ਪੰਜਾਬ ਦੇ ਤਰਨਤਾਰਨ ਪੁਲਿਸ ਨੇ 2025 ਦੀ ਸਭ ਤੋਂ ਵੱਡੀ ਖੇਪ 85 ਕਿਲੋ ਹੀਰੋਇਨ ਕੀਤੀ ਬਰਾਮਦ; ਮਾਮਲਾ ਦਰਜ
ਨਿਊਜ਼ ਪੰਜਾਬ
16 ਮਈ 2025
ਤਰਨਤਾਰਨ ਪੁਲਿਸ ਨੇ 2025 ਦੀ ਸਭ ਤੋਂ ਵੱਡੀ ਨਾਰਕੋ ਤਸਕਰੀ ਕਾਰਵਾਈ ਵਿੱਚ, ਇੱਕ ਅੰਤਰਰਾਸ਼ਟਰੀ ਡਰੱਗ ਸਿੰਡੀਕੇਟ ਦਾ ਪਰਦਾਫਾਸ਼ ਕੀਤਾ ਹੈ ਅਤੇ 85 ਕਿਲੋ ਹੈਰੋਇਨ ਜ਼ਬਤ ਕੀਤੀ ਹੈ। ਇਹ ਨੈੱਟਵਰਕ ਪਾਕਿਸਤਾਨੀ ਖੁਫੀਆ ਏਜੰਸੀ ਆਈਐਸਆਈ ਦੀ ਸੁਰੱਖਿਆ ਹੇਠ ਚੱਲ ਰਿਹਾ ਸੀ ਅਤੇ ਇਸ ਨੂੰ ਯੂਕੇ ਸਥਿਤ ਡਰੱਗ ਹੈਂਡਲਰ ਲਾਲੀ ਦੁਆਰਾ ਚਲਾਇਆ ਜਾ ਰਿਹਾ ਸੀ।
ਭਾਰਤ ਵਿੱਚ ਸਥਿਤ ਇਸ ਨੈੱਟਵਰਕ ਦੇ ਮੁੱਖ ਸੰਚਾਲਕ ਅਮਰਜੋਤ ਸਿੰਘ ਉਰਫ਼ ਜੋਤਾ ਸੰਧੂ, ਪਿੰਡ ਭਿੱਟੇਵੱਡ, ਅੰਮ੍ਰਿਤਸਰ (ਦਿਹਾਤੀ) ਦੇ ਰਹਿਣ ਵਾਲੇ, ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਿਸ ਅਨੁਸਾਰ, ਅਮਰਜੋਤ ਸਰਹੱਦ ਪਾਰੋਂ ਤਸਕਰਾਂ ਤੋਂ ਨਸ਼ਿਆਂ ਦੀਆਂ ਖੇਪਾਂ ਪ੍ਰਾਪਤ ਕਰਦਾ ਸੀ ਅਤੇ ਉਨ੍ਹਾਂ ਨੂੰ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਸਪਲਾਈ ਕਰਦਾ ਸੀ।ਉਸਦੀ ਰਿਹਾਇਸ਼ ਨੂੰ ਇਸ ਨੈੱਟਵਰਕ ਲਈ ਮੁੱਖ ਛੁਪਣਗਾਹ ਵਜੋਂ ਵਰਤਿਆ ਜਾ ਰਿਹਾ ਸੀ। ਪੁਲਿਸ ਨੇ ਉਸਦੇ ਟਿਕਾਣੇ ਤੋਂ 85 ਕਿਲੋ ਹੈਰੋਇਨ ਬਰਾਮਦ ਕੀਤੀ ਹੈ, ਜਿਸਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤ ਅਰਬਾਂ ਰੁਪਏ ਦੀ ਦੱਸੀ ਜਾਂਦੀ ਹੈ। ਇਸ ਸਬੰਧ ਵਿੱਚ, ਸਬੰਧਤ ਧਾਰਾਵਾਂ ਤਹਿਤ ਐਫ਼ਆਈਆਰ ਦਰਜ ਕਰ ਲਈ ਗਈ ਹੈ ਅਤੇ ਅਗਲੇਰੀ ਜਾਂਚ ਜਾਰੀ ਹੈ।