ਉੱਤਰਾਖੰਡ ਦੇ ਉਤਰਾਕਾਸ਼ੀ’ਚ ਬੱਦਲ ਫਟਣ ਨਾਲ ਭਾਰੀ ਤਬਾਹੀ;4 ਲੋਕਾਂ ਦੀ ਮੌਤ 100 ਤੋਂ ਵੱਧ ਲਾਪਤਾ,ਪ੍ਰਸ਼ਾਸਨ ਵੱਲੋਂ ਰੈਸਕਿਊ ਆਪਰੇਸ਼ਨ ਜਾਰੀ

ਨਿਊਜ਼ ਪੰਜਾਬ

6 ਅਗਸਤ 2025

ਉੱਤਰਾਖੰਡ ਦੇ ਉਤਰਕਾਸ਼ੀ ਵਿੱਚ ਬੱਦਲ ਫਟਣ ਕਾਰਨ ਇੱਕ ਵੱਡਾ ਹਾਦਸਾ ਵਾਪਰਿਆ ਹੈ। ਮੰਗਲਵਾਰ ਨੂੰ ਗੰਗੋਤਰੀ ਧਾਮ ਅਤੇ ਮੁਖਵਾ ਦੇ ਨੇੜੇ ਸਥਿਤ ਧਾਰਲੀ ਪਿੰਡ ਵਿੱਚ ਬੱਦਲ ਫਟਣ ਕਾਰਨ ਇੱਕ ਨਾਲਾ ਓਵਰਫਲੋ ਹੋ ਗਿਆ। ਨਾਲੇ ਦਾ ਪਾਣੀ ਪਹਾੜੀ ਤੋਂ ਹੇਠਲੇ ਇਲਾਕਿਆਂ ਵੱਲ ਬਹੁਤ ਤੇਜ਼ੀ ਨਾਲ ਵਗਦਾ ਆਇਆ, ਜਿਸ ਕਾਰਨ ਕਈ ਘਰ ਪੂਰੀ ਤਰ੍ਹਾਂ ਤਬਾਹ ਹੋ ਗਏ ਹਨ।

ਉੱਤਰਕਾਸ਼ੀ ਦੇ ਡੀਐਮ ਪ੍ਰਸ਼ਾਂਤ ਆਰੀਆ ਨੇ ਕਿਹਾ ਕਿ ਹੁਣ ਤੱਕ ਇਸ ਹਾਦਸੇ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ ਹੈ ਅਤੇ ਸੰਪਤੀ ਨੂੰ ਕਾਫ਼ੀ ਨੁਕਸਾਨ ਹੋਇਆ ਹੈ। ਬੱਦਲ ਫਟਣ ਤੋਂ ਬਾਅਦ ਇਲਾਕੇ ਵਿੱਚ 100 ਲੋਕਾਂ ਦੇ ਲਾਪਤਾ ਹੋਣ ਦੀ ਖ਼ਬਰ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਉਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਧਾਮੀ ਨਾਲ ਉਤਰਾਖੰਡ ਜ਼ਮੀਨ ਖਿਸਕਣ ਹਾਦਸੇ ਬਾਰੇ ਗੱਲ ਕੀਤੀ ਹੈ। ਕੇਂਦਰ ਸਰਕਾਰ ਨੇ ਰਾਜ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਹੈ। NDRF ਅਤੇ ITBP ਟੀਮਾਂ ਨੂੰ ਪਹਿਲਾਂ ਹੀ ਬਚਾਅ ਕਾਰਜਾਂ ਲਈ ਹਾਦਸੇ ਵਾਲੀ ਥਾਂ ‘ਤੇ ਭੇਜਿਆ ਜਾ ਚੁੱਕਾ ਹੈ।ਬੱਦਲ ਫਟਣ ਤੋਂ ਬਾਅਦ ਨਾਲੇ ਵਿੱਚ ਪਾਣੀ ਓਵਰਫਲੋ ਹੋਣ ਕਾਰਨ ਪੂਰੇ ਇਲਾਕੇ ਵਿੱਚ ਦਹਿਸ਼ਤ ਫੈਲ ਗਈ, ਹੁਣ ਇਲਾਕੇ ਵਿੱਚ ਰਾਹਤ ਅਤੇ ਬਚਾਅ ਕਾਰਜ ਜਾਰੀ ਹੈ।