ਨਿਊਜ਼ ਪੰਜਾਬ
ਮੁਹਾਲੀ, 6 ਜੁਲਾਈ – ਮੁਹਾਲੀ ਅਦਾਲਤ ਵੱਲੋਂ ਬਿਕਰਮ ਮਜੀਠੀਆ ਨੂੰ ਜੁਡੀਸ਼ੀਅਲ ਰਿਮਾਂਡ ‘ਤੇ ਭੇਜਿਆ ਗਿਆ ਹੈ। ਅਦਾਲਤ ਨੇ ਅਕਾਲੀ ਆਗੂ ਦਾ 14 ਦਿਨਾ ਜੁਡੀਸ਼ੀਅਲ ਰਿਮਾਂਡ ਦਿੱਤਾ ਹੈ। ਮਜੀਠੀਆ ਨੂੰ ਨਿਊ ਨਾਭਾ ਜੇਲ੍ਹ ਭੇਜਿਆ ਗਿਆ ਹੈ। ਵਿਜੀਲੈਂਸ ਬਿਊਰੋ ਨੇ ਮਜੀਠੀਆ ਨੂੰ 25 ਜੂਨ ਨੂੰ ਇੱਕ ਮਾਮਲੇ ਵਿੱਚ ਉਨ੍ਹਾਂ ਦੇ ਘਰ ਤੋਂ ਗ੍ਰਿਫ਼ਤਾਰ ਕੀਤਾ ਸੀ। ਉਨ੍ਹਾਂ ਨੂੰ ਅਗਲੇ ਦਿਨ ਮੁਹਾਲੀ ਲਿਆਂਦਾ ਗਿਆ ਸੀ। ਅਦਾਲਤ ਨੇ ਪਹਿਲਾਂ ਉਨ੍ਹਾਂ ਨੂੰ ਸੱਤ ਦਿਨਾਂ ਦੇ ਰਿਮਾਂਡ ‘ਤੇ ਭੇਜਿਆ ਸੀ, ਜਿਸ ਨੂੰ ਫਿਰ ਚਾਰ ਦਿਨ ਵਧਾ ਦਿੱਤਾ ਗਿਆ ਸੀ। ਪੁਲੀਸ ਨੇ ਅੱਜ ਐਤਵਾਰ ਹੋਣ ਦੇ ਬਾਵਜੂਦ ਭਾਰੀ ਪੁਲੀਸ ਬਲ ਤਾਇਨਾਤ ਕੀਤੇ ਤੇ ਸਵੇਰ ਤੋਂ ਹੀ ਅਦਾਲਤੀ ਕੰਪਲੈਕਸ ਵਿੱਚ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ ।
ਹੁਣ ਮਾਮਲੇ ਦੀ ਅਗਲੀ ਸੁਣਵਾਈ 19 ਜੁਲਾਈ ਨੂੰ ਹੋਵੇਗੀ। ਇਸ ਦੌਰਾਨ ਮਜੀਠੀਆ ਦੀ ਗ੍ਰਿਫ਼ਤਾਰੀ ਤੋਂ ਗੁੱਸੇ ਵਿੱਚ ਆਏ ਅਕਾਲੀ ਵਰਕਰ ਵੀ ਮੋਹਾਲੀ ਅਦਾਲਤ ਦੇ ਬਾਹਰ ਪਹੁੰਚ ਗਏ। ਵੱਡੀ ਗਿਣਤੀ ਵਿੱਚ ਪਹੁੰਚੇ ਪਾਰਟੀ ਵਰਕਰਾਂ ਨੇ ਵਿਰੋਧ ਪ੍ਰਦਰਸ਼ਨ ਕੀਤਾ। ਮੌਕੇ ‘ਤੇ ਤਾਇਨਾਤ ਪੁਲਿਸ ਫੋਰਸ ਨੇ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ।
