ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਵੱਲੋਂ ਹਲਕਾ ਪਾਇਲ ਵਿਚ ਚੱਲ ਰਹੇ ਵਿਕਾਸ ਕਾਰਜਾਂ ਦਾ ਵਿਧਾਇਕ ਗਿਆਸਪੁਰਾ ਅਤੇ ਦੋਰਾਹਾ ਨਗਰ ਕੌਂਸਲ ਦੇ ਪ੍ਰਧਾਨ ਸੁਦਰਸ਼ਨ ਸ਼ਰਮਾ ਨਾਲ ਮੀਟਿੰਗ ਕੀਤੀ
ਹਰਜੀਤ ਸਿੰਘ ਖ਼ਾਲਸਾ / ਨਿਊਜ਼ ਪੰਜਾਬ
ਦੋਰਾਹਾ, ਲੁਧਿਆਣਾ, 30 ਅਪ੍ਰੈਲ:ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਡਾ. ਰਵਜੋਤ ਸਿੰਘ ਨੇ ਬੁੱਧਵਾਰ ਨੂੰ ਦੋਰਾਹਾ ਵਿਖੇ ਵਿਧਾਨ ਸਭਾ ਹਲਕਾ ਪਾਇਲ ਦੇ ਵਿਧਾਇਕ ਸ੍ਰੀ ਮਨਵਿੰਦਰ ਸਿੰਘ ਗਿਆਸਪੁਰਾ ਅਤੇ ਦੋਰਾਹਾ ਨਗਰ ਕੌਂਸਲ ਦੇ ਪ੍ਰਧਾਨ ਸੁਦਰਸ਼ਨ ਸ਼ਰਮਾ ਨਾਲ ਪਾਇਲ ਹਲਕੇ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਸਬੰਧੀ ਵਿਚਾਰ ਵਟਾਂਦਰਾ ਕਰਨ ਲਈ ਮੀਟਿੰਗ ਕੀਤੀ।
ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਵਿਧਾਇਕ ਸ੍ਰੀ ਮਨਵਿੰਦਰ ਸਿੰਘ ਗਿਆਸਪੁਰਾ ਅਤੇ ਦੋਰਾਹਾ ਨਗਰ ਕੌਂਸਲ ਦੇ ਪ੍ਰਧਾਨ ਸ੍ਰੀ ਸੁਦਰਸ਼ਨ ਸ਼ਰਮਾ ਨਾਲ ਹਲਕਾ ਪਾਇਲ ਦੇ ਚੱਲ ਰਹੇ ਵਿਕਾਸ ਕੰਮਾਂ ਬਾਰੇ ਬਹੁਤ ਹੀ ਵਿਸਥਾਰ ਨਾਲ ਵਿਚਾਰਾਂ ਹੋਈਆਂ ਹਨ। ਉਹਨਾਂ ਕਿਹਾ ਕਿ ਪਾਇਲ ਹਲਕੇ ਵਿੱਚ ਨਗਰ ਕੌਂਸਲ ਪਾਇਲ, ਨਗਰ ਕੌਂਸਲ ਦੋਰਾਹਾ ਅਤੇ ਨਗਰ ਪੰਚਾਇਤ ਮਲੌਦ ਹਨ। ਇਹਨਾਂ ਨਗਰ ਕੌਂਸਲਾਂ/ਕਮੇਟੀ ਵਿੱਚ ਕੁਝ ਮਸਲੇ ਹਨ ਜਿਨ੍ਹਾਂ ਵਿਚ ਪੀਣ ਵਾਲੇ ਪਾਣੀ ਦਾ ਮਸਲਾ ਹੈ ਬਾਰੇ ਗੱਲਬਾਤ ਹੋਈ ਹੈ ਜਿਸ ਦਾ ਕੁਝ ਕੰਮ ਵਿਧਾਇਕ ਸ੍ਰੀ ਮਨਵਿੰਦਰ ਸਿੰਘ ਗਿਆਸਪੁਰਾ ਵੱਲੋਂ ਕਰਵਾ ਵੀ ਲਿਆ ਗਿਆ ਹੈ ਅਤੇ ਕੁਝ ਕੰਮ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਜੋ ਬਕਾਇਆ ਕੰਮ ਰਹਿੰਦੇ ਹਨ ਉਨ੍ਹਾਂ ਲਈ ਫੰਡ ਮੁਹੱਈਆ ਕਰਵਾ ਕੇ ਪਾਣੀ ਦੀ ਸਮੱਸਿਆ ਦਾ ਹੱਲ ਕੀਤਾ ਜਾਵੇਗਾ।
ਪੱਤਰਕਾਰਾਂ ਵੱਲੋਂ ਹਰਿਆਣੇ ਨੂੰ ਪਾਣੀ ਦੇਣ ਸਬੰਧੀ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ੍ਰੀ ਭਗਵੰਤ ਸਿੰਘ ਮਾਨ ਵੱਲੋਂ ਇਹ ਸਾਫ਼ ਕਰ ਦਿੱਤਾ ਗਿਆ ਹੈ ਕਿ ਕੇਂਦਰ ਸਰਕਾਰ ਸਾਡੇ ਨਾਲ ਚਾਲਾ ਖੇਡ ਰਿਹਾ ਹੈ। ਸਾਡੇ ਕੋਲ ਪਾਣੀ ਦੀ ਇੱਕ ਵੀ ਬੂੰਦ ਫਾਲਤੂ ਨਹੀਂ ਹੈ। ਇਸ ਲਈ ਅਸੀਂ ਹਰਿਆਣਾ ਜਾਂ ਕਿਸੇ ਹੋਰ ਸੂਬੇ ਨੂੰ ਪਾਣੀ ਨਹੀਂ ਦੇਵਾਂਗੇ। ਇਹ ਸਾਡਾ ਏਜੰਡਾ ਬਿਲਕੁਲ ਕਲੀਅਰ ਹੈ। ਉਨ੍ਹਾਂ ਕਿਹਾ ਸਾਡੀ ਸਰਕਾਰ ਦਾ ਕੱਲ੍ਹ ਵੀ, ਅੱਜ ਵੀ ਅਤੇ ਅੱਗੇ ਵੀ ਇਹੀ ਸਟੈਂਡ ਰਹੇਗਾ।
ਇਸ ਮੌਕੇ ਪਾਇਲ ਦੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ, ਦੋਰਾਹਾ ਨਗਰ ਕੌਂਸਲ ਦੇ ਪ੍ਰਧਾਨ ਸੁਦਰਸ਼ਨ ਸ਼ਰਮਾ, ਪ੍ਰਧਾਨ ਆਲ ਟਰੇਡ ਯੂਨੀਅਨ ਬੌਬੀ ਤਿਵਾੜੀ, ਕੌਸਲਰ ਗੁਰਿੰਦਰ ਸਿੰਘ ਬਾਜਵਾ, ਨਰਿੰਦਰ ਸਿੰਘ, ਲੱਕੀ ਆਨੰਦ, ਰਾਹੁਲ ਬਿਕਟਰ, ਬੌਬੀ ਕਪਲਾ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ ।