ਪੰਜਾਬ ਵਿੱਚ ‘ ਬਲੈਕ ਆਊਟ ‘ ਨਹੀਂ ਹੋਵੇਗੀ ਕੱਲ – ਮੌਕ ਡਰਿੱਲ ਲਈ ਹੁਣ ਨਵੇਂ ਆਦੇਸ਼ ਜਾਰੀ
ਐਡਵੋਕੇਟ ਕਰਨਦੀਪ ਸਿੰਘ ਕੈਰੋਂ
ਚੰਡੀਗੜ੍ਹ, 28 ਮਈ – ਕੇਂਦਰ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਦੇ ਬਾਵਜੂਦ ਪੰਜਾਬ ਵਿੱਚ 29 ਮਈ ਨੂੰ ‘ਬਲੈਕਆਊਟ’ (ਅਪਰੇਸ਼ਨ ਸ਼ੀਲਡ) ਨਹੀਂ ਕੀਤਾ ਜਾਵੇਗਾ। ਪੰਜਾਬ ਵਿੱਚ 29 ਮਈ ਦੀ ਥਾਂ 3 ਜੂਨ ਨੂੰ ਸ਼ਾਮ 7.30 ਵਜੇ ‘ਬਲੈਕਆਊਟ’ (ਅਪਰੇਸ਼ਨ ਸ਼ੀਲਡ) ਕਰਨ ਦਾ ਫੈਸਲਾ ਲਿਆ ਹੈ।
ਸੂਤਰਾਂ ਅਨੁਸਾਰ ਇਸ ਸਬੰਧੀ ਅੱਜ ਵਿਸ਼ੇਸ਼ ਡੀਜੀਪੀ ਅਤੇ ਡਾਇਰੈਕਟਰ ਸਿਵਲ ਡਿਫੈਂਸ ਪੰਜਾਬ ਸੰਜੀਵ ਕਾਲੜਾ ਨੇ ਸੂਬੇ ਦੇ ਮੁੱਖ ਸਕੱਤਰ, ਸਾਰੇ ਡਿਪਟੀ ਕਮਿਸ਼ਨਰਾਂ ਅਤੇ ਹੋਰਨਾਂ ਸੀਨੀਅਰ ਅਧਿਕਾਰੀਆਂ ਨੂੰ ਪੱਤਰ ਭੇਜਿਆ ਹੈ। ਸ੍ਰੀ ਕਾਲੜਾ ਨੇ ਜਾਰੀ ਪੱਤਰ ਰਾਹੀਂ ਸਾਰੇ ਡਿਪਟੀ ਕਮਿਸ਼ਨਰਾਂ ਨੂੰ 3 ਜੂਨ ਨੂੰ ਸ਼ਾਮ 7.30 ਵਜੇ ‘ਅਪਰੇਸ਼ਨ ਸ਼ੀਲਡ’ ਅਨੁਸਾਰ ਕਾਰਵਾਈ ਲਈ ਕਿਹਾ ਹੈ ।
ਕੇਂਦਰ ਸਰਕਾਰ ਵੱਲੋਂ ਕਿਸੇ ਵੀ ਆਫ਼ਤ ਨਾਲ ਨਜਿੱਠਣ ਦੌਰਾਨ ਲੋੜੀਂਦੇ ਪ੍ਰਬੰਧਾਂ ਦੀ ਸਮੀਖਿਆ ਕਰਨ ਲਈ 29 ਮਈ ਨੂੰ ਸਿਵਲ ਡਿਫੈਂਸ ਵਾਸਤੇ ‘ਅਪਰੇਸ਼ਨ ਸ਼ੀਲਡ’ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ। ਇਸ ਦੌਰਾਨ ਕੁਝ ਸਮੇਂ ਲਈ ‘ਬਲੈਕਆਊਟ’ ਕੀਤਾ ਜਾਣਾ ਸੀ । ਮੌਕ ਡਰਿੱਲ ਹੁਣ 3 ਜੂਨ ਨੂੰ ਸ਼ਾਮ 7.30 ਵਜੇ ਕੀਤੀ ਜਾਵੇਗੀ।
ਕੇਂਦਰੀ ਗ੍ਰਹਿ ਮੰਤਰਾਲੇ (MHA) ਨੇ ਵੀਰਵਾਰ ਨੂੰ ਮੌਕ ਡਰਿੱਲ ਕਰਨ ਲਈ ਪੰਜਾਬ ਸਰਕਾਰ ਨੂੰ ਇੱਕ ਪੱਤਰ ਲਿਖਿਆ ਸੀ।
ਮੀਡੀਆ ਸੂਤਰਾਂ ਨੇ ਦੱਸਿਆ ਕਿ ਪੰਜਾਬ ਹੋਮ ਗਾਰਡ ਅਤੇ ਸਿਵਲ ਡਿਫੈਂਸ ਦੇ ਵਿਸ਼ੇਸ਼ ਡੀਜੀਪੀ ਸੰਜੀਵ ਕਾਲੜਾ ਨੇ 29 ਮਈ ਨੂੰ ਕੇਂਦਰ ਨੂੰ ਪੱਤਰ ਲਿਖ ਕੇ ਮੌਕ ਡ੍ਰਿਲ ਕਰਵਾਉਣ ਤੋਂ ਅਸਮਰੱਥਾ ਜ਼ਾਹਰ ਕੀਤੀ, ਜਿਸ ਵਿੱਚ ਕਿਹਾ ਗਿਆ ਸੀ ਕਿ ਸੂਬੇ ਵਿੱਚ ਸਿਵਲ ਡਿਫੈਂਸ ਅਧਿਕਾਰੀਆਂ ਦੀ ਸਿਖਲਾਈ ਚੱਲ ਰਹੀ ਹੈ। ਸੂਤਰਾਂ ਅਨੁਸਾਰ, ਕਾਲੜਾ ਨੇ ਕੇਂਦਰ ਨੂੰ ਦੱਸਿਆ ਕਿ ਮੌਕ ਡ੍ਰਿਲ 3 ਜੂਨ ਨੂੰ ਸ਼ਾਮ 7.30 ਵਜੇ ਕੀਤੀ ਜਾਵੇਗੀ।
ਆਪ੍ਰੇਸ਼ਨ ਸ਼ੀਲਡ ਤਹਿਤ, ਮੌਕ ਡਰਿੱਲ ਉਨ੍ਹਾਂ ਜ਼ਿਲ੍ਹਿਆਂ ਵਿੱਚ ਕੀਤੀ ਜਾਵੇਗੀ ਜਿਨ੍ਹਾਂ ਨੂੰ ਕੇਂਦਰ ਵੱਲੋਂ ਸਿਵਲ ਡਿਫੈਂਸ ਜ਼ਿਲ੍ਹੇ ਐਲਾਨਿਆ ਗਿਆ ਹੈ, ਜਿਸ ਵਿੱਚ ਸਰਹੱਦੀ ਜ਼ਿਲ੍ਹੇ ਅਤੇ ਲੁਧਿਆਣਾ ਸ਼ਾਮਲ ਹਨ।