ਮੋਗਾਮੁੱਖ ਖ਼ਬਰਾਂਪੰਜਾਬ

ਮੋਗਾ ਵਿਖੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਨਸ਼ਾ ਮੁਕਤੀ ਯਾਤਰਾ ਸ਼ੁਰੂ

ਨਿਊਜ਼ ਪੰਜਾਬ

ਮੋਗਾ 16 ਮਈ 2025

ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਮੁਕੰਮਲ ਖਾਤਮੇ ਲਈ ਸ਼ੁਰੂ ਕੀਤੀ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਦੇ ਤਹਿਤ ਨਸ਼ਾ ਮੁਕਤੀ ਯਾਤਰਾ ਦੀ ਆਰੰਭਤਾ ਕੀਤੀ ਗਈ ਹੈ। ਵਿਧਾਨ ਸਭਾ ਹਲਕਾ ਮੋਗਾ ਵਿੱਚ ਵਿਧਾਇਕ ਅਮਨਦੀਪ ਕੌਰ ਅਰੋੜਾ ਦੀ ਅਗਵਾਈ ਵਿੱਚ ਨਸ਼ਿਆਂ ਖਿਲਾਫ ਅਲਖ ਜਗਾਉਂਦੀ ਇਹ ਯਾਤਰਾ ਅੱਜ ਵਾਰਡ ਨੰਬਰ 6, 25, 7 ਤੋਂ ਇਲਾਵਾ ਪਿੰਡ ਰਾਮੂੰਵਾਲਾ ਕਲਾਂ, ਰਾਮੂੰਵਾਲਾ ਨਵਾਂ, ਰਾਮੂੰਵਾਲਾ ਹਰਚੋਕਾ ਵਿਖੇ ਸ਼ੁਰੂ ਹੋਈ। ਇਸ ਮੌਕੇ ਉਹਨਾਂ ਨਾਲ ਮੇਅਰ ਨਗਰ ਨਿਗਮ ਸ੍ਰ. ਬਲਜੀਤ ਸਿੰਘ ਚਾਨੀ, ਵਾਰਡਾਂ ਦੇ ਕੌਂਸਲਰ ਤੇ ਹੋਰ ਵੀ ਮੋਹਤਵਰ ਵਿਅਕਤੀ ਹਾਜਰ ਸਨ।

ਇਸ ਦੌਰਾਨ ਵਿਧਾਇਕ ਅਮਨਦੀਪ ਕੌਰ ਅਰੋੜਾ ਨੇ ਕਿਹਾ ਕਿ ਸੂਬਾ ਸਰਕਾਰ ਨਸ਼ਿਆਂ ਨੂੰ ਮੁਕੰਮਲ ਤੌਰ ਤੇ ਖਤਮ ਕਰ ਰਹੀ ਹੈ ਅਤੇ ਲੋਕਾਂ ਦਾ ਸਹਿਯੋਗ ਵੀ ਜਰੂਰੀ ਹੈ। ਉਹਨਾਂ ਨੇ ਕਿਹਾ ਕਿ ਜ਼ਿਲ੍ਹਾ ਪੁਲਿਸ ਵੱਲੋਂ ਵੱਡੇ ਪੱਧਰ ਤੇ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਕੇ ਜੇਲ ਭੇਜਿਆ ਗਿਆ ਹੈ ਲੋਕ ਵੀ ਨਸ਼ਾ ਤਸਕਰਾਂ ਦੀ ਸੂਚਨਾ ਦੇਣ ਲਈ ਅੱਗੇ ਆਉਣ । ਉਨਾਂ ਨੇ ਕਿਹਾ ਜੇਕਰ ਤੁਹਾਡੇ ਨਜ਼ਦੀਕ ਕੋਈ ਨਸ਼ਾ ਵੇਚਦਾ ਹੈ ਤਾਂ ਉਸ ਦੀ ਸੂਚਨਾ ਦਿੱਤੀ ਜਾਵੇ, ਸੂਚਨਾ ਦੇਣ ਵਾਲੇ ਦੀ ਪਹਿਚਾਣ ਗੁਪਤ ਰੱਖੀ ਜਾਵੇਗੀ। ਜੇਕਰ ਕੋਈ ਨਸ਼ੇ ਤੋਂ ਪੀੜਤ ਹੈ ਤਾਂ ਉਸ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ, ਸਰਕਾਰ ਵੱਲੋਂ ਉਸਦਾ ਮੁਫਤ ਨਸ਼ਾ ਛੁੜਾਇਆ ਜਾਵੇਗਾ ਅਤੇ ਇਲਾਜ ਕਰਵਾਇਆ ਜਾਵੇਗਾ।

ਇਸ ਮੌਕੇ ਵਿਧਾਇਕ ਨੇ ਕਿਹਾ ਕਿ ਸਮਾਜ ਦੇ ਸਰਬਪੱਖੀ ਸਮਾਜਿਕ ਆਰਥਿਕ ਵਿਕਾਸ ਨੂੰ ਯਕੀਨੀ ਬਣਾਉਣ ਲਈ ਸੂਬਾ ਸਰਕਾਰ ਵੱਲੋਂ ਹਲਕੇ ਵਿੱਚ ਸਿੱਖਿਆ ਨੂੰ ਵੱਡੇ ਪੱਧਰ ਤੇ ਉਤਸਾਹਿਤ ਕੀਤਾ ਜਾ ਰਿਹਾ ਹੈ। ਰਾਜ ਸਰਕਾਰ ਨੇ 56 ਹਜਾਰ ਤੋਂ ਵੱਧ ਸਰਕਾਰੀ ਨੌਕਰੀਆਂ ਦੇ ਕੇ ਸਾਡੇ ਨੌਜਵਾਨਾਂ ਨੂੰ ਇੱਕ ਸਹੀ ਦਿਸ਼ਾ ਦਿੱਤੀ ਹੈ। ਇਸ ਮੌਕੇ ਵਿਧਾਇਕ ਨੇ ਪਿੰਡ ਵਾਸੀਆਂ ਨੂੰ ਨਸ਼ੇ ਦੀ ਰੋਕਥਾਮ ਵਿੱਚ ਯੋਗਦਾਨ ਪਾਉਣ ਲਈ ਸਹੁੰ ਵੀ ਚੁਕਾਈ।

ਜਿਕਰਯੋਗ ਹੈ ਕਿ ਹੁਣ 17 ਮਈ ਨੂੰ 8, 9, 10 ਵਾਰਡ ਵਿੱਚ, 18 ਮਈ ਨੂੰ ਵਾਰਡ ਨੰਬਰ 13, 14, 15 ਵਿੱਚ, 19 ਮਈ ਨੂੰ ਵਾਰਡ ਨੰਬਰ 16, 17, 18 ਵਿੱਚ ਅਤੇ 20 ਮਈ ਨੂੰ ਵਾਰਡ ਨੰਬਰ 19, 20, 21 ਵਿੱਚ ਇਹ ਪ੍ਰੋਗਰਾਮ ਕਰਵਾਏ ਜਾ ਰਹੇ ਹਨ। ਇਸੇ ਤਰ੍ਹਾਂ 21 ਮਈ ਨੂੰ ਝੰਡੇਵਾਲਾ, ਚੜਿੱਕ ਪੱਤੀ, ਚੁੱਪਕੀਤੀ, 22 ਮਈ ਨੂੰ ਵਾਰਡ ਨੰਬਰ 50, ਕੋਕਰੀ ਹੇਰਾਂ, ਧੱਲੇਕੇ, ਕੋਕਰੀ ਕਲਾਂ, ਰੱਤੀਆਂ, ਕੋਕਰੀ ਫੂਲਾ ਸਿੰਘ, 23 ਮਈ ਨੂੰ ਘੱਲ ਕਲਾਂ, ਅਜੀਤਵਾਲ, ਦਾਰਾਪੁਰ, ਢੁੱਡੀਕੇ, ਮੰਗੇਵਾਲਾ ਅਤੇ ਮੱਦੋਕੇ ਵਿਖੇ ਇਹ ਪ੍ਰੋਗਰਾਮ ਆਯੋਜਿਤ ਕਰਵਾਏ ਜਾ ਰਹੇ ਹਨ।