਰੁਪਏ ਦੇ ਨਕਦ ਇਨਾਮ ਜਦਕਿ ਉਪ ਜੇਤੂ ਐਫ.ਸੀ. ਗੁਰਦਾਸਪੁਰ ਨੂੰ ਟਰਾਫੀ ਤੇ ਤਿੰਨ ਲੱਖ ਰੁਪਏ ਨਾਲ ਸਨਮਾਨਿਤ ਕੀਤਾ।
ਟੂਰਨਾਮੈਂਟ ਦੀ ਸ਼ੁਰੂਆਤ ਤੋਂ ਪਹਿਲਾਂ ਬੋਲਦਿਆਂ ਖਾਲਸਾ ਐਫ.ਸੀઠ ਦੇ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਨੇ ਦੱਸਿਆ ਕਿ ਸਾਬਤ-ਸੂਰਤ ਲੜਕੀਆਂ ਵੀ ਅਗਲੇ ਸਲ ਤੋਂ ਇਸ ਟੂਰਨਾਮੈਂਟ ਦਾ ਹਿੱਸਾ ਹੋਣਗੀਆਂ। ਉਨਾਂ ਕਿਹਾ ਕਿ ਸਾਬਤ-ਸੂਰਤ ਬੱਚਿਆਂ ਦਾ ਟੂਰਨਾਮੈਂਟ ਕਰਵਾਉਣ ਦਾ ਉਦੇਸ਼ ਸਿੱਖਾਂ ਦੀ ਅਸਲ ਪਛਾਣ ਨੂੰ ਉਜਾਗਰ ਕਰਨਾ ਹੈ ਕਿਉਂਕਿ ਕੁੱਝ ਦੇਸ਼ਾਂ ਵਿਚ ਸਿੱਖਾਂ ‘ਤੇ ਗਲਤ ਪਛਾਣ ਸਦਕਾ ਹੁੰਦੇ ਨਸਲੀ ਹਮਲੇ ਹੁੰਦੇ ਆਏ ਹਨ। ਗਰੇਵਾਲ ਨੇ ਇਹ ਵੀ ਕਿਹਾ ਕਿ ਇਹ ਟੂਰਨਾਮੈਂਟ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਦੀ ਅਲਾਮਤ ਅਤੇ ਖੇਡਾਂ ਵਿੱਚ ਡੋਪਿੰਗ ਵਰਗੀ ਸਮੱਸਿਆ ਦੂਰ ਕਰਨ ਵਿੱਚ ਵੀ ਇਕ ਵੱਡੀ ਤਾਕਤ ਵਜੋਂ ਕੰਮ ਕਰੇਗਾ।
ਇਸ ਮੌਕੇ ਸੰਤ ਬਾਬਾ ਅਵਤਾਰ ਸਿੰਘ ਰੂਪਨਗਰ, ਸੰਤ ਬਾਬਾ ਦਿਲਾਵਰ ਸਿੰਘ ਬ੍ਰਹਮਜੀ, ਸੰਤ ਬਾਬਾ ਗੁਰਦੇਵ ਸਿੰਘ ਨਾਨਕਸਰ ਅਤੇ ਸੰਤ ਬਾਬਾ ਕਪੂਰ ਸਿੰਘ ਸਨੇਰਾਂ ਨੇ ਸੰਬੋਧਨ ਕਰਦਿਆਂ ਖਿਡਾਰੀਆਂ ਨੂੰ ਖੇਡਾਂ ਖੇਡਦਿਆਂ ਰੂਹਾਨੀ ਕਦਰਾਂ-ਕੀਮਤਾਂ ਦੇ ਧਾਰਨੀ ਬਣਨ ਅਤੇ ਸਾਬਤ ਸੂਰਤ ਬਣਨ ਲਈ ਆਖਿਆ।
ਏਡੀਜੀਪੀ ਅਮਰਦੀ ਸਿੰਘ ਰਾਏ ਨੇ ਵਿਸਵਾਸ਼ ਪ੍ਰਗਟਾਇਆ ਕਿ ਅਜਿਹੇ ਸਾਬਤ ਸੂਰਤ ਟੂਰਨਾਮੈਂਟਾਂ ਸਦਕਾ ਨੌਜਵਾਨਾਂ ਵਿੱਚ ਖੇਡ ਸੱਭਿਆਚਾਰ ਨੂੰ ਮੁੜ੍ਹ ਸੁਰਜੀਤ ਕੀਤਾ ਜਾ ਸਕੇਗਾ। ਉਨ੍ਹਾਂ ਕਿਹਾ ਕਿ ਅਜਿਹੇ ਉਦਮ ਨਾਲ ਆਪਣੀਆਂ ਕੌਮੀ ਟੀਮਾਂ ਵਿੱਚ ਸਿੱਖ ਖਿਡਾਰੀ ਸ਼ਾਨਦਾਰ ਭੂਮਿਕਾ ਨਿਭਾਉਣਗੇ। ਉਨ੍ਹਾਂ ਕਿਹਾ ਕਿ ਬੀਤੇ ਸਮਿਆਂ ਵਿੱਚ ਬਹੁਤ ਸਾਰੇ ਸਿੱਖ ਦੇਸ਼ ਲਈ ਕੌਮਾਂਤਰੀ ਪੱਧਰ ‘ਤੇ ਨਾਮਣਾ ਖੱਟ ਚੁੱਕੇ ਹਨ ਅਤੇ ਅਸੀਂ ਇਕ ਵਾਰ ਫਿਰ ਸਾਬਤ-ਸੂਰਤ ਖਿਡਾਰੀ ਟੀਮਾਂ ਵਿੱਚ ਭਾਗ ਲੈਂਦੇ ਦੇਖ ਰਹੇ ਹਾਂ।
ਡਾਇਰੈਕਟਰ ਖੇਡਾਂ ਚੰਡੀਗੜ ਤੇਜਦੀਪ ਸਿੰਘ ਨੇ ਖਾਲਸਾ ਐਫ.ਸੀ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਖਿਡਾਰੀਆਂ ਲਈ ਹਰ ਤਰਾਂ ਦੀ ਮੱਦਦ ਦਾ ਭਰੋਸਾ ਦਿੱਤਾ। ਉਨਾਂ ਕਿਹਾ ਸਾਬਤ-ਸੂਰਤ ਟੀਮਾਂ ਨਿਸ਼ਚਤ ਤੌਰ ‘ਤੇ ਖੇਡਾਂ ਵਿੱਚ ਡੋਪਿੰਗ ਸਬੰਧੀ ਸਮੱਸਿਆਵਾਂ ਦੇ ਖਾਤਮੇ ਲਈ ਰਾਹ ਪੱਧਰਾ ਕਰਨਗੀਆਂ।
ਸ੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਦੇ ਜੂਨੀਅਰ ਮੀਤ ਪ੍ਰਧਾਨ ਗੁਰਬਖਸ਼ ਸਿੰਘ ਖਾਲਸਾ ਨੇ ਪ੍ਰਬੰਧਕਾਂ ਨੂੰ ਇਸ ਮਹੱਤਵਪੂਰਨ ਕਦਮ ਲਈ ਵਧਾਈ ਦਿੰਦਿਆਂ ਭਵਿੱਖ ਵਿੱਚ ਅਜਿਹੇ ਮੁਕਾਬਲਿਆਂ ਵਿੱਚ ਐਸਜੀਪੀਸੀ ਵੱਲੋਂ ਸਹਿਯੋਗ ਦਾ ਭਰੋਸਾ ਦਿੱਤਾ। ਚੰਡੀਗੜ੍ਹ ਦੇ ਸਾਬਕਾ ਡਿਪਟੀ ਮੇਅਰ ਹਰਦੀਪ ਸਿੰਘ ਬੁਟਰੇਲਾ ਨੇ ਕਿਹਾ ਕਿ ਖਾਲਸਾ ਫੁੱਟਬਾਲ ਕਲੱਬ ਦੇ ਸਹਿਯੋਗ ਅਤੇ ਚੰਡੀਗੜ੍ਹ ਦੀਆਂ ਸੰਗਤਾਂ ਦੀ ਮੱਦਦ ਨਾਲ ਚੰਡੀਗੜ੍ਹ ਵਿੱਚ ਵੀ ਸਿੱਖ ਫੁੱਟਬਾਲ ਕੱਪ ਕਬਵਾਇਆ ਜਾਵੇਗਾ।
ਇਸ ਮੌਕੇ ਵਿਸ਼ਵ ਪ੍ਰਸਿੱਧ ਅਥਲੀਟ ਮਾਨ ਕੌਰ ਨੂੰ ਉਨਾਂ ਦੇ ਐਥਲੈਟਿਕ ਪ੍ਰਦਰਸ਼ਨਾਂ ਲਈ ਸਨਮਾਨਿਤ ਕੀਤਾ ਗਿਆ। ਉਨਾਂ ਨੇ ਇਸ ਟੂਰਨਾਮੈਂਟ ਨੂੰ ਖੇਡਾਂ ਦੇ ਖੇਤਰ ਵਿੱਚ ਨਵਾਂ ਅਧਿਆਇ ਦੱਸਿਆ। ਉਨਾਂ ਇਹ ਵੀ ਕਿਹਾ ਕਿ ਇਹ ਵਿਲੱਖਣ ਖੇਡ ਮੇਲਾ ਸਿੱਖ ਸੱਭਿਆਚਾਰਕ ਕਦਰਾਂ-ਕੀਮਤਾਂ ਨੂੰ ਉਤਸ਼ਾਹਤ ਕਰਨ ਦੇ ਨਾਲ ਵਿਸ਼ਵ ਭਰ ਵਿੱਚ ਸਿੱਖ ਭਾਵਨਾ ਨੂੰ ਹੋਰ ਉਜਾਗਰ ਕਰਨ ਵਿੱਚ ਸਹਾਈ ਹੋਵੇਗਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਪੀਪੀਐਸਸੀ ਦੇ ਸਾਬਕਾ ਮੈਂਬਰ ਸੁਖਵੰਤ ਸਿੰਘ ਸਰਾਓ, ਚੰਡੀਗੜ੍ਹ ਦੇ ਸਾਬਕਾ ਡਿਪਟੀ ਮੇਅਰ ਹਰਦੀਪ ਸਿੰਘ ਬੁਟਰੇਲਾ, ਅਰਜੁਨਾ ਐਵਾਰਡੀ ਗੁਰਦੇਵ ਸਿੰਘ ਗਿੱਲ, ਅਮਰੀਕ ਸਿੰਘ ਸਿੱਧੂ ਯੂਕੇ, ਸੀਨੀਅਰ ਮੀਤ ਪ੍ਰਧਾਨ ਬਲਵਿੰਦਰ ਸਿੰਘ ਜੌੜਾ ਸਿੰਘਾ, ਉਪ ਪ੍ਰਧਾਨ ਅਮਨਜੀਤ ਸਿੰਘ ਅਤੇ ਮਨਜੀਤ ਸਿੰਘ ਖਾਲਸਾ, ਕੰਵਰ ਹਰਬੀਰ ਸਿੰਘ ਢੀਂਡਸਾ, ਸਕੱਤਰ ਜਨਰਲ ਡਾ. ਪ੍ਰੀਤਮ ਸਿੰਘ, ਜੁਆਇੰਟ ਸਕੱਤਰ ਮਨਜੀਤ ਸਿੰਘ ਕੋਚ, ਪ੍ਰੋ: ਪਰਮਪ੍ਰੀਤ ਕੈਂਡੋਵਾਲ, ਸੁਰਜੀਤ ਸਿੰਘ ਬੈਂਸ, ਹਰਪ੍ਰੀਤ ਸਿੰਘ ਸਰਾਓ ਅਤੇ ਹਰਸ਼ਵੀਰ ਸਿੰਘ ਗਰੇਵਾਲ, ਮਾਝਾ ਜੋਨ ਦੇ ਕੋਆਰਡੀਨੇਟਰ ਹਰਜੀਤ ਸਿੰਘ ਖਾਲਸਾ, ਸਕੱਤਰ ਹਰਜਿੰਦਰ ਕੁਮਾਰ, ਵਿੱਤ ਸਕੱਤਰ ਬਲਜੀਤ ਸਿੰਘ, ਜੈਤਸ਼ਾਹੂਦੀਪ ਸਿੰਘ ਗਰੇਵਾਲ, ਕਾਰਜਕਾਰੀ ਮੈਂਬਰ ਇੰਦਰਜੀਤ ਸਿੰਘ ਸੰਧੂ, ਜਸਵੰਤ ਸਿੰਘ ਜੱਸਾ, ਪਰਮਜੀਤ ਸਿੰਘ, ਅੰਮ੍ਰਿਤਪਾਲ ਸਿੰਘ, ਮਾਸਟਰ ਗੁਰਚਰਨ ਸਿੰਘ, ਪੰਜਾਬ ਫੁੱਟਬਾਲ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਅਮਰਜੀਤ ਸਿੰਘ ਕੋਹਲੀ, ਸਾਧੂ ਸਿੰਘ ਪ੍ਰਧਾਨ ਗੁਰਦਵਾਰਾ ਸੈਕਟਰ 34, ਗੋਬਿੰਦਰ ਸਿੰਘ ਡੀਪੀਈ, ਬਲਬੀਰ ਸਿੰਘ ਚਾਵਲਾ, ਜਗਮੀਤ ਸਿੰਘ ਭੋਲਾ, ਅਮਰਜੋਤ ਸਿੰਘ ਬਰਾੜ, ਰਣਜੀਤ ਸਿੰਘ, ਮਨਜਿੰਦਰ ਸਿੰਘ ਕੋਚ, ਭੁਪਿੰਦਰ ਸਿੰਘ ਮੁੰਡੀ ਖਰੜ, ਬੀਬੀ ਬਲਵਿੰਦਰ ਕੌਰ, ਸ਼ੋਸ਼ਲ ਮੀਡੀਆ ਇੰਚਾਰਜ ਪ੍ਰਭਮੀਤ ਸਿੰਘ ਅਤੇ ਵਰੁਣ ਭਾਰਦਵਾਜ ਸ਼ਾਮਲ ਸਨ।