ਪਾਕਿਸਤਾਨ ‘ਚ ਬੱਬਰ ਖਾਲਸਾ ਦੇ ਡਿਪਟੀ ਚੀਫ ਮਹਿਲ ਸਿੰਘ ਬੱਬਰ ਦੀ ਮੌਤ
ਨਿਊਜ਼ ਪੰਜਾਬ
26 ਮਾਰਚ 2025
ਪਾਕਿਸਤਾਨ ਵਿੱਚ ਆਈ.ਐਸ.ਆਈ ਦੀ ਸ਼ਹਿ ‘ਤੇ ਚਾਰ ਦਹਾਕਿਆਂ ਤੋਂ ਵੱਧ ਸਮਾਂ ਖਾਲਿਸਤਾਨ ਲਹਿਰ ਵਿੱਚ ਸਰਗਰਮ ਬੱਬਰ ਖਾਲਸਾ ਦੇ ਡਿਪਟੀ ਚੀਫ ਜਥੇਦਾਰ ਮਹਿਲ ਸਿੰਘ ਬੱਬਰ ਦਾ ਲਾਹੌਰ ਦੇ ਹਸਪਤਾਲ ਵਿੱਚ ਦੇਹਾਂਤ ਹੋ ਗਿਆ। ਮਹਿਲ ਸਿੰਘ ਬੱਬਰ ਦਾ ਨਾਮ ਭਾਰਤ ਸਰਕਾਰ ਵੱਲੋਂ ਅਤਿ ਲੋੜੀਂਦੇ ਖਾਲਿਸਤਾਨੀ ਅੱਤਵਾਦੀਆਂ ਦੀ ਸੂਚੀ ਵਿੱਚ ਰੱਖਿਆ ਗਿਆ ਸੀ ਤੇ ਭਾਰਤ ਵੱਲੋਂ ਪਾਕਿਸਤਾਨ ਸਰਕਾਰ ਤੋਂ ਅਨੇਕਾਂ ਬਾਰ ਮਹਿਲ ਸਿੰਘ ਸਮੇਤ 70 ਦੇ ਕਰੀਬ ਖਾਲਿਸਤਾਨ ਅੱਤਵਾਦੀਆਂ ਨੂੰ ਮੰਗਿਆ ਗਿਆ ਸੀ ਤੇ ਹਰ ਬਾਰ ਪਾਕਿਸਤਾਨ ਨੇ ਕਿਸੇ ਵੀ ਖਾਲਿਸਤਾਨ ਆਗੂ ਦੇ ਪਾਕਿਸਤਾਨ ਵਿੱਚ ਹੋਣ ਤੋਂ ਇਨਕਾਰ ਕੀਤਾ ਸੀ।
ਜਦੋਂ ਕਿ ਭਾਰਤ ਲਈ ਲੋੜੀਂਦੇ ਰਹੇ ਮਸ਼ਹੂਰ ਖਾਲਿਸਤਾਨੀਆ ਵਿੱਚ ਲਖਵੀਰ ਸਿੰਘ ਰੋਡੇ, ਪਰਮਜੀਤ ਸਿੰਘ ਪੰਜਵੜ, ਗਜਿੰਦਰ ਸਿੰਘ ਦੀ ਮੌਤ ਲਾਹੌਰ ਸ਼ਹਿਰ ਵਿੱਚ ਹੀ ਹੋਈ ਸੀ ਤੇ ਹੁਣ ਮਹਿਲ ਸਿੰਘ ਬੱਬਰ ਦਾ ਵੀ ਲਾਹੌਰ ਦੇ ਹਸਪਤਾਲ ਵਿੱਚ ਦੇਹਾਂਤ ਹੋ ਗਿਆ। ਸੂਤਰਾਂ ਮੁਤਾਬਕ ਮਹਿਲ ਸਿੰਘ ਬੱਬਰ ਦਾ ਸੰਸਕਾਰ ਨਨਕਾਣਾ ਸਾਹਿਬ ਦੇ ਸ਼ਮਸ਼ਾਨਘਾਟ ਵਿੱਚ ਭਲਕੇ ਅਮਰੀਕਾ ਤੋਂ ਉਸ ਦੀ ਬੇਟੀ ਤੇ ਫਰਾਂਸ ਤੋਂ ਬੇਟੇ ਦੇ ਆਉਣ ਉਪਰੰਤ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।