ਪਟਿਆਲਾਪੰਜਾਬ

ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ: ਪ੍ਰੀਤੀ ਯਾਦਵ ਨੇ ਡਰੇਨਾਂ , ਚੋਅ ਅਤੇ ਨਾਲਿਆਂ ਵਿੱਚ ਗੰਦੇ ਪਾਣੀ ਸੁੱਟਣ ‘ਤੇ ਤੁਰੰਤ ਰੋਕ ਲਗਾਈ 

ਨਿਊਜ਼ ਪੰਜਾਬ

ਪਟਿਆਲਾ 2 ਮਈ – ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ: ਪ੍ਰੀਤੀ ਯਾਦਵ ਨੇ ਡਰੇਨੇਜ ਵਿਭਾਗ, ਨਗਰ ਨਿਗਮ, ਲੋਕ ਨਿਰਮਾਣ ਵਿਭਾਗ ਅਤੇ ਜਲ ਸਪਲਾਈ ਤੇ ਸੀਵਰੇਜ ਬੋਰਡ ਦੇ ਅਧਿਕਾਰਆਂ ਨੂੰ ਸਖ਼ਤ ਹਦਾਇਤ ਕੀਤੀ ਹੈ ਕਿ ਜ਼ਿਲ੍ਹੇ ਵਿੱਚ ਡਰੇਨਾਂ, ਚੋਅ ਅਤੇ ਨਾਲਿਆਂ ਵਿੱਚ ਸੁੱਟੇ ਜਾ ਰਹੇ ਗੰਦੇ ਪਾਣੀ ਦਾ ਤੁਰੰਤ ਹੱਲ ਲੱਭ ਕੇ ਇਸ ਉੱਪਰ ਤੁਰੰਤ ਕਾਰਵਾਈ ਕੀਤੀ ਜਾਵੇ। ਉਹਨਾਂ ਅਧਿਕਾਰੀਆਂ ਤੋਂ ਦੀਪ ਸਿੰਘ ਨਗਰ, ਸ਼ਾਤੀ ਨਗਰ, ਬਿਸ਼ਨ ਨਗਰ , ਦੌਲਤਪੁਰ ਅਤੇ ਪਿੰਡਾਂ ਆਦਿ ਖੇਤਰਾਂ ਵਿੱਚ ਗੰਦੇ ਪਾਣੀ ਦੀ ਨਿਕਾਸੀ ਦਾ ਜਾਇਜਾ ਲਿਆ ਅਤੇ ਕਿਹਾ ਕਿ ਜਿੱਥੇ ਵੀ ਗੰਦਾ ਪਾਣੀ ਸੁੱਟਿਆ ਜਾ ਰਿਹਾ ਹੈ ਉੱਥੇ ਤੁਰੰਤ ਰੋਕ ਲਗਾਈ ਜਾਵੇ।

ਡਿਪਟੀ ਕਮਿਸ਼ਨਰ ਨੇ ਡਰੇਨੇਜ ਵਿਭਾਗ ਦੇ ਅਧਿਕਾਰੀਆਂ ਤੋਂ ਵਾਟਰ ਮੈਨੇਜਮੈਂਟ ਐਕਟ ਤਹਿਤ ਕੀਤੇ ਜਾ ਰਹੇ ਕੰਮਾਂ ਦਾ ਮੂਲਾਂਕਣ ਕਰਦਿਆਂ ਕਿਹਾ ਕਿ ਜੇਕਰ ਕਿਸੇ ਵਿਅਕਤੀ ਜਾਂ ਸੰਸਥਾਂ ਵਲੋਂ ਕਾਨੂੰਨ ਦੀ ਉਲੰਘਣਾ ਕੀਤੀ ਜਾਂਦੀ ਹੈ ਤਾਂ ਉਸ ਖਿਲਾਫ ਸਿੱਧੀ ਕਾਰਵਾਈ ਕੀਤੀ ਜਾਵੇਗੀ । ਉਹਨਾਂ ਕਿਹਾ ਕਿ ਕੋਈ ਵੀ ਵਿਭਾਗ ਜਾਂ ਅਧਿਕਾਰੀ ਇਸ’ਚ ਲਾਪਰਵਾਹੀ ਨਹੀ ਵਰਤ ਸਕਦਾ ।

ਡਾ: ਪ੍ਰੀਤੀ ਯਾਦਵ ਨੇ ਕਿਹਾ ਕਿ ਪਾਈਪ ਲਾਈਨ ਅਤੇ ਸੀਵਰੇਜ ਕੰਨੈਕਟੀਵਿਟੀ ਵੀ ਇਕ ਬਹੁਤ ਵੱਡੀ ਸਮੱਸਿਆ ਹੈ ਇਸ ਲਈ ਤੁਰੰਤ ਮੌਜੂਦਾ ਲਾਈਨਾਂ ਦੀ ਜਾਂਚ ਕੀਤੀ ਜਾਵੇ । ੳਹਨਾਂ ਐਸ.ਟੀ.ਪੀ. (ਸੀਵਰੇਜ ਟਰੀਟਮੈਂਟ ਪਲਾਂਟ ) ਦੀ ਸਥਿਤੀ ਅਤੇ ਕਾਰਗੁਜ਼ਾਰੀ ਦਾ ਜਾਇਜ਼ਾ ਲਿਆ। ਉਹਨਾਂ ਨਗਰ ਨਿਗਮ ਦੇ ਸਫਾਈ ਵਿਭਾਗ ਨੂੰ ਡਰੇਨਾਂ ਦੀ ਨਿਯਮਤ ਸਫਾਈ ਯਕੀਨੀ ਬਣਾਉਣ ਦੇ ਨਿਰਦੇਸ਼ ਵੀ ਦਿੱਤੇ । ਉਹਨਾਂ ਕਿਹਾ ਕਿ ਸਕਰੀਨਿੰਗ ਚੈਂਬਰਾਂ ਦੀ ਮੌਜੂਦਾ ਹਾਲਤ ਅਤੇ ਕਾਰਗੁਜਾਰੀ ਬਾਰੇ ਤੁਰੰਤ ਵਿਭਾਗੀ ਰਿਪੋਰਟ ਤਿਆਰ ਕਰਕੇ ਪੇਸ਼ ਕੀਤੀ ਜਾਵੇ।

ਡਿਪਟੀ ਕਮਿਸ਼ਨਰ ਨੇ ਡੀ.ਡੀ.ਪੀ.ਓਜ਼ ਨੂੰ ਪਿੰਡਾਂ ਵਿਚੋਂ ਛੱਪੜਾਂ ਦੇ ਨਵੀਨੀਕਰਨ ਦੇ ਪ੍ਰੋਜੈਕਟਾਂ ਦੀ ਸਮੇਂ ਸਿਰ ਮਾਨੀਟਰਿੰਗ ਕਰਨ ਅਤੇ ਇਸ ਬਾਰੇ ਰਿਪੋਰਟ ਪੇਸ਼ ਕਰਨ ਲਈ ਕਿਹਾ । ਇਸ ਮੌਕੇ ਪੰਚਾਇਤੀ ਰਾਜ ਵਿਭਾਗ ਦੇ ਐਸ.ਡੀ.ਓ. ਨੇ ਦੱਸਿਆ ਕਿ ਹੁਣ ਤੱਕ 11 ਥਾਪਰ ਮਾਡਲ ਤਿਆਰ ਕੀਤੇ ਜਾ ਚੁੱਕੇ ਹਨ ਅਤੇ ਬਾਕੀ ਵੀ ਤਿਆਰ ਕੀਤੇ ਜਾ ਰਹੇ ਹਨ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਇਸ਼ਾ ਸਿੰਗਲ, ਡਰੇਨੇਜ ਵਿਭਾਗ ਦੇ ਐਕਸੀਅਨ ਪ੍ਰਥਮ ਗੰਭੀਰ, ਡੀ.ਡੀ.ਪੀ.ਓ. ਸ਼ਵਿੰਦਰ ਸਿਘ, ਤੋਂ ਇਲਾਵਾ ਨਗਰ ਨਿਗਮ ਅਤੇ ਪੀ.ਡਬਲਿਊ.ਡੀ. ਦੇ ਅਧਿਕਾਰੀ ਅਤੇ ਕਰਮਚਾਰੀ ਸ਼ਾਮਲ ਸਨ ।