ਪਿੰਡ ਭੁਮੱਦੀ ਦਾ ਜਸਕਰਨ ਸਿੰਘ ਆਈ.ਏ.ਐਸ ਬਣਿਆ : ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਅਤੇ ਹੋਰ ਪਤਵੰਤਿਆਂ ਨੇ ਕੀਤਾ ਸਵਾਗਤ
ਪਿੰਡ ਭੁਮੱਦੀ ਹਲਕਾ ਖੰਨਾ, ਜ਼ਿਲ੍ਹਾ ਲੁਧਿਆਣਾ ਦਾ ਜਸਕਰਨ ਸਿੰਘ ਆਈ.ਏ.ਐਸ ਬਣਿਆ : ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਜਸਕਰਨ ਸਿੰਘ ਨੇ ਪੰਜਾਬ ਦਾ ਨਾਂ ਚਮਕਾਇਆ
ਹਰਜੀਤ ਸਿੰਘ ਖੰਨਾ / ਨਿਊਜ਼ ਪੰਜਾਬ
ਖੰਨਾ, ਲੁਧਿਆਣਾ, 26 ਅਪ੍ਰੈਲ – ਪੇਂਡੂ ਵਿਕਾਸ ਤੇ ਪੰਚਾਇਤ, ਉਦਯੋਗ ਤੇ ਵਣਜ, ਪੂੰਜੀ ਨਿਵੇਸ਼ ਪ੍ਰੋਤਸਾਹਨ, ਕਿਰਤ ਅਤੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਸ਼ਨੀਵਾਰ ਨੂੰ ਹਲਕਾ ਖੰਨਾ ਦੇ ਪਿੰਡ ਭੁਮੱਦੀ ਵਿਖੇ ਪਹੁੰਚ ਕੇ ਯੂ.ਪੀ.ਐੱਸ.ਸੀ ਪ੍ਰੀਖਿਆ ਪਾਸ ਕਰਕੇ ਆਈ.ਏ.ਐਸ ਬਣੇ ਜਸਕਰਨ ਸਿੰਘ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ।
ਕੈਬਨਿਟ ਮੰਤਰੀ ਸ੍ਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਦੱਸਿਆ ਕਿ ਪਿੰਡ ਭੁਮੱਦੀ ਦਾ ਜਸਕਰਨ ਸਿੰਘ (23) ਨੂੰ ਪਿਛਲੀ ਵਾਰ ਯੂ.ਪੀ.ਐੱਸ.ਸੀ ਪ੍ਰੀਖਿਆ ਪਾਸ ਕਰ ਕੇ ਆਈ.ਆਰ.ਐੱਸ ਲਈ ਚੁਣਿਆ ਗਿਆ ਸੀ ਤੇ ਹੁਣ 25 ਸਾਲ ਦੀ ਉਮਰ ‘ਚ 240ਵਾਂ ਰੈਂਕ ਹਾਸਲ ਕਰ ਕੇ ਆਈ.ਏ.ਐੱਸ ਬਣ ਗਿਆ ਹੈ ਜਿਸ ਨੇ ਪਿੰਡ ਭੁਮੱਦੀ, ਹਲਕਾ ਖੰਨਾ, ਜ਼ਿਲ੍ਹਾ ਲੁਧਿਆਣਾ, ਪੰਜਾਬ ਦਾ ਨਾਂ ਚਮਕਾਇਆ ਹੈ। ਇਹ ਨੌਜਵਾਨ ਪੰਜਾਬ ਦੇ ਨੌਜਵਾਨਾ ਲਈ ਪ੍ਰੇਰਣਾ ਦਾ ਸਰੋਤ ਬਣਿਆ ਹੈ।
ਇਸ ਮੌਕੇ ਮਾਰਕੀਟ ਕਮੇਟੀ ਖੰਨਾ ਦੇ ਚੇਅਰਮੈਨ ਸ੍ਰੀ ਜਗਤਾਰ ਸਿੰਘ ਗਿੱਲ ਰਤਨਹੇੜੀ, ਮਾਸਟਰ ਅਵਤਾਰ ਸਿੰਘ ਆਮ ਆਦਮੀ ਪਾਰਟੀ ਬਲਾਕ ਪ੍ਰਧਾਨ ਦਿਹਾਤੀ ਖੰਨਾ, ਪਿੰਡ ਭੁਮੱਦੀ ਦੀ ਪੰਚਾਇਤ ਤੋਂ ਇਲਾਵਾ ਵੱਡੀ ਗਿਣਤੀ ਪਿੰਡ ਵਾਸੀ ਹਾਜ਼ਰ ਸਨ।
ਉਨ੍ਹਾਂ ਜਸਕਰਨ ਸਿੰਘ ਨੂੰ ਨਿੱਘੀਆਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਸਿੱਖਿਆ, ਸਖ਼ਤ ਮਿਹਨਤ ਅਤੇ ਦ੍ਰਿੜ ਇਰਾਦੇ ਦੀ ਸ਼ਲਾਘਾ ਕੀਤੀ। ਉਨ੍ਹਾਂ ਪੰਜਾਬ ਦੇ ਨੌਜਵਾਨਾਂ ਨੂੰ ਵੱਡੇ ਸੁਪਨੇ ਦੇਖਣ ਅਤੇ ਖੁਦ ਵਿੱਚ ਆਤਮ ਵਿਸ਼ਵਾਸ਼ ਰੱਖਣ ਲਈ ਵੀ ਉਤਸ਼ਾਹਿਤ ਕੀਤਾ। ਉਹਨਾਂ ਨੇ ਪੰਜਾਬ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਉਨ੍ਹਾਂ ਲਈ ਉਪਲਬਧ ਮੌਕਿਆਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਆਪਣੀ ਪੜ੍ਹਾਈ ‘ਤੇ ਧਿਆਨ ਕੇਂਦ੍ਰਿਤ ਰੱਖਣ ਅਤੇ ਦੂਜਿਆਂ ਲਈ ਇੱਕ ਮਿਸਾਲ ਕਾਇਮ ਕਰਨ।
ਮੰਤਰੀ ਸੌਂਦ ਨੇ ਕਿਹਾ ਕਿ ਮੈਂ ਚਾਹੁੰਦਾ ਹਾਂ ਕਿ ਜਸਕਰਨ ਸਿੰਘ ਪੰਜਾਬ ਕਾਡਰ ਮਿਲੇ ਤਾਂ ਜੋ ਪੰਜਾਬੀ ਹੋਣ ਦੇ ਨਾਤੇ ਪੰਜਾਬੀਆਂ ਦੀ ਸੇਵਾ ਕਰੇ ਜਿਵੇਂ ਇਹਨਾਂ ਆਈ.ਏ.ਐਸ ਬਣ ਕੇ ਨਾਂ ਰੌਸ਼ਨ ਕੀਤਾ ਹੈ ਉਸੇ ਤਰ੍ਹਾਂ ਆਪਣੀਆਂ ਸੇਵਾਵਾਂ ਨਾਲ ਆਪਣੇ ਖਿੱਤੇ ਨੂੰ ਹੋਰ ਉੱਚਾ ਚੁੱਕਣ। ਜਿੱਥੇ ਅਸੀਂ ਵੱਖ-ਵੱਖ ਪ੍ਰੋਗਰਾਮਾਂ ਤਹਿਤ ਸਿੱਖਿਆ ਨੂੰ ਪ੍ਰਮੋਟ ਕਰਨ ਰਹੇ ਹਾਂ। ਅਸੀਂ ਚਾਹੁੰਦੇ ਹਾਂ ਜਸਕਰਨ ਸਿੰਘ ਵੀ ਨੌਜਵਾਨਾਂ ਨੂੰ ਪੜ੍ਹਾਈ ਲਈ ਪ੍ਰੇਰਿਤ ਕਰੇ ਤਾਂ ਜੋ ਵੱਧ ਤੋਂ ਵੱਧ ਆਈ.ਏ.ਐਸ, ਆਈ.ਪੀ.ਐਸ, ਆਈ.ਆਰ.ਐਸ ਅਫਸਰ ਪੰਜਾਬ ਤੋਂ ਬਣਾ ਸਕੀਏ। ਇਸੇ ਤਹਿਤ ਪੰਜਾਬ ਸਰਕਾਰ ਨੇ ਹੁਣ ਇੱਕ ਹੋਰ ਵੱਡਾ ਫੈਸਲਾ ਲਿਆ ਕਿ ਜਿੰਨੇ ਸਾਡੇ ਆਈ.ਏ.ਐਸ, ਆਈ.ਪੀ.ਐਸ ਅਫਸਰ ਹਨ ਉਨ੍ਹਾਂ ਨੂੰ ਇੱਕ-ਇੱਕ ਸਰਕਾਰੀ ਸਕੂਲ ਸੰਭਾਲ ਦਿੱਤਾ ਹੈ ਤਾਂ ਜੋ ਉਹ ਹਰ ਮਹੀਨੇ ਆਪਣੇ-ਆਪਣੇ ਸਕੂਲ ਵਿੱਚ ਜਾ ਕੇ ਬੱਚਿਆਂ ਨੂੰ ਲੈਕਚਰ ਦੇ ਕੇ ਅੱਗੇ ਵਧਣ ਦੇ ਰਸਤੇ ਦੱਸ ਕੇ ਪੜ੍ਹਾਈ ਲਈ ਪ੍ਰੇਰਿਤ ਕਰ ਸਕਣ।
ਕੈਬਨਿਟ ਮੰਤਰੀ ਨੇ ਭਾਰਤ ਨੂੰ ਵਿਸ਼ਵ ਦੀ ਮਹਾਂਸ਼ਕਤੀ ਬਣਾਉਣ ਲਈ ਨੌਜਵਾਨ ਵਰਗ ਦੇ ਮੋਢਿਆਂ ‘ਤੇ ਵੱਡੀ ਜ਼ਿੰਮੇਵਾਰੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਆਪਣੇ ਟੀਚਿਆਂ ‘ਤੇ ਕੇਂਦ੍ਰਿਤ ਰਹਿਣਾ ਚਾਹੀਦਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਨੌਜਵਾਨਾਂ ਨੂੰ ਝਟਕਿਆਂ ਤੋਂ ਨਿਰਾਸ਼ ਨਹੀਂ ਹੋਣਾ ਚਾਹੀਦਾ ਕਿਉਂਕਿ ਅਸਫ਼ਲਤਾਵਾਂ ਹੀ ਸਫਲਤਾ ਦੀਆਂ ਪੌੜੀਆਂ ਚੜ੍ਹਦੀਆਂ ਹਨ। ਉਨ੍ਹਾਂ ਇਹ ਵੀ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ੍ਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਪੰਜਾਬ ਦੇ ਨੌਜਵਾਨਾਂ ਲਈ ਆਪਣੀ ਕਲਾ ਦਾ ਪ੍ਰਦਰਸ਼ਨ ਕਰਨ ਦੇ ਮੌਕੇ ਪੈਦਾ ਕਰਨ ਲਈ ਸਮਰਪਿਤ ਹੈ।
ਆਈ.ਏ.ਐਸ ਬਣੇ ਜਸਕਰਨ ਸਿੰਘ ਨੇ ਕੈਬਨਿਟ ਮੰਤਰੀ ਸ੍ਰੀ ਤਰੁਨਪ੍ਰੀਤ ਸਿੰਘ ਸੌਂਦ ਦਾ ਪਿੰਡ ਭੁਮੱਦੀ ਵਿਖੇ ਆ ਕੇ ਉਸ ਦਾ ਸਨਮਾਨ ਕਰਨ ਲਈ ਵਿਸ਼ੇਸ਼ ਤੌਰ ਧੰਨਵਾਦ ਕਰਦਿਆਂ ਕਿਹਾ ਕਿ ਇਹ ਉਨ੍ਹਾਂ ਅਤੇ ਉਨ੍ਹਾਂ ਦੀ ਪਰਿਵਾਰ ਅਤੇ ਪਿੰਡ ਭੁਮੱਦੀ ਲਈ ਬਹੁਤ ਮਾਣ ਵਾਲੀ ਗੱਲ ਹੈ। ਉਹਨਾਂ ਕੈਬਨਿਟ ਮੰਤਰੀ ਸੌਂਦ ਨੂੰ ਦੱਸਿਆ ਕਿ ਜਦੋਂ ਉਸ ਨੇ 2 ਸਾਲ ਪਹਿਲਾਂ ਪ੍ਰੀਖਿਆ ਦਿੱਤੀ ਸੀ ਤਾਂ ਉਸਨੇ ਦੂਜੀ ਕੋਸ਼ਿਸ਼ ਵਿੱਚ ਯੂ.ਪੀ.ਐਸ.ਸੀ ਪਾਸ ਕੀਤਾ ਸੀ ਅਤੇ 595ਵਾਂ ਰੈਂਕ ਪ੍ਰਾਪਤ ਕੀਤਾ ਸੀ ਜਿਸ ਤੋਂ ਬਾਅਦ ਸਿਖਲਾਈ ਸ਼ੁਰੂ ਹੋਈ। ਸਿਖਲਾਈ ਦੌਰਾਨ ਉਸ ਨੇ ਛੁੱਟੀ ਲੈ ਲਈ ਅਤੇ ਦੁਬਾਰਾ ਯੂ.ਪੀ.ਐਸ.ਸੀ ਦੀ ਤਿਆਰੀ ਕੀਤੀ। ਪਰਿਵਾਰ ਵੀ ਇਹ ਚਾਹੁੰਦਾ ਸੀ ਕਿ ਮੈਂ ਆਈ.ਏ.ਐਸ ਬਣਾ। ਜਿਸ ਲਈ ਦਿਨ ਰਾਤ ਪੜ੍ਹਾਈ ਕਰਕੇ ਸਖ਼ਤ ਮਿਹਨਤ ਕੀਤੀ। ਅਖੀਰ ਮਿਹਨਤ ਰੰਗ ਲਿਆਈ ਤੇ ਮੈਂ ਆਈ.ਏ.ਐਸ ਬਣ ਗਿਆ।
ਜਸਕਰਨ ਸਿੰਘ ਨੇ ਕਿਹਾ ਕਿ ਉਹ ਨੌਜਵਾਨਾਂ ਨੂੰ ਸਲਾਹ ਦੇਣੀ ਚਾਹੁੰਦਾ ਹੈ ਕਿ ਜੇਕਰ ਉਹ ਭਾਲਣ ਤਾਂ ਇੱਥੇ ਵੀ ਰੁਜ਼ਗਾਰ ਅਤੇ ਸਿੱਖਿਆ ਦੇ ਰਸਤੇ ਬਹੁਤ ਹਨ। ਦੇਸ਼ ਵਿਚ ਯੂ.ਪੀ.ਐਸ.ਸੀ ਅਤੇ ਐਨ.ਡੀ.ਏ ਵਰਗੀਆਂ ਸੰਸਥਾਵਾਂ ਹਨ ਜੋ ਕਾਫੀ ਪ੍ਰੀਖਿਆਵਾਂ ਕਰਵਾਉਂਦੇ ਹਨ। ਉਨ੍ਹਾਂ ਦੇ ਰਾਹੀਂ ਤੁਸੀਂ ਅਫਸਰ ਬਣ ਕੇ ਦੇਸ਼ ਸੇਵਾ ਲਈ ਸਮਰਪਿਤ ਹੋ ਸਕਦੇ ਹੋ। ਅਫਸਰ ਬਣ ਕੇ ਪੰਜਾਬ ਅਤੇ ਦੇਸ਼ ਲਈ ਵਧੀਆ ਫੈਸਲੇ ਲੈ ਕੇ ਕਾਫੀ ਸਮੱਸਿਆਵਾਂ ਦੂਰ ਕਰ ਸਕਦੇ ਹੋ।
ਨੌਜਵਾਨਾਂ ਨੂੰ ਇੱਥੇ ਰਹਿ ਕੇ ਹੀ ਦੇਸ਼ ਦੀ ਸੇਵਾ ਕਰਨੀ ਚਾਹੀਦੀ ਹੈ। ਡਾ. ਬੀ.ਆਰ ਅੰਬੇਦਕਰ ਇੱਕ ਮਹਾਨ ਸ਼ਖ਼ਸੀਅਤ ਸਨ ਜਿਨ੍ਹਾਂ ਨੇ ਨਾਂ ਸਿਰਫ ਦਲਿਤਾਂ ਲਈ ਕੰਮ ਕੀਤਾ ਬਲਕਿ ਸਾਰੇ ਵਰਗਾਂ ਦੀ ਤਰੱਕੀ ਤੇ ਜ਼ੋਰ ਦਿੱਤਾ। ਮੈਂ ਬਾਬਾ ਸਾਹਿਬ ਤੋਂ ਹਮੇਸ਼ਾ ਪ੍ਰੇਰਨਾ ਲਈ ਹੈ ਉਨ੍ਹਾਂ ਦਾ ਮੇਰੀ ਜ਼ਿੰਦਗੀ ਵਿੱਚ ਬਹੁਤ ਵੱਡਾ ਯੋਗਦਾਨ ਰਿਹਾ ਹੈ। ਮੈਂ ਮਹਾਰਾਸ਼ਟਰ ਜਾਂ ਕੇ ਉਨ੍ਹਾਂ ਦਾ ਜੱਦੀ ਘਰ ਦੇਖ ਕੇ ਆਇਆ ਹਾਂ ਜੋ ਕਿ ਬਹੁਤ ਵਧੀਆ ਲੱਗਾ।
ਆਈ.ਏ.ਐਸ ਜਸਕਰਨ ਸਿੰਘ ਨੇ ਆਪਣੇ ਮਾਤਾ-ਪਿਤਾ, ਦਾਦਾ ਜੀ ਅਤੇ ਭੈਣ ਨੂੰ ਆਪਣਾ ਰੋਲ ਮਾਡਲ ਦੱਸਿਆ ਹੈ। ਉਹਨਾਂ ਕਿਹਾ ਉਨ੍ਹਾਂ ਦੇ ਪਿਤਾ ਸ੍ਰੀ ਜਗਮੋਹਨ ਸਿੰਘ ਪੰਜਾਬ ਪੁਲਿਸ ਵਿੱਚ ਏ.ਐਸ.ਆਈ ਹਨ, ਮਾਤਾ ਅਮ੍ਰਿਤਪਾਲ ਕੌਰ ਅਧਿਆਪਕ ਰਹੇ ਹਨ ਜਦੋਂ ਕਿ ਦਾਦਾ ਸ੍ਰੀ ਕਰਨੈਲ ਸਿੰਘ ਫੌਜ ਤੋਂ ਸੇਵਾਮੁਕਤ ਹਨ ਅਤੇ ਉਨ੍ਹਾਂ ਦੀ ਰਮਨਦੀਪ ਕੌਰ ਵਿਦੇਸ਼ ਵਿਚ ਰਹਿ ਰਹੀ ਹੈ। ਜਸਕਰਨ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਪਰਿਵਾਰ, ਅਧਿਆਪਕਾਂ ਅਤੇ ਦੋਸਤਾਂ ਮਿੱਤਰਾਂ ਤੋਂ ਬਹੁਤ ਸਹਿਯੋਗ ਮਿਲਿਆ ਜਿਸ ਕਾਰਨ ਉਹ ਅੱਜ ਇਸ ਮੁਕਾਮ ‘ਤੇ ਪਹੁੰਚੇ ਹਨ।
ਆਈ.ਏ.ਐਸ ਬਣੇ ਜਸਕਰਨ ਸਿੰਘ ਦੇ ਪਿਤਾ ਸ੍ਰੀ ਜਗਮੋਹਨ ਸਿੰਘ ਅਤੇ ਮਾਤਾ ਸ੍ਰੀਮਤੀ ਅਮ੍ਰਿਤਪਾਲ ਕੌਰ ਨੇ ਸਾਂਝੇ ਤੌਰ ਤੇ ਦੱਸਿਆ ਕਿ
ਦੋ ਸਾਲ ਪਹਿਲਾਂ ਜਸਕਰਨ ਸਿੰਘ ਨੂੰ ਇੰਟਰਵਿਊ ਤੋਂ ਪਹਿਲਾਂ ਬਹੁਤ ਮੁਸ਼ਕਲਾਂ ਵਿੱਚੋਂ ਲੰਘਣਾ ਪਿਆ ਸੀ। ਪਹਿਲਾਂ ਉਸਨੂੰ ਡੇਂਗੂ ਹੋ ਗਿਆ, ਫਿਰ ਉਸਦੇ ਕੰਨ ਵਿੱਚ ਪੈੱਨ ਦਾ ਟੁਕੜਾ ਫਸ ਗਿਆ। ਉਸਨੂੰ ਇਲਾਜ ਲਈ ਦਿੱਲੀ ਦੇ ਇੱਕ ਹਸਪਤਾਲ ਵਿੱਚ ਦਾਖਲ ਕਰਵਾਉਣਾ ਪਿਆ। ਪਰ ਯੂ.ਪੀ.ਐਸ.ਸੀ ਪਾਸ ਕਰਨ ਦੇ ਆਪਣੇ ਦ੍ਰਿੜ ਇਰਾਦੇ ਨਾਲ ਜਸਕਰਨ ਸਿੰਘ ਨੇ ਦਰਦ ਵਿੱਚ ਇੰਟਰਵਿਊ ਦਿੱਤੀ ਅਤੇ ਯੂ.ਪੀ.ਐਸ.ਸੀ ਪਾਸ ਕਰਨ ਵਿੱਚ ਸਫਲ ਹੋ ਗਿਆ। ਜਸਕਰਨ ਸਿੰਘ ਨੇ ਏ.ਐਸ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਵਿੱਚ 12ਵੀਂ ਤੱਕ ਪੜ੍ਹਾਈ ਕੀਤੀ ਜਿਸ ਤੋਂ ਬਾਅਦ ਉਸਨੇ ਚੰਡੀਗੜ੍ਹ ਤੋਂ ਬੀ.ਟੈਕ ਕੀਤੀ। ਯੂ.ਪੀ.ਐਸ.ਸੀ ਪਾਸ ਕਰਨ ਦੇ ਆਪਣੇ ਦ੍ਰਿੜ ਇਰਾਦੇ ਕਾਰਨ ਜਸਕਰਨ ਸਿੰਘ ਨੇ ਸ਼ੁਰੂ ਤੋਂ ਹੀ ਇਸਦੀ ਤਿਆਰੀ ਸ਼ੁਰੂ ਕਰ ਦਿੱਤੀ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈ ਕੇ ਉਹ ਘਰ ਵਿੱਚ 8 ਤੋਂ 10 ਘੰਟੇ ਪੜ੍ਹਾਈ ਕਰਦਾ ਸੀ। ਜਦੋਂ ਪਹਿਲੀ ਕੋਸ਼ਿਸ਼ ਵਿੱਚ ਕੁਝ ਅੰਕਾਂ ਨਾਲ ਯੂ.ਪੀ.ਐਸ.ਸੀ ਪਾਸ ਨਹੀਂ ਕਰ ਸਕਿਆ ਤਾਂ ਆਪਣੀ ਮਿਹਨਤ ਦੁੱਗਣੀ ਕਰ ਦਿੱਤੀ ਅਤੇ ਦੂਜੀ ਕੋਸ਼ਿਸ਼ ਵਿੱਚ ਯੂ.ਪੀ.ਐਸ.ਸੀ ਪਾਸ ਕਰ ਗਿਆ। ਉਹਨਾਂ ਕਿਹਾ ਉਹਨਾਂ ਨੂੰ ਆਪਣੇ ਪੁੱਤਰ ਜਸਕਰਨ ਸਿੰਘ ਤੇ ਬਹੁਤ ਮਾਣ ਮਹਿਸੂਸ ਹੋ ਰਿਹਾ ਜਿਸ ਕਾਰਨ ਉਸ ਨੇ ਸਾਡਾ, ਆਪਣੇ ਪਿੰਡ ਭੁਮੱਦੀ, ਹਲਕਾ ਖੰਨਾ, ਜ਼ਿਲ੍ਹਾ ਲੁਧਿਆਣਾ ਅਤੇ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ। ਉਹਨਾਂ ਨੇ ਆਪਣੇ ਪੁੱਤਰ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕਰਨ ਲਈ ਕੈਬਨਿਟ ਮੰਤਰੀ ਸ੍ਰੀ ਤਰੁਨਪ੍ਰੀਤ ਸਿੰਘ ਸੌਂਦ ਅਤੇ ਪੰਜਾਬ ਸਰਕਾਰ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ।
ਇਸ ਮੌਕੇ ਮਾਰਕੀਟ ਕਮੇਟੀ ਖੰਨਾ ਦੇ ਚੇਅਰਮੈਨ ਸ੍ਰੀ ਜਗਤਾਰ ਸਿੰਘ ਗਿੱਲ ਰਤਨਹੇੜੀ, ਮਾਸਟਰ ਅਵਤਾਰ ਸਿੰਘ ਆਮ ਆਦਮੀ ਪਾਰਟੀ ਬਲਾਕ ਪ੍ਰਧਾਨ ਦਿਹਾਤੀ ਖੰਨਾ, ਪਿੰਡ ਭੁਮੱਦੀ ਦੀ ਪੰਚਾਇਤ ਤੋਂ ਇਲਾਵਾ ਵੱਡੀ ਗਿਣਤੀ ਪਿੰਡ ਵਾਸੀ ਹਾਜ਼ਰ ਸਨ।
——-