ਮੁੱਖ ਖ਼ਬਰਾਂਪੰਜਾਬਭਾਰਤ

ਅੰਮ੍ਰਿਤਸਰ ਤੋਂ ਤਖਤ ਸ੍ਰੀ ਹਜੂਰ ਸਾਹਿਬ ਨਾਂਦੇੜ ਵਾਸਤੇ ਇੰਡੋ ਕੈਨੇਡੀਅਨ ਨੇ ਕੀਤੀ ਬੱਸ ਸੇਵਾ ਸ਼ੁਰੂ – ਪੜ੍ਹੋ ਕਿੰਨਾ ਸਮਾਂ ਤੇ ਕਿੰਨਾ ਕਰਾਇਆ 

ਨਿਊਜ਼ ਪੰਜਾਬ

ਅੰਮ੍ਰਿਤਸਰ, 11 ਅਪਰੈਲ – ਰੇਲ ਤੇ ਹਵਾਈ ਮਾਰਗ ਤੋਂ ਬਾਅਦ ਹੁਣ ਅੰਮ੍ਰਿਤਸਰ ਤੋਂ ਤਖਤ ਸ੍ਰੀ ਹਜੂਰ ਸਾਹਿਬ ਨਾਂਦੇੜ ਵਾਸਤੇ ਪ੍ਰਾਈਵੇਟ ਬੱਸ ਸੇਵਾ ਸ਼ੁਰੂ ਹੋ ਗਈ ਹੈ ਜਿਸ ਤਹਿਤ ਅੱਜ ਪਹਿਲੀ ਬੱਸ ਅੰਮ੍ਰਿਤਸਰ ਤੋਂ ਸ਼੍ਰੀ ਹਜ਼ੂਰ ਸਾਹਿਬ ਨਾਂਦੇੜ ਲਈ ਰਵਾਨਾ ਹੋਈ।

ਇਹ ਬੱਸ ਇੰਡੋ ਕੈਨੇਡੀਅਨ ਬੱਸ ਸਰਵਿਸ ਵੱਲੋਂ ਸ਼ੁਰੂ ਕੀਤੀ ਗਈ ਹੈ। ਇਹ ਬੱਸ ਹਫਤੇ ਵਿੱਚ ਚਾਰ ਦਿਨ ਅੰਮ੍ਰਿਤਸਰ ਤੋਂ ਨਾਂਦੇੜ ਵਾਸਤੇ ਚੱਲੇਗੀ ਅਤੇ ਚਾਰ ਦਿਨ ਨਾਂਦੇੜ ਤੋਂ ਅੰਮ੍ਰਿਤਸਰ ਲਈ ਚੱਲੇਗੀ। ਇਹ ਬਸ ਲਗਪਗ 37 ਘੰਟਿਆਂ ਵਿੱਚ ਅੰਮ੍ਰਿਤਸਰ ਤੋਂ ਨਾਂਦੇੜ ਪੁੱਜੇਗੀ। ਲਗਪਗ 42 ਸਲੀਪਰ ਸੀਟਾਂ ਵਾਲੀ ਇਹ ਬੱਸ ਅੰਮ੍ਰਿਤਸਰ ਤੋਂ ਜਲੰਧਰ, ਲੁਧਿਆਣਾ, ਦਿੱਲੀ, ਉਜੈਨ, ਇੰਦੌਰ ਹੁੰਦੀ ਹੋਈ ਨਾਂਦੇੜ ਪੁੱਜੇਗੀ।

ਬੱਸ ਹਫਤੇ ਵਿੱਚ ਚਾਰ ਦਿਨ ਵੀਰਵਾਰ, ਸ਼ੁੱਕਰਵਾਰ, ਸ਼ਨਿਚਰਵਾਰ ਅਤੇ ਐਤਵਾਰ ਨੂੰ ਅੰਮ੍ਰਿਤਸਰ ਤੋਂ ਸਵੇਰੇ 8 ਵਜੇ ਰਵਾਨਾ ਹੋਵੇਗੀ। ਇਸੇ ਤਰ੍ਹਾਂ ਨਾਂਦੇੜ ਤੋਂ ਅੰਮ੍ਰਿਤਸਰ ਵਾਸਤੇ ਹਫਤੇ ਵਿੱਚ ਚਾਰ ਵਾਰ ਐਤਵਾਰ, ਸੋਮਵਾਰ, ਮੰਗਲਵਾਰ ਅਤੇ ਬੁੱਧਵਾਰ ਨੂੰ ਸਵੇਰੇ 8 ਵਜੇ ਰਵਾਨਾ ਹੋਵੇਗੀ। ਇਹ ਬੱਸ ਅੰਮ੍ਰਿਤਸਰ ਤੋਂ ਸਵੇਰੇ 8 ਵਜੇ ਚੱਲ ਕੇ ਅਗਲੇ ਦਿਨ ਰਾਤ ਨੂੰ 9 ਵਜੇ ਨਾਂਦੇੜ ਪੁੱਜੇਗੀ। ਇਸੇ ਤਰ੍ਹਾਂ ਨਾਂਦੇੜ ਤੋਂ ਸਵੇਰੇ 8 ਵਜੇ ਚੱਲ ਕੇ ਅਗਲੇ ਦਿਨ ਰਾਤ 9 ਵਜੇ ਅੰਮ੍ਰਿਤਸਰ ਪੁੱਜੇਗੀ। ਬੱਸ ਦਾ ਕਰਾਇਆ ਪ੍ਰਤੀ ਵਿਅਕਤੀ 4000 ਰੁਪਏ ਇੱਕ ਪਾਸੇ ਦਾ ਰੱਖਿਆ ਗਿਆ ਹੈ। ਬੱਸ ਵਿੱਚ ਦੋ ਡਰਾਈਵਰ ਹੋਣਗੇ ਜੋ ਦਿਨ ਰਾਤ ਬੱਸ ਨੂੰ ਚਲਾਉਣਗੇ। ਇਹ ਬੱਸ ਰਸਤੇ ਵਿੱਚ ਦੁਪਹਿਰ ਦੇ ਭੋਜਨ, ਸ਼ਾਮ ਦੀ ਚਾਹ, ਰਾਤ ਦੀ ਰੋਟੀ ਅਤੇ ਅਗਲੇ ਦਿਨ ਸਵੇਰ ਦੇ ਨਾਸ਼ਤੇ, ਮੁੜ ਦੁਪਹਿਰ ਦੇ ਭੋਜਨ ਅਤੇ ਸ਼ਾਮ ਦੀ ਚਾਹ ਵਾਸਤੇ ਰੁਕੇਗੀ।