ਜਲੰਧਰਮੁੱਖ ਖ਼ਬਰਾਂਪੰਜਾਬ

ਜਲੰਧਰ ਦੇ ਪਾਰਕ ਵਿੱਚ ਖੇਡਦੇ ਸਮੇਂ 9 ਸਾਲਾ ਬੱਚੇ ‘ਤੇ ‘ਅੱਗ ਦਾ ਗੋਲਾ’ ਬਣ ਕੇ ਡਿੱਗੀ ਬਿਜਲੀ, ਮੌਕੇ ‘ਤੇ ਹੋਈ ਮੌਤ

ਨਿਊਜ਼ ਪੰਜਾਬ

ਜਲੰਧਰ,29 ਮਾਰਚ 2025

ਜਲੰਧਰ ਵਿੱਚ ਇੱਕ ਬਹੁਤ ਹੀ ਰੌਂਗਟੇ ਖੜੇ ਕਰਨ ਵਾਲੀ ਘਟਨਾ ਵਾਪਰੀ ਹੈ। ਗੁਰੂ ਨਾਨਕਪੁਰਾ ਵੈਸਟ ਦੇ ਪਾਰਕ ਵਿੱਚ ਆਸਮਾਨ ਤੋਂ ਅੱਗ ਦਾ ਗੋਲਾ ਬਣ ਕੇ ਡਿੱਗੀ ਬਿਜਲੀ ਨੇ ਇੱਕ ਬੱਚੇ ਦੀ ਜਾਨ ਲੈ ਲਈ ਹੈ। ਘਟਨਾ ਦਾ ਖੌਫ਼ਨਾਕ ਮੰਜਰ ਸੀਸੀਟੀਵੀ ਵਿੱਚ ਕੈਦ ਹੋ ਗਿਆ।

ਜਾਣਕਾਰੀ ਅਨੁਸਾਰ ਬੱਚਾ ਆਰਵ ਤੀਜੀ ਜਮਾਤ ਵਿੱਚ ਪੜ੍ਹਦਾ ਸੀ, ਜੋ ਕਿ ਇਥੇ ਪਾਰਕ ਵਿੱਚ ਹੋਰਨਾਂ ਬੱਚਿਆਂ ਨਾਲ ਖੇਡ ਰਿਹਾ ਸੀ। ਇਸ ਦੌਰਾਨ ਪਾਰਕ ਵਿੱਚ ਉਪਰੋਂ ਲੰਘਣੀਆਂ 66 ਕੇਵੀ ਲਾਈਨਾਂ ‘ਤੇ ਜਦੋਂ ਬੱਚੇ ਨੇ ਪੱਥਰ ਵਰਗੀ ਕੋਈ ਚੀਜ਼ ਰੱਸੀ ਨਾਲ ਬੰਨ੍ਹ ਕੇ ਸੁੱਟੀ ਤਾਂ ਉਹ ਤਾਰਾਂ ਨਾਲ ਲੱਗਦਿਆਂ ਹੀ ਇਹ ਹਾਦਸਾ ਵਾਪਰ ਗਿਆ। ਅਚਾਨਕ ਇੱਕ ਧਮਾਕਾ ਹੋਇਆ ਅਤੇ ਅੱਗ ਦਾ ਗੋਲਾ ਬਣ ਕੇ ਬਿਜਲੀ ਬੱਚੇ ਉਪਰ ਡਿੱਗੀ ਗਈ। ਹਾਦਸੇ ਕਾਰਨ ਬੱਚਾ ਉਥੇ ਜ਼ਮੀਨ ‘ਤੇ ਡਿੱਗ ਗਿਆ।

ਜਾਣਕਾਰੀ ਅਨੁਸਾਰ ਬੱਚੇ ਦਾ ਪਰਿਵਾਰ ਗੁਰੂ ਨਾਨਕਪੁਰਾ ਵੈਸਟ ਝੁੱਗੀ ਦਾ ਰਹਿਣ ਵਾਲਾ ਹੈ, ਜੋ ਕਿ ਜ਼ਮੀਨ ਪਾਵਰਕੌਮ ਦੀ ਹੈ। ਬੱਚੇ ਨਾਲ ਹਾਦਸਾ ਵਾਪਰਨ ‘ਤੇ ਦੂਜੇ ਬੱਚਿਆਂ ਅਤੇ ਲੋਕਾਂ ਵਿੱਚ ਹੜਕੰਪ ਮੱਚ ਗਿਆ। ਉਪਰੰਤ ਲੋਕਾਂ ਨੇ ਤੁਰੰਤ ਉਸ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ, ਜਿਥੇ ਉਸ ਦੀ ਨਾਜ਼ੁਕ ਹਾਲਤ ਨੂੰ ਵੇਖਦਿਆਂ ਅੰਮ੍ਰਿਤਸਰ ਲਈ ਰੈਫ਼ਰ ਕੀਤਾ ਗਿਆ, ਪਰੰਤੂ ਰਸਤੇ ਵਿੱਚ ਹੀ ਬੱਚੇ ਦੀ ਮੌਤ ਹੋ ਗਈ।

ਮ੍ਰਿਤਕ ਬੱਚੇ ਦੇ ਨਾਨਾ ਹਰੀ ਸਿੰਘ ਨੇ ਦੱਸਿਆ ਕਿ ਆਰਵ ਸ਼ਾਮ 4 ਵਜੇ ਪਾਰਕ ਵਿੱਚ ਬੱਚਿਆਂ ਨਾਲ ਖੇਡ ਰਿਹਾ ਸੀ। ਜਦੋਂ ਉਸਨੇ ਇੱਕ ਪਲਾਸਟਿਕ ਦੀ ਚੀਜ਼ ਨੂੰ ਉੱਪਰ ਵੱਲ ਸੁੱਟ ਦਿੱਤਾ, ਅਚਾਨਕ ਉਸ ਨੂੰ ਬਿਜਲੀ ਪੈ ਗਈ।