ਮੁੱਖ ਖ਼ਬਰਾਂਪੰਜਾਬ

ਪੰਜ ਮੈਂਬਰੀ ਭਰਤੀ ਕਮੇਟੀ ਵੱਲੋਂ ਸੰਗਰੂਰ ਵਿੱਚ ਭਾਰੀ ਇਕੱਠ – ਢੀਂਡਸਾ ਨੇ ਸਮੂੰਹ ਅਕਾਲੀ ਆਗੂਆਂ ਨੂੰ ਭਰਤੀ ਲਹਿਰ ਵਿੱਚ ਸ਼ਾਮਲ ਹੋਣ ਦੀ ਕੀਤੀ ਅਪੀਲ 

ਨਿਊਜ਼ ਪੰਜਾਬ

ਸੰਗਰੂਰ, 29 ਮਾਰਚ – ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸੁਰਜੀਤੀ ਲਈ ਬਣੀ ਭਰਤੀ ਕਮੇਟੀ ਦੀ ਤੀਜੀ ਮੀਟਿੰਗ ਅੱਜ ਸੰਗਰੂਰ ਵਿਖੇ ਹੋਈ। ਵੱਡੀ ਗਿਣਤੀ ਵਿੱਚ ਅਕਾਲੀ ਸਮਰਥਕ ਸ਼ਾਮਲ ਹੋਏ, ਇਸ ਮਿਟਿੰਗ ਵਿੱਚ ਪੰਜ ਮੈਂਬਰੀ ਕਮੇਟੀ ਤੋਂ ਇਲਾਵਾ ਪਰਮਿੰਦਰ ਸਿੰਘ ਢੀਂਡਸਾ ਅਤੇ ਐਸਜੀਪੀਸੀ ਦੇ ਸਾਬਕਾ ਪ੍ਰਧਾਨ ਗੋਬਿੰਦ ਸਿੰਘ ਲੌਗੋਵਾਲ, ਸਾਬਕਾ ਮੈਬਰ ਪਾਰਲੀਮੈਟ ਸਰਦਾਰ ਪ੍ਰੇਮ ਸਿੰਘ ਚੰਦੂਮਾਜਰਾ, ਸਾਬਕਾ ਮੰਤਰੀ ਬਲਦੇਵ ਸਿੰਘ ਮਾਨ, ਸਾਬਕਾ ਵਿਧਾਇਕ ਗਗਨਜੀਤ ਸਿੰਘ ਬਰਨਾਲਾ, ਸਾਬਕਾ ਵਿਧਾਇਕ ਬਾਬੂ ਪ੍ਰਕਾਸ਼ ਚੰਦ ਗਰਗ ਅਤੇ ਤੇਜਾ ਸਿੰਘ ਕਮਾਲਪੁਰ ਐਸਜੀਪੀਸੀ ਮੈਬਰ ਨੇ ਵੀ ਮੋਜ਼ੂਦ ਸਨ ।

ਇਕੱਠ ਨੂੰ ਸੰਬੋਧਨ ਕਰਦਿਆਂ ਸਰਦਾਰ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਲਈ ਜਿਹੜਾ ਸੁਪਨਾ ਲੈਕੇ ਸਰਦਾਰ ਸੁਖਦੇਵ ਸਿੰਘ ਢੀਂਡਸਾ ਚੱਲੇ ਸਨ, ਅੱਜ ਉਸ ਸੁਪਨੇ ਨੂੰ ਪੂਰਾ ਕਰਨ ਦੀ ਨੀਂਹ ਵੀ ਓਹਨਾ ਦੇ ਜਿਲ੍ਹੇ ਤੋਂ ਰੱਖੀ ਗਈ ਹੈ। ਸਰਦਾਰ ਢੀਂਡਸਾ ਨੇ ਅੱਜ ਦੇ ਇਕੱਠ ਲਈ ਸਾਬਕਾ ਐਸਜੀਪੀਸੀ ਪ੍ਰਧਾਨ ਗੋਬਿੰਦ ਸਿੰਘ ਲੌਗੋਵਾਲ ਦਾ ਖਾਸ ਧੰਨਵਾਦ ਕਰਦਿਆਂ ਸਮੂੰਹ ਪੰਥਕ ਆਗੂਆਂ ਨੂੰ ਅਪੀਲ ਕੀਤੀ ਕਿ ਉਹ ਵੀ ਭਰਤੀ ਮੁਹਿੰਮ ਵਿੱਚ ਸ਼ਾਮਲ ਹੋਣ, ਉਨ੍ਹਾਂ ਆਸ ਪ੍ਰਗਟਾਈ ਕਿ ਪੰਜਾਬ ਦੀ ਨੁਮਾਇਦਾ ਜਮਾਤ ਨੂੰ ਸੱਚੇ ਦਿਲੋਂ ਚਾਹੁਣ ਵਾਲੇ ਆਗੂ ਇਸ ਭਰਤੀ ਮੁਹਿਮ ਦਾ ਲਾਜ਼ਮੀ ਹਿੱਸਾ ਬਣਨਗੇ।

ਸਰਦਾਰ ਮਨਪ੍ਰੀਤ ਸਿੰਘ ਇਯਾਲੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸੰਗਰੂਰ ਦੀ ਧਰਤੀ ਤੇ ਹਮੇਸ਼ਾ ਇਨਕਲਾਬ ਦੀ ਚਿਣਗ ਬਲਦੀ ਰਹੀ ਹੈ। ਏਥੋਂ ਦੀ ਧਰਤੀ ਤੇ ਵੱਡੀਆਂ ਵੱਡੀਆਂ ਲਹਿਰਾਂ ਉੱਠੀਆਂ, ਦੇਸ਼ ਦੀ ਆਜ਼ਾਦੀ ਲਈ ਉੱਠੀ ਲਹਿਰ ਹੋਵੇ ਜਾਂ ਖੇਤੀ ਕਾਨੂੰਨਾਂ ਖਿਲਾਫ਼ ਉੱਠੀ ਲਹਿਰ ਹੋਵੇ, ਇਹਨਾ ਲਹਿਰਾਂ ਨੇ ਵੱਡੀਆਂ ਵੱਡੀਆਂ ਹਕੂਮਤਾਂ ਨੂੰ ਝੁਕਣ ਲਈ ਮਜਬੂਰ ਕੀਤਾ ।

ਜੱਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਨੇ ਮਿਲ ਰਹੇ ਜਨ ਸਮਰਥਨ ਲਈ ਧੰਨਵਾਦ ਕਰਦਿਆਂ ਕਿਹਾ ਕਿ, ਅੱਜ ਦੇ ਇਕੱਠ ਤੋ ਮਹਿਸੂਸ ਵੀ ਹੁੰਦਾ ਹੈ ਅਤੇ ਆਸ ਵੀ ਬੱਝੀ ਹੈ ਕਿ ਪੰਜਾਬ ਦੇ ਵਾਸੀ ਆਪਣੀ ਮਾਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਅਥਾਹ ਪਿਆਰ ਕਰਦੇ ਹਨ। ਇਸ ਦੀ ਮਜ਼ਬੂਤੀ ਅਤੇ ਪੁਨਰ ਸੁਰਜੀਤੀ ਲਈ ਜਿਹੜੀ ਸੇਵਾ ਓਹਨਾਂ ਦੇ ਹਿੱਸੇ ਆਈ ਹੈ, ਉਸ ਨੂੰ ਹਰ ਹੀਲੇ ਇਮਾਨਦਾਰੀ, ਬਿਨਾ ਕਿਸੇ ਸਿਆਸੀ ਭੇਦ ਭਾਵ ਪੂਰਾ ਕੀਤਾ ਜਾਵੇਗਾ।

ਸਰਦਾਰ ਇਕਬਾਲ ਸਿੰਘ ਝੂੰਦਾਂ ਨੇ ਕਿਹਾ ਕਿ, ਸਾਡਾ ਨਾ ਤਾਂ ਕੋਈ ਨਿੱਜੀ ਸਵਾਰਥ ਹੈ ਅਤੇ ਨਾ ਹੀ ਨਿੱਜੀ ਹਿੱਤ, ਅਸੀ ਸਮਰਪਣ ਭਾਵਨਾ ਹੇਠ ਅੱਗੇ ਵਧ ਰਹੇ ਹਾਂ, ਇਸ ਕਰਕੇ ਸੰਗਤ ਵਲੋ ਵੀ ਸਾਨੂੰ ਭਰੋਸਾ ਦਿੱਤਾ ਜਾ ਰਿਹਾ ਹੈ।

ਭਰਤੀ ਕਮੇਟੀ ਦੇ ਮੈਬਰ ਜੱਥੇਦਾਰ ਸੰਤਾ ਸਿੰਘ ਉਮੈਦਪੁਰ ਨੇ ਕਿਹਾ ਕਿ, ਅੱਜ ਲੋੜ ਹੈ ਪੰਥ ਅਤੇ ਪੰਜਾਬ ਦੀ ਨੁਮਾਇਦਾ ਜਮਾਤ ਨੂੰ ਬਚਾਉਣ ਲਈ ਆਪਸੀ ਮਤਭੇਦ ਅਤੇ ਵਖਰੇਵੇਂ ਭੁਲਾ ਕੇ ਇਕੱਠੇ ਹੋਈਏ।

ਸਰਦਾਰ ਲੌਂਗੋਵਾਲ ਨੇ ਕਿਹਾ ਕਿ ਅੱਜ ਹਰ ਸਿੱਖ ਦੀ ਜ਼ਿਮੇਵਾਰੀ ਬਣਦੀ ਹੈ ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੋਏ ਹੁਕਮਾਂ ਤੇ ਪਹਿਰਾ ਦੇਵੇ। ਸਰਦਾਰ ਲੌਂਗੋਵਾਲ ਨੇ ਸਾਫ ਕੀਤਾ ਕਿ ਇੱਕ ਸਮਰਪਿਤ ਸਿੱਖ ਕਦੇ ਵੀ ਡੋਲਦਾ ਨਹੀਂ, ਹਮੇਸ਼ਾ ਹੁਕਮਨਾਮਾ ਸਾਹਿਬ ਨੂੰ ਆਪਣੇ ਲਈ ਰੌਸ਼ਨੀ ਦਾ ਰੂਪ ਸਮਝਦਾ ਹੈ, ਇਸ ਲਈ ਜਿਹੜੇ ਲੋਕ ਹੁਕਮਨਾਮਾ ਸਾਹਿਬ ਤੋਂ ਆਕੀ ਹਨ, ਓਹਨਾ ਨੂੰ ਖਾਸ ਅਪੀਲ ਕੀਤੀ ਕਿ ਅਕਾਲੀ ਸੋਚ ਸਾਨੂੰ ਸ੍ਰੀ ਅਕਾਲ ਤਖ਼ਤ ਤੋ ਲੈਣ ਦੀ ਪ੍ਰੇਰਣਾ ਦਿੰਦੀ ਹੈ, ਇਸ ਕਰਕੇ ਆਓ ਅਕਾਲੀ ਸੋਚ ਤੇ ਪਹਿਰਾ ਦੇਕੇ ਆਪਣੀ ਸਿਆਸੀ ਨੁਮਾਇਦਾ ਜਮਾਤ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਲਈ ਕੰਮ ਕਰੀਏ।