ਨਿਊਜ਼ ਪੰਜਾਬ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 23 ਜੂਨ 2025: ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਅਤੇ ਡੀ ਜੀ ਪੀ ਪੰਜਾਬ ਸ਼੍ਰੀ ਗੌਰਵ ਯਾਦਵ ਦੁਆਰਾ ਚਲਾਈ ਗਈ ਮੁਹਿੰਮ, ਯੁੱਧ ਨਸ਼ਿਆ ਵਿਰੁੱਧ ਤਹਿਤ ਜ਼ਿਲ੍ਹਾ ਐਸ.ਏ.ਐਸ. ਨਗਰ ਦੇ ਥਾਣਾ ਸਦਰ ਖਰੜ ਵੱਲੋ ਇੱਕ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ।
ਜ਼ਿਲ੍ਹੇ ਦੇ ਐਸ ਐਸ ਪੀ ਹਰਮਨਦੀਪ ਸਿੰਘ ਹਾਂਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਪਤਾਨ ਪੁਲਿਸ (ਦਿਹਾਤੀ) ਸ੍ਰੀ ਮਨਪ੍ਰੀਤ ਸਿੰਘ ਅਤੇ ਡੀ.ਐਸ.ਪੀ. ਖਰੜ-1 ਸ੍ਰੀ ਕਰਨ ਸਿੰਘ ਸੰਧੂ ਦੀ ਅਗਵਾਈ ਹੇਠ, ਐਸ.ਐਚ.ਓ. ਐਸ.ਆਈ. ਅਮਰਿੰਦਰ ਸਿੰਘ (ਥਾਣਾ ਸਦਰ ਖਰੜ) ਦੀ ਨਿਗਰਾਨੀ ਵਿੱਚ ਇੱਕ ਅਫਰੀਕਨ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ
ਮਿਤੀ 21 ਜੂਨ ਨੂੰ ਗੋਲਡਨ ਐਸਟੇਟ ਖਰੜ ਨੇੜੇ ਨਾਕਾਬੰਦੀ ਦੌਰਾਨ ਇੱਕ ਅਫਰੀਕਨ ਨੌਜਵਾਨ ਨੂੰ ਸ਼ੱਕ ਦੇ ਆਧਾਰ ‘ਤੇ ਰੋਕਿਆ ਗਿਆ। ਜਾਂਚ ਦੌਰਾਨ ਉਕਤ ਵਿਅਕਤੀ, ਜਿਸ ਦੀ ਪਛਾਣ ਏਕਜ਼ੋਆ (Echzoaa) ਪੁੱਤਰ ਇਜ਼ਵਨਾ ਵਾਸੀ ਅਬਰਨਰ, ਪੁਲਿਸ ਸਟੇਸ਼ਨ ਆਵਕਾ, ਜਿਲਾ-ਇਮੋ, ਸਟੇਟ ਅਨਾਂਮਬਰਾ, ਨਾਈਜੀਰੀਆ ਵਜੋਂ ਹੋਈ, ਦੇ ਕਬਜ਼ੇ ਵਿੱਚ ਮੌਜੂਦ ਬੈਗ ਦੀ ਤਲਾਸ਼ੀ ਲੈਣ ‘ਤੇ 540 ਗ੍ਰਾਮ ਨਸ਼ੀਲਾ ਪਦਾਰਥ (ਕੋਕੀਨ), 10,000 ਨਕਦ ਰਕਮ (ਡਰੱਗ ਮਨੀ), 8 ਵੱਡੀਆਂ ਅਤੇ 10 ਛੋਟੀਆਂ ਲਿਫਾਫੀਆਂ, ਇੱਕ ਡਿਜੀਟਲ ਕੰਡਾ, ਇੱਕ ਸਟੀਲ ਚਮਚ, ਇੱਕ ਟੇਪ ਰੋਲ (ਜਮੈਟੋ ਲਿਖੀ ਹੋਈ) ਅਤੇ ਵੱਖ-ਵੱਖ ਰੰਗਾਂ ਦੀਆਂ ਰਬੜਾਂ ਬਰਾਮਦ ਹੋਈਆਂ।
ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀ ਖਿਲਾਫ ਥਾਣਾ ਸਦਰ ਖਰੜ ਵਿਖੇ ਐਨ.ਡੀ.ਪੀ.ਐੱਸ. ਐਕਟ ਦੀ ਧਾਰਾ 21 ਤਹਿਤ ਮੁਕੱਦਮਾ ਨੰ: 202 ਮਿਤੀ 21.06.2025 ਦਰਜ ਕਰਕੇ ਕਾਨੂੰਨੀ ਕਾਰਵਾਈ ਅੱਗੇ ਵਧਾਈ ਗਈ ਹੈ।
ਪੁਲਿਸ ਦੀ ਪੁੱਛਗਿੱਛ ਦੌਰਾਨ ਦੋਸ਼ੀ ਨੇ ਦੱਸਿਆ ਕਿ ਉਹ ਇਹ ਸਾਰੀ ਕੋਕੀਨ ਐਨ ਸੀ ਆਰ ਦਿੱਲੀ ਤੋ ਲੈ ਕੇ ਆਇਆ ਹੈ। ਦੋਸ਼ੀ ਨੂੰ ਅਦਾਲਤ ਵਿੱਚ ਪੇਸ਼ ਕਰਕੇ ਦੋਸ਼ੀ ਦਾ 2 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਦੋਸ਼ੀ ਤੋਂ ਡੂੰਘਾਈ ਵਿੱਚ ਪੁੱਛ ਗਿੱਛ ਜਾਰੀ ਹੈ।
