ਨਿਊਜ਼ ਪੰਜਾਬ
30 ਜੁਲਾਈ 2025
ਰੂਸ ਦੇ ਕਾਮਚਟਕਾ ਵਿੱਚ ਬੁੱਧਵਾਰ (30 ਜੁਲਾਈ) ਨੂੰ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ‘ਤੇ 8.7 ਮਾਪੀ ਗਈ। ਅਮਰੀਕੀ ਭੂ-ਵਿਗਿਆਨਕ ਸਰਵੇਖਣ ਅਨੁਸਾਰ ਭੂਚਾਲ ਸਮੁੰਦਰ ਦੇ ਹੇਠਾਂ ਆਇਆ, ਜਿਸ ਤੋਂ ਬਾਅਦ ਸੁਨਾਮੀ ਦਾ ਖ਼ਤਰਾ ਹੈ। ਅਮਰੀਕਾ ਅਤੇ ਜਾਪਾਨ ਵਿੱਚ ਵੀ ਸੁਨਾਮੀ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਫਿਲਹਾਲ ਭੂਚਾਲ ਕਾਰਨ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਦੀ ਕੋਈ ਜਾਣਕਾਰੀ ਨਹੀਂ ਹੈ।
ਰਿਪੋਰਟ ਦੇ ਅਨੁਸਾਰ, ਜਾਪਾਨ ਮੌਸਮ ਵਿਗਿਆਨ ਏਜੰਸੀ ਨੇ ਕਿਹਾ ਕਿ ਲਗਭਗ 1 ਮੀਟਰ ਉੱਚੀਆਂ ਲਹਿਰਾਂ ਜਾਪਾਨ ਦੇ ਤੱਟਵਰਤੀ ਖੇਤਰਾਂ ਤੱਕ ਪਹੁੰਚ ਸਕਦੀਆਂ ਹਨ। ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿਗੇਰੂ ਇਸ਼ੀਬਾ ਨੂੰ ਮੌਜੂਦਾ ਸਥਿਤੀ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ। ਸਰਕਾਰ ਨੇ ਇੱਕ ਐਮਰਜੈਂਸੀ ਮੀਟਿੰਗ ਵੀ ਬੁਲਾਈ ਹੈ, ਜਿਸ ਵਿੱਚ ਰਾਹਤ ਅਤੇ ਬਚਾਅ ਕਾਰਜਾਂ ‘ਤੇ ਚਰਚਾ ਕੀਤੀ ਗਈ। ਇਸ ਦੀਆਂ ਤਿਆਰੀਆਂ ਵੀ ਦੇਸ਼ ਵਿੱਚ ਸ਼ੁਰੂ ਹੋ ਗਈਆ ਹਨ।
ਅਮਰੀਕੀ ਸੁਨਾਮੀ ਚੇਤਾਵਨੀ ਕੇਂਦਰ ਨੇ ਵੀ ਕਈ ਇਲਾਕਿਆਂ ਵਿੱਚ ਸੁਨਾਮੀ ਦੀ ਚੇਤਾਵਨੀ ਜਾਰੀ ਕੀਤੀ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਅਗਲੇ ਤਿੰਨ ਘੰਟਿਆਂ ਵਿੱਚ ਰੂਸ ਅਤੇ ਜਾਪਾਨ ਦੇ ਕੁਝ ਹਿੱਸਿਆਂ ਵਿੱਚ ਖ਼ਤਰਨਾਕ ਸੁਨਾਮੀ ਲਹਿਰਾਂ ਆ ਸਕਦੀਆਂ ਹਨ। ਫਿਲੀਪੀਨਜ਼, ਮਾਰਸ਼ਲ ਆਈਲੈਂਡਜ਼, ਪਲਾਊ ਅਤੇ ਹੋਰ ਟਾਪੂਆਂ ਤੱਕ ਹਲਕੀਆਂ ਲਹਿਰਾਂ ਪਹੁੰਚਣ ਦਾ ਵੀ ਖ਼ਤਰਾ ਹੈ।
