ਪ੍ਰਵਾਸੀ ਮਜ਼ਦੂਰਾਂ ਦੀ ਸਹੂਲਤ ਲਈ ਨਗਰ ਨਿਗਮ ਵੱਲੋਂ ਕਾਲ ਸੈਂਟਰ ਦੀ ਸ਼ੁਰੂਆਤ – ਪੰਜਾਬ ਸਰਕਾਰ ਵੱਲੋਂ ਪ੍ਰਵਾਸੀ ਮਜ਼ਦੂਰਾਂ ਨੂੰ ਭੇਜਣ ਲਈ ਰੇਲ ਕਿਰਾਇਆ, ਭੋਜਨ, ਪਾਣੀ ਅਤੇ ਇਨ੍ਹਾਂ ਦੇ ਘਰਾਂ ਤੋਂ ਰੇਲਵੇ ਸਟੇਸ਼ਨ ਤੱਕ ਲਿਆਉਣ ਦੀ ਮੁਫ਼ਤ ਸਹੂਲਤ ਮੁਹੱਈਆ ਕਰਵਾਈ ਜਾ ਰਹੀ ਹੈ – ਕੰਵਲ ਪ੍ਰੀਤ ਕੌਰ ਬਰਾੜ
ਜ਼ੋਨ-ਏ ਵਿੱਚ ਚੱਲ ਰਹੇ ਕਾਲ ਸੈਂਟਰ ਦੀ ਕਮਿਸ਼ਨਰ ਖੁਦ ਕਰ ਰਹੇ ਨਿਗਰਾਨੀ
ਨਿਊਜ਼ ਪੰਜਾਬ
ਲੁਧਿਆਣਾ, 19 ਮਈ – ਲੌਕਡਾਊਨ ਦੇ ਚੱਲਦਿਆਂ ਪ੍ਰਵਾਸੀ ਮਜ਼ਦੂਰਾਂ ਵੱਲੋਂ ਆਪਣੇ ਸੂਬਿਆਂ ਨੂੰ ਜਾਣ ਦਾ ਦੌਰ ਚੱਲ ਰਿਹਾ ਹੈ। ਇਨ੍ਹਾਂ ਪ੍ਰਵਾਸੀਆਂ ਦੀ ਸੁਖਦ ਰਵਾਨਗੀ ਲਈ ਨਗਰ ਨਿਗਮ ਵੱਲੋਂ ਆਪਣੇ ਜ਼ੋਨ-ਏ ਦਫ਼ਤਰ ਦੇ ਮੀਟਿੰਗ ਹਾਲ ਵਿੱਚ ਇੱਕ ਕਾਲ ਸੈਂਟਰ ਸਥਾਪਤ ਕੀਤਾ ਗਿਆ ਹੈ, ਜਿੱਥੋ ਇਨ੍ਹਾਂ ਪ੍ਰਵਾਸੀ ਲੋਕਾਂ ਨੂੰ ਉਨ੍ਹਾਂ ਦੀ ਯਾਤਰਾ ਸਬੰਧੀ ਟੈਲੀਫੋਨ ‘ਤੇ ਸੂਚਿਤ ਕੀਤਾ ਜਾ ਰਿਹਾ ਹੈ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਨਗਰ ਨਿਗਮ ਦੇ ਕਮਿਸ਼ਨਰ ਸ੍ਰੀਮਤੀ ਕੰਵਲ ਪ੍ਰੀਤ ਕੌਰ ਬਰਾੜ ਨੇ ਕਿਹਾ ਕਿ ਇਸ ਕਾਲ ਸੈਂਟਰ ਵਿੱਚ ਨਗਰ ਨਿਗਮ ਦੇ 70 ਅਧਿਕਾਰੀਆਂ ਦੀ ਡਿਊਟੀ ਲਗਾਈ ਗਈ ਹੈ, ਜੋ ਕਿ ਪ੍ਰਵਾਸੀ ਮਜ਼ਦੂਰਾਂ ਨੂੰ ਫੋਨ ਰਾਹੀਂ ਉਨ੍ਹਾਂ ਦੀ ਰੇਲ ਬਾਰੇ ਜਾਣਕਾਰੀ ਦਿੰਦੇ ਹਨ। ਉਨ੍ਹਾਂ ਦੱਸਿਆ ਕਿ 20 ਮਈ ਤੋਂ ਸ਼ਹਿਰ ਲੁਧਿਆਣਾ ਤੋਂ ਪ੍ਰਤੀ ਦਿਨ 12 ਰੇਲਾਂ ਜਾਣ ਲੱਗਣਗੀਆਂ। ਹਰੇਕ ਰੇਲ ਵਿੱਚ 1200 ਪ੍ਰਵਾਸੀ ਜਾ ਸਕਣਗੇ। ਕਿਸ ਰੇਲ ਵਿੱਚ ਕਿਸ ਯਾਤਰੀ ਨੇ ਜਾਣਾ ਹੈ, ਇਸ ਬਾਰੇ ਚੋਣ ਉਨ੍ਹਾਂ ਵੱਲੋਂ ਸਰਕਾਰੀ ਪੋਰਟਲ www.covidhelp.punjab.gov.in ਕੀਤੀ ਰਜਿਸਟਰੇਸ਼ਨ ‘ਤੇ ਨਿਰਧਾਰਤ ਹੁੰਦੀ ਹੈ।
ਉਨ੍ਹਾਂ ਦੱਸਿਆ ਕਿ ਜਦੋਂ ਵਿਅਕਤੀ ਵੱਲੋਂ ਰਜਿਸਟਰੇਸ਼ਨ ਕਰਵਾ ਲਈ ਜਾਂਦੀ ਹੈ ਤਾਂ ਉਸ ਨੂੰ ਆਪਣੇ ਆਪ ਰੇਲ ਦੇ ਹਿਸਾਬ ਨਾਲ ਮੋਬਾਈਲ ‘ਤੇ ਕਾਲ ਚਲੀ ਜਾਂਦੀ ਹੈ। ਇਸ ਕਾਲ ਸੈਂਟਰ ਨਾਲ ਪ੍ਰਸਾਸ਼ਨ ਨੂੰ ਇਹ ਜਾਨਣ ਵਿੱਚ ਸੌਖ ਹੋ ਰਹੀ ਹੈ ਕਿ ਕਿੰਨੇ ਲੋਕਾਂ ਵੱਲੋਂ ਅਪਲਾਈ ਕੀਤਾ ਗਿਆ ਹੈ ਅਤੇ ਕਿੰਨੇ ਲੋਕ ਹੁਣ ਆਪਣੇ ਸੂਬੇ ਨੂੰ ਜਾਣਾ ਚਾਹੁੰਦੇ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਲੁਧਿਆਣਾ ਵਿੱਚ ਕਈ ਸਨਅਤਾਂ ਦੇ ਚੱਲਣ ਨਾਲ ਹੁਣ ਜਿਆਦਾਤਰ ਪ੍ਰਵਾਸੀ ਆਪਣੇ ਕੰਮਾਂ ‘ਤੇ ਮੁੜ ਆਏ ਹਨ। ਭਾਵੇਂ ਉਨ੍ਹਾਂ ਨੇ ਪਹਿਲਾਂ ਜਾਣ ਲਈ ਰਜਿਸਟ੍ਰੇਸ਼ਨ ਕਰਵਾਈ ਸੀ ਪਰ ਉਹ ਹੁਣ ਜਾਣਾ ਨਹੀਂ ਚਾਹੁੰਦੇ। ਯਾਤਰੀਆਂ ਦੀ ਸਹੀ ਜਾਣਕਾਰੀ ਪਤਾ ਲਗਾਉਣ ਵਿੱਚ ਇਹ ਕਾਲ ਸੈਂਟਰ ਬਹੁਤ ਲਾਹੇਵੰਦ ਸਾਬਿਤ ਹੋ ਰਿਹਾ ਹੈ।
ਸ੍ਰੀਮਤੀ ਬਰਾੜ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਇਨ੍ਹਾਂ ਪ੍ਰਵਾਸੀਆਂ ਨੂੰ ਇਨ੍ਹਾਂ ਦੇ ਸੂਬਿਆਂ ਨੂੰ ਭੇਜਣ ਲਈ ਰੇਲ ਕਿਰਾਇਆ, ਭੋਜਨ, ਪਾਣੀ ਅਤੇ ਇਨ੍ਹਾਂ ਦੇ ਘਰਾਂ ਤੋਂ ਰੇਲਵੇ ਸਟੇਸ਼ਨ ਤੱਕ ਲਿਆਉਣ ਦੀ ਮੁਫ਼ਤ ਸਹੂਲਤ ਮੁਹੱਈਆ ਕਰਵਾਈ ਜਾ ਰਹੀ ਹੈ। ਰੇਲ ਸਫ਼ਰ ਤੋਂ ਪਹਿਲਾਂ ਇਨ੍ਹਾਂ ਦੀ ਮੈਡੀਕਲ ਜਾਂਚ ਕੀਤੀ ਜਾ ਰਹੀ ਹੈ ਅਤੇ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਫਿਟਨੈੱਸ ਸਰਟੀਫਿਕੇਟ ਜਾਰੀ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਅੱਜ ਵੱਖ-ਵੱਖ ਸੂੂਬਿਆਂ ਲਈ 10 ਰੇਲਾਂ ਰਵਾਨਾ ਹੋਈਆਂ।