ਮੁੱਖ ਖ਼ਬਰਾਂਪੰਜਾਬ

ਸਕੂਲ ਮੁਖੀਆਂ ਨੇ ਸਕੂਲਾਂ ਵਿੱਚ ਮਾਪਿਆਂ ਦਾ ਸਵਾਗਤ ਕੀਤਾ ਅਤੇ ਵਿਦਿਆਰਥੀਆਂ ਦੀ ਹੌਸਲਾ ਅਫ਼ਜ਼ਾਈ ਕੀਤੀ

ਨਿਊਜ਼ ਪੰਜਾਬ

ਪਟਿਆਲਾ 29 ਮਾਰਚ 2025

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਰਹਿਨੁਮਾਈ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਦਿਸ਼ਾ ਨਿਰਦੇਸ਼ ਅਨੁਸਾਰ ਪਟਿਆਲਾ ਜ਼ਿਲ੍ਹੇ ਦੇ ਸਮੂਹ ਸਰਕਾਰੀ ਸਕੂਲ ’ਚ ਹੋਈ ਮਾਪੇ ਅਧਿਆਪਕ ਮਿਲਣੀ ’ਚ ਮਾਪਿਆਂ ਨੇ ਉਤਸ਼ਾਹ ਨਾਲ ਮੈਗਾ ਮਾਪੇ ਅਧਿਆਪਕ ਮਿਲਣੀ ਵਿੱਚ ਸ਼ਮੂਲੀਅਤ ਕੀਤੀ।

ਇਸ ਪ੍ਰੋਗਰਾਮ ਵਿੱਚ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ, ਨਾਭਾ ਦੇ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ, ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ, ਏਡੀਸੀ (ਜ) ਇਸ਼ਾ ਸਿੰਗਲ, ਮੇਅਰ ਕੁੰਦਨ ਗੋਗੀਆ, ਡਿਪਟੀ ਮੇਅਰ ਜਗਦੀਪ ਜੱਗਾ ਨੇ ਮਾਪੇ ਅਧਿਆਪਕ ਮਿਲਣੀ ਵਿੱਚ ਸ਼ਿਰਕਤ ਕਰਕੇ ਵਿਦਿਆਰਥੀਆਂ ਅਤੇ ਅਧਿਆਪਕਾਂ ਦਾ ਹੌਸਲਾ ਵਧਾਇਆ ਅਤੇ ਬੱਚਿਆਂ ਦੀ ਸਾਲਾਨਾ ਪ੍ਰਗਤੀ ਬਾਰੇ ਜਾਣਕਾਰੀ ਪ੍ਰਾਪਤ ਕੀਤੀ।

ਇਸ ਮੌਕੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਕਿਹਾ ਕਿ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਮਾਪੇ-ਅਧਿਆਪਕ ਮਿਲਣੀ ਵੱਡੀ ਭੂਮਿਕਾ ਨਿਭਾਏਗੀ, ਕਿਉਂਕਿ ਮਾਪਿਆਂ ਤੇ ਅਧਿਆਪਕਾਂ ਦਾ ਬੱਚਿਆਂ ਦੀ ਜ਼ਿੰਦਗੀ ’ਤੇ ਡੂੰਘਾ ਪ੍ਰਭਾਵ ਹੁੰਦਾ ਹੈ ਤੇ ਜਦ ਦੋਵੇ ਇਕੱਠੇ ਬੱਚੇ ਭਵਿੱਖ ਲਈ ਰਣਨੀਤੀ ਤਿਆਰ ਕਰਨਗੇ ਤਾਂ ਨਤੀਜੇ ਸ਼ਾਨਦਾਰ ਆਉਣਗੇ। ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਅਗਵਾਈ ’ਚ ਸੂਬੇ ’ਚ ਸਿੱਖਿਆ ਕ੍ਰਾਂਤੀ ਆਈ ਹੈ ਜਿਸ ਤਹਿਤ ਸਕੂਲ ਆਫ਼ ਐਮੀਨੈਂਸ ਦੀ ਸ਼ੁਰੂਆਤ ਕੀਤੀ ਗਈ ਹੈ ਜੋ ਵਿਦਿਆਰਥੀਆਂ ਦੇ ਹੁਨਰ ਨੂੰ ਤਰਾਸ਼ਣ ਦਾ ਕੰਮ ਕਰਨਗੇ।

ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਵਿਦਿਆਰਥੀਆਂ ਨੂੰ ਸਖਤ ਮਿਹਨਤ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਮਿਹਨਤ ਨਾਲ ਜ਼ਿੰਦਗੀ ’ਚ ਹਰੇਕ ਮੁਕਾਮ ਹਾਸਲ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜ਼ਿੰਦਗੀ ’ਚ ਆਪਣੇ ਟੀਚੇ ਨੂੰ ਪ੍ਰਾਪਤ ਕਰਨ ਲਈ ਵਿਦਿਆਰਥੀ ‌ਸਿਰਫ਼ ਮਿਹਨਤ ਕਰਨ ਵੱਲ ਹੀ ਧਿਆਨ ਕੇਂਦਰਿਤ ਕਰਨ ਕਿਉਂਕਿ ਮਿਹਨਤ ਨਾਲ ਹੀ ਹਰੇਕ ਮੰਜ਼ਲ ਸਰ ਕੀਤੀ ਜਾ ਸਕਦੀ ਹੈ।

ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਸੰਜੀਵ ਸ਼ਰਮਾ ਨੇ ਦੱਸਿਆ ਕਿ ਇਹ ਮਿਲਣੀ ਸਕੂਲ ਸਿੱਖਿਆ ਵਿਭਾਗ ਦੇ ਸਕੱਤਰ ਅਨਿੰਦਿਤਾ ਮਿੱਤਰਾ ਦੀਆਂ ਹਦਾਇਤਾਂ ਅਨੁਸਾਰ ਛੇਵੀਂ, ਸੱਤਵੀਂ, ਨੌਵੀਂ ਅਤੇ ਗਿਆਰ੍ਹਵੀਂ ਜਮਾਤਾਂ ਦੇ ਵਿਦਿਆਰਥੀਆਂ ਦੇ ਸਾਲਾਨਾ ਨਤੀਜੇ ਘੋਸ਼ਿਤ ਕਰਨ ਮੌਕੇ ਕਰਵਾਈ ਗਈ। ਜਿਸ ਦਾ ਮੁੱਖ ਉਦੇਸ਼ ਮਾਪਿਆਂ ਨੂੰ ਉਹਨਾਂ ਦੇ ਬੱਚਿਆਂ ਦੀ ਅਕਾਦਮਿਕ ਅਤੇ ਸਹਿ ਅਕਾਦਮਿਕ ਗਤੀਵਿਧੀਆਂ ਬਾਰੇ ਜਾਣੂੰ ਕਰਵਾਉਣਾ ਸੀ। ਸੰਜੀਵ ਸ਼ਰਮਾ ਨੇ ਸਕੂਲ ਆਫ਼ ਐਮੀਨੈਂਸ ਫ਼ੀਲਖ਼ਾਨਾ ਦੇ ਪ੍ਰਿੰਸੀਪਲ ਡਾ: ਰਜਨੀਸ਼ ਗੁਪਤਾ ਅਤੇ ਸਮੂਹ ਸਟਾਫ਼ ਦੀ ਰਾਜਵੀਰ ਪ੍ਰਸੰਸਾ ਕਰਦਿਆਂ ਕਿਹਾ ਕਿ ਪ੍ਰਿੰਸੀਪਲ ਅਤੇ ਸਟਾਫ਼ ਨੇ ਮਿਲ ਕੇ ਲਗਭਗ ਦੋ ਲੱਖ ਰੁਪਏ ਦੀ ਰਾਸ਼ੀ ਇਕੱਤਰ ਕਰਕੇ ਸਕੂਲ ਦੇ ਅੰਤਰ-ਰਾਸ਼ਟਰੀ, ਰਾਸ਼ਟਰੀ, ਸਟੇਟ, ਜ਼ੋਨ ਅਤੇ ਜ਼ਿਲ੍ਹਾ ਪੱਧਰ ਤੇ ਵੱਖ-ਵੱਖ ਅਕਾਦਮਿਕ, ਸਹਿ ਅਕਾਦਮਿਕ ਅਤੇ ਖੇਡਾਂ ਦੇ ਖੇਤਰਾਂ ਵਿੱਚ ਨਾਮਣਾ ਖੱਟਣ ਵਾਲੇ ਵਿਦਿਆਰਥੀਆਂ ਨੂੰ ਉਚੇਚੇ ਤੌਰ ਤੇ ਸਨਮਾਨਿਤ ਕੀਤਾ।

ਡਾ. ਰਵਿੰਦਰਪਾਲ ਸ਼ਰਮਾ, ਉਪ-ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਪਟਿਆਲਾ ਨੇ ਦੱਸਿਆ ਕਿ ਵਿਦਿਆਰਥੀਆਂ ਦੀ ਸਾਲਾਨਾ ਪ੍ਰਗਤੀ ਨੂੰ ਦਰਸਾਉਣ ਲਈ ਸਕੂਲਾਂ ਵੱਲੋਂ ਬੱਚਿਆਂ ਦੇ ਪ੍ਰਗਤੀ ਕਾਰਡ ਵੀ ਜਾਰੀ ਕੀਤੇ ਗਏ।

ਸਕੂਲ ਮੁਖੀਆਂ ਨੇ ਮਾਪਿਆਂ ਦਾ ਉਤਸ਼ਾਹਪੂਰਨ ਸਵਾਗਤ ਕੀਤਾ ਅਤੇ ਵਿਦਿਆਰਥੀਆਂ ਦੀ ਹੌਸਲਾ ਅਫ਼ਜ਼ਾਈ ਕੀਤੀ। ਅਧਿਆਪਕਾਂ ਵੱਲੋਂ ਮਾਪਿਆਂ ਨੂੰ ਨਵੇਂ ਸੈਸ਼ਨ ਦੌਰਾਨ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ ਗਈ।

ਸਵੇਰੇ ਤੋਂ ਹੀ ਮਾਪੇ ਆਪਣੇ ਬੱਚਿਆਂ ਦੀ ਪ੍ਰਗਤੀ ਬਾਰੇ ਜਾਣਕਾਰੀ ਲੈਣ ਲਈ ਸਕੂਲਾਂ ਵਿੱਚ ਪਹੁੰਚੇ। ਉਨ੍ਹਾਂ ਨੇ ਅਧਿਆਪਕਾਂ ਨਾਲ ਖੁੱਲ੍ਹੇ ਦਿਲ ਨਾਲ ਗੱਲਬਾਤ ਕੀਤੀ ਅਤੇ ਆਪਣੇ ਸੁਝਾਅ ਵੀ ਦਿੱਤੇ। ਮਾਪਿਆਂ ਨੇ ਸਰਕਾਰ ਦੀ ਇਸ ਪਹਿਲ ਨੂੰ ਸਰਾਹਿਆ ਅਤੇ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਹੋਰ ਨਿਖਾਰਨ ਵਿੱਚ ਮਦਦਗਾਰ ਸਾਬਤ ਹੋਣਗੇ। ਕੁਝ ਸਕੂਲਾਂ ਵਿੱਚ ਵਿਦਿਆਰਥੀਆਂ ਵੱਲੋਂ ਵਿਸ਼ੇਸ਼ ਪੇਸ਼ਕਾਰੀਆਂ ਵੀ ਕੀਤੀਆਂ ਗਈਆਂ, ਜਿਵੇਂ ਕਿ ਆਕਰਸ਼ਕ ਸਿੱਖਣ ਸਿਖਾਉਣ ਸਮਗਰੀ (ਟੀ. ਐੱਲ. ਐੱਮ.), ਬੱਚਿਆਂ ਦੁਆਰਾ ਵੇਸਟ ਮਟੀਰੀਅਲ ਤੋਂ ਤਿਆਰ ਕੀਤੀਆਂ ਕਲਾ-ਕ੍ਰਿਤੀਆਂ ਅਤੇ ਪੇਂਟਿੰਗ, ਸੈਲਫੀ ਪੁਆਇੰਟ, ਸਵਾਗਤੀ ਬੋਰਡ, ਬਿਜ਼ਨਸ ਬਲਾਸਟਰ ਸਟਾਲਾਂ ਆਦਿ। ਮਾਪਿਆਂ ਨੇ ਅਧਿਆਪਕਾਂ ਨਾਲ ਆਪਣੇ ਬੱਚਿਆਂ ਦੇ ਮਨੋਵਿਗਿਆਨਕ ਅਤੇ ਵਿਅਕਤੀਗਤ ਵਿਕਾਸ ਸੰਬੰਧੀ ਵੀ ਚਰਚਾ ਕੀਤੀ। ਇਸ ਤੋਂ ਇਲਾਵਾ ਮਾਪਿਆਂ ਨੂੰ ਸਮਾਰਟ ਕਲਾਸ-ਰੂਮ, ਵਾਧੂ ਗਤੀਵਿਧੀਆਂ ਅਤੇ ਕਰੀਅਰ ਗਾਈਡੈਂਸ ਬਾਰੇ ਵੀ ਜਾਣੂੰ ਕਰਵਾਇਆ ਗਿਆ।

ਮਾਪਿਆਂ ਨੇ ਸਿੱਖਿਆ ਵਿਭਾਗ ਦੇ ਇਸ ਪ੍ਰੋਗਰਾਮ ਨੂੰ ਇੱਕ ਵੱਡੀ ਕਾਮਯਾਬੀ ਦੱਸਿਆ ਅਤੇ ਆਉਣ ਵਾਲੇ ਸਮਿਆਂ ਵਿੱਚ ਵੀ ਇਸ ਤਰ੍ਹਾਂ ਦੀਆਂ ਮਿਲਣੀਆਂ ਆਯੋਜਿਤ ਕਰਨ ਦੀ ਗੱਲ ਕਹੀ। ਇਸ ਮੌਕੇ ‘ਤੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੇ ਵੀ ਸਕੂਲ ਆਫ਼ ਐਮੀਨੈਂਸ ਫ਼ੀਲਖ਼ਾਨਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤ੍ਰਿਪੜੀ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਆਲੋਵਾਲ, ਸਰਕਾਰੀ ਹਾਈ ਸਕੂਲ ਅਗੋਲ, ਸਰਕਾਰੀ ਮਿਡਲ ਸਕੂਲ ਸਹੋਲੀ ਅਤੇ ਹੋਰ ਕਈ ਸਕੂਲਾਂ ਵਿੱਚ ਜਾ ਕੇ ਮਾਪੇ ਅਧਿਆਪਕ ਮਿਲਣੀ ਦੀ ਪ੍ਰਕਿਰਿਆ ਦੀ ਜਾਂਚ ਕੀਤੀ ਅਤੇ ਵਿਦਿਆਰਥੀਆਂ ਅਤੇ ਅਧਿਆਪਕਾਂ ਨਾਲ ਗੱਲਬਾਤ ਕੀਤੀ।