ਨਿਊਜ਼ ਪੰਜਾਬ
8 ਨਵੰਬਰ,2026
ਮਾਨਸਾ ਵਿੱਚ ਨਸ਼ਾ ਵਿਰੋਧੀ ਮੁਹਿੰਮ ਦੇ ਸਰਗਰਮ ਕਾਰਕੁਨ ਪਰਵਿੰਦਰ ਝੋਟੇ ਦਾ ਅੱਜ ਦੀਵਾਲੀ ਵਾਲੇ ਦਿਨ ਉਨ੍ਹਾਂ ਦੇ ਜੱਦੀ ਖੇਤਾਂ ਵਿੱਚ ਅੰਤਿਮ ਸਸਕਾਰ ਕਰ ਦਿੱਤਾ ਗਿਆ। ਇਸ ਮੌਕੇ ਉਨ੍ਹਾਂ ਦੇ ਪਿਤਾ ਭੀਮ ਸਿੰਘ ਅਤੇ ਦੋਵੇਂ ਪੁੱਤਰਾਂ ਅੰਗਦਵੀਰ ਤੇ ਹਰਫਤੇਹ ਨੇ ਮੁੱਖ ਅਗਨੀ ਦਿੱਤੀ। ਜਦੋਂ ਮ੍ਰਿਤਕ ਦੇਹ ਨੂੰ ਚਕੇਰੀਆ ਰੋਡ ਸਥਿਤ ਖੇਤਾਂ ਵਿੱਚ ਲਿਆਂਦਾ ਗਿਆ ਤਾਂ ਮਾਹੌਲ ਬੇਹੱਦ ਗਮਗੀਨ ਹੋ ਗਿਆ। ਇਸ ਦੌਰਾਨ ਦੋਵੇਂ ਪੁੱਤਰਾਂ ਨੇ ‘ਪਰਵਿੰਦਰ ਝੋਟਾ ਅਮਰ ਰਹੇ’ ਦੇ ਜੈਕਾਰੇ ਲਗਾ ਕੇ ਆਪਣੇ ਪਿਤਾ ਨੂੰ ਅੰਤਿਮ ਵਿਦਾਈ ਦਿੱਤੀ। ਚੰਡੀਗੜ੍ਹ ਪੀਜੀਆਈ ਵਿੱਚ ਪੋਸਟਮਾਰਟਮ ਦੀ ਪ੍ਰਕਿਰਿਆ ਪੂਰੀ ਹੋਣ ਮਗਰੋਂ ਅੱਜ ਸਵੇਰੇ 5 ਵਜੇ ਪਰਿਵਾਰ ਨੂੰ ਉਨ੍ਹਾਂ ਦੀ ਮ੍ਰਿਤਕ ਦੇਹ ਸੌਂਪੀ ਗਈ ਸੀ। ਚੰਡੀਗੜ੍ਹ ਤੋਂ ਮਾਨਸਾ ਤੱਕ ਰਸਤੇ ਵਿੱਚ ਵੱਖ-ਵੱਖ ਥਾਵਾਂ ’ਤੇ ਲੋਕਾਂ ਨੇ ਅੰਤਿਮ ਦਰਸ਼ਨ ਕਰਕੇ ਫੁੱਲਾਂ ਦੀ ਵਰਖਾ ਕੀਤੀ ਅਤੇ ਸ਼ਰਧਾਂਜਲੀ ਭੇਟ ਕੀਤੀ। ਜ਼ਿਕਰਯੋਗ ਹੈ ਕਿ 13 ਅਕਤੂਬਰ ਨੂੰ ਨਸ਼ਾ ਵੇਚਣ ਦਾ ਵਿਰੋਧ ਕਰਨ ’ਤੇ ਇੱਕ ਕੈਮਿਸਟ ਵੱਲੋਂ ਗੋਲੀਆਂ ਮਾਰ ਕੇ ਪਰਵਿੰਦਰ ਝੋਟੇ ਦਾ ਕਤਲ ਕਰ ਦਿੱਤਾ ਗਿਆ ਸੀ। ਉੱਧਰ, ਉਨ੍ਹਾਂ ਦੇ ਪਿਤਾ ਭੀਮ ਸਿੰਘ ਦੀ ਭੁੱਖ ਹੜਤਾਲ ਅਜੇ ਵੀ ਜਾਰੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਐੱਸਐੱਸਪੀ ਵੈਭਵ ਚੌਧਰੀ ਦਾ ਤਬਾਦਲਾ ਨਹੀਂ ਹੁੰਦਾ, ਉਹ ਆਪਣੀ ਭੁੱਖ ਹੜਤਾਲ ਜਾਰੀ ਰੱਖਣਗੇ।
