ਮੁੱਖ ਖ਼ਬਰਾਂਪੰਜਾਬ

ਡਿਪਟੀ ਕਮਿਸ਼ਨਰ ਵੱਲੋਂ ਸ਼ੰਭੂ ਬਾਰਡਰ ਦਾ ਦੌਰਾ, ਆਵਾਜਾਈ ਖੋਲ੍ਹੇ ਜਾਣ ਦੀ ਕਾਰਵਾਈ ਦਾ ਜਾਇਜ਼ਾ

ਨਿਊਜ਼ ਪੰਜਾਬ

ਪਟਿਆਲਾ,20 ਮਾਰਚ 2025

ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਅੱਜ ਸ਼ੰਭੂ ਬਾਰਡਰ ਦਾ ਦੌਰਾ ਕਰਕੇ ਇੱਥੇ ਜੀ.ਟੀ. ਰੋਡ ਰਾਹੀਂ ਅੰਬਾਲਾ-ਦਿੱਲੀ ਜਾਣ ਵਾਲੇ ਰਾਸ਼ਟਰੀ ਰਾਜ ਮਾਰਗ ਉਤੇ ਰੁਕਾਵਟਾਂ ਚੁੱਕੇ ਜਾਣ ਦਾ ਜਾਇਜ਼ਾ ਲਿਆ। ਇਸੇ ਦੌਰਾਨ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਅਤੇ ਐਸ.ਐਸ.ਪੀ. ਡਾ. ਨਾਨਕ ਸਿੰਘ ਨੇ ਅੰਬਾਲਾ ਦੇ ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ ਨਾਲ ਵੀਡੀਓ ਕਾਨਫਰੰਸਿੰਗ ਜਰੀਏ ਇੱਕ ਅਹਿਮ ਬੈਠਕ ਕਰਕੇ ਰਾਹਗੀਰਾਂ ਦੀ ਸਹੂਲਤ ਲਈ ਆਵਾਜਾਈ ਆਮ ਵਾਂਗ ਬਹਾਲ ਕਰਨ ਲਈ ਚਰਚਾ ਕੀਤੀ।

ਡਿਪਟੀ ਕਮਿਸ਼ਨਰ ਨੇ ਇੱਥੇ ਪੱਤਰਕਾਰਾਂ ਨਾਲ ਗ਼ੈਰ ਰਸਮੀ ਗੱਲਬਾਤ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਵਾਲੇ ਪਾਸੇ ਤੋਂ ਹਰਿਆਣਾ ਨਾਲ ਲੱਗਦੇ ਬਾਰਡਰਾਂ ‘ਤੇ ਰੁਕਾਵਟਾਂ ਨੂੰ ਹਟਾ ਦਿੱਤਾ ਗਿਆ ਹੈ ਅਤੇ ਹਰਿਆਣਾ ਵਾਲੇ ਪਾਸਿਓਂ ਵੀ ਰੁਕਾਵਟਾਂ ਦੂਰ ਕੀਤੀਆਂ ਜਾ ਰਹੀਆ ਹਨ ਅਤੇ ਜਲਦ ਹੀ ਸਾਰੀ ਆਵਾਜਾਈ ਬਹਾਲ ਹੋ ਰਹੀ ਹੈ।

ਉਨ੍ਹਾਂ ਦੱਸਿਆ ਕਿ ਨੈਸ਼ਨਲ ਹਾਈਵੇ ਅਥਾਰਟੀ ਵੱਲੋਂ ਜੀ.ਟੀ. ਰੋਡ ਸੜਕ ਸਮੇਤ ਸ਼ੰਭੂ ਨੇੜੇ ਇਸ ਉਪਰ ਬਣੇ ਪੁੱਲਾਂ ਆਦਿ ਦੀ ਸੁਰੱਖਿਆ ਅਤੇ ਮਜ਼ਬੂਤੀ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਦੋਂ ਉਨ੍ਹਾਂ ਵੱਲੋਂ ਸੁਰੱਖਿਆ ਦਾ ਸਰਟੀਫਿਕੇਟ ਮਿਲ ਜਾਂਦਾ ਹੈ ਤਾਂ ਉਸੇ ਸਮੇਂ ਭਾਰੀ ਵਹੀਕਲਾਂ ਦੀ ਆਵਾਜਾਈ ਬਹਾਲ ਹੋ ਜਾਵੇਗੀ ਜਦੋਂ ਕਿ ਹਲਕੇ ਵਾਹਨਾਂ ਦੀ ਆਵਾਜਾਈ ਚਾਲੂ ਹੋ ਗਈ ਹੈ।

ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਕਿਸਾਨਾਂ ਦੇ ਜੋ ਟ੍ਰੈਕਟਰ-ਟਰਾਲੀਆਂ ਤੇ ਹੋਰ ਜੋ ਵੀ ਸਾਮਾਨ ਸ਼ੰਭੂ ਅਤੇ ਢਾਬੀ ਗੁੱਜਰਾਂ ਬਾਰਡਰਾਂ ‘ਤੇ ਪਿਆ ਹੈ, ਉਹ ਬਿਲਕੁਲ ਸੁਰੱਖਿਅਤ ਹੈ ਅਤੇ ਇਸ ਨੂੰ ਕਿਸਾਨਾਂ ਨੂੰ ਸੌਂਪਣ ਲਈ ਸਬੰਧਤ ਐਸ.ਡੀ.ਐਮਜ਼ ਤੇ ਹੋਰ ਅਧਿਕਾਰੀ ਆਪਣੀ ਨਿਗਰਾਨੀ ਹੇਠ ਸਬੰਧਤਾਂ ਨੂੰ ਸੌਂਪਣ ਲਈ ਡਿਊਟੀ ‘ਤੇ ਤਾਇਨਾਤ ਹਨ। ਇਸ ਦੌਰਾਨ ਐਸ.ਡੀ.ਐਮ ਰਾਜਪੁਰਾ ਅਵਿਕੇਸ਼ ਗੁਪਤਾ ਵੀ ਮੌਜੂਦ ਸਨ।