ਕੋਵਿਡ ਕੇਅਰ ਸੈਂਟਰਾਂ ਵਿੱਚ ਲੋਕਾਂ ਨੂੰ ਮੁਹੱਈਆ ਕਰਵਾਇਆ ਜਾ ਰਿਹੈ ਵਧੀਆ ਭੋਜਨ -ਰੋਜ਼ਾਨਾ ਭੋਜਨ, ਚਾਹ ਅਤੇ ਫਲ਼ ਦਿੱਤੇ ਜਾ ਰਹੇ
ਨਿਊਜ਼ ਪੰਜਾਬ
ਲੁਧਿਆਣਾ, 18 ਮਈ -ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਲੁਧਿਆਣਾ ਵਿੱਚ ਸਥਾਪਤ ਕੀਤੇ ਕੋਵਿਡ ਕੇਅਰ ਸੈਂਟਰਾਂ ਵਿੱਚ ਲੋਕਾਂ ਨੂੰ ਸਾਫ਼ ਸੁਥਰਾ ਅਤੇ ਉੱਚ ਗੁਣਵੱਤਾ ਵਾਲਾ ਭੋਜਨ ਮੁਹੱਈਆ ਕਰਵਾਇਆ ਜਾ ਰਿਹਾ ਹੈ। ਇਸ ਕੰਮ ਲਈ ਵੱਖਰੇ ਤੌਰ ‘ਤੇ ਕੇਟਰਰ ਨੂੰ ਜਿੰਮਾ ਦਿੱਤਾ ਗਿਆ ਹੈ, ਜੋ ਕਿ ਇਨ੍ਹਾਂ ਇਮਾਰਤਾਂ ਦੇ ਅੰਦਰ ਹੀ ਭੋਜਨ ਤਿਆਰ ਕਰਦਾ ਹੈ।
ਸਥਾਨਕ ਜੱਚਾ ਬੱਚਾ ਹਸਪਤਾਲ (ਨੇੜੇ ਵਰਧਮਾਨ ਮਿੱਲ) ਵਿਖੇ ਸਥਾਪਤ ਕੋਵਿਡ ਕੇਅਰ ਸੈਂਟਰ ਵਿੱਚ ਵੀ ਵਿਸ਼ੇਸ਼ ਤੌਰ ‘ਤੇ ਕੈਟਰਰ ਹਾਇਰ ਕੀਤਾ ਹੋਇਆ ਹੈ, ਜੋ ਕਿ ਹਸਪਤਾਲ ਦੇ ਅੰਦਰ ਹੀ ਲੋਕਾਂ ਨੂੰ ਖਾਣਾ ਤਿਆਰ ਕਰਕੇ ਮੁਹੱਈਆ ਕਰਵਾਉਂਦਾ ਹੈ।
ਇਸ ਸੈਂਟਰ ਦੇ ਇੰਚਾਰਜ ਸ੍ਰ. ਨਵਰਾਜ ਸਿੰਘ ਬਰਾੜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰੋਜ਼ਾਨਾ ਸਵੇਰੇ 7 ਵਜੇ ਚਾਹ, 8 ਵਜੇ ਬਰੇਕਫਾਸਟ, 11 ਵਜੇ ਫ਼ਲ਼, 1.30 ਵਜੇ ਦੁਪਹਿਰ ਦਾ ਖਾਣਾ, 4 ਵਜੇ ਚਾਹ, 6.30 ਵਜੇ ਫੇਰ ਚਾਹ ਅਤੇ ਰਾਤ ਨੂੰ 8 ਵਜੇ ਰਾਤ ਦਾ ਖਾਣਾ ਮੁਹੱਈਆ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਚਾਹ ਦੇ ਨਾਲ ਬਿਸਕੁਲ ਅਤੇ ਮੱਠੀਆਂ ਵੀ ਦਿੱਤੀਆਂ ਜਾਂਦੀਆਂ ਹਨ। ਉਨ੍ਹਾਂ ਦੱਸਿਆ ਕਿ ਬਰੇਕਫਾਸਟ ਵਿੱਚ 2 ਪਰਾਂਠੇ, ਦਹੀ ਅਤੇ ਆਚਾਰ ਦਿੱਤਾ ਜਾਂਦਾ ਹੈ, ਜਦਕਿ ਦੁਪਹਿਰ ਅਤੇ ਰਾਤ ਦੇ ਖਾਣੇ ਵਿੱਚ 4 ਰੋਟੀਆਂ, ਚੌਲ, ਸਬਜੀ ਅਤੇ ਦਾਲ ਦਿੱਤੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਤਿਆਰ ਭੋਜਨ ਨੂੰ ਚੈੱਕ ਕਰਨ ਲਈ ਸਿਹਤ ਵਿਭਾਗ ਵੱਲੋਂ ਪੱਕੇ ਤੌਰ ‘ਤੇ ਟੀਮ ਲਗਾਈ ਗਈ ਹੈ। ਉਨ੍ਹਾਂ ਦੱਸਿਆ ਕਿ ਡਾਕਟਰਾਂ ਅਤੇ ਹੋਰ ਅਧਿਕਾਰੀਆਂ ਵੱਲੋਂ ਵੀ ਇਹੀ ਖਾਣਾ ਖਾਧਾ ਜਾਂਦਾ ਹੈ।
ਇਸ ਤੋਂ ਇਲਾਵਾ ਮੈਰੀਟੋਰੀਅਸ ਵਿਦਿਆਰਥੀਆਂ ਦੇ ਸਕੂਲ ਵਿਖੇ ਵੀ ਸਥਾਪਤ ਇਸ ਸੈਂਟਰ ਵਿੱਚ ਵੀ ਅਜਿਹਾ ਹੀ ਭੋਜਨ ਮੁਹੱਈਆ ਕਰਵਾਇਆ ਜਾ ਰਿਹਾ ਹੈ। ਇਥੇ ਇਹ ਦੱਸਣਯੋਗ ਹੈ ਕਿ ਬੀਤੇ ਦਿਨੀਂ ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਦੇ ਕੈਬਨਿਟ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਅਤੇ ਸੀਨੀਅਰ ਕਾਂਗਰਸੀ ਆਗੂ ਕੈਪਟਨ ਸੰਦੀਪ ਸਿੰਘ ਸੰਧੂ ਨੇ ਵੀ ਖੁਦ ਖਾਣਾ ਖਾਧਾ ਸੀ ਅਤੇ ਭੋਜਨ ਦੀ ਕੁਆਲਿਟੀ ‘ਤੇ ਤਸੱਲੀ ਪ੍ਰਗਟ ਕੀਤੀ ਸੀ।