ਜ਼ਿਲ੍ਹਾ ਲੁਧਿਆਣਾ ਵਿੱਚ ਅੱਜ ਆਏ 3 ਨਵੇਂ ਪਾਜ਼ੀਟਿਵ ਮਾਮਲੇ-ਡਿਪਟੀ ਕਮਿਸ਼ਨਰ

ਲੁਧਿਆਣਾ, 9 ਮਈ ( ਨਿਊਜ਼ ਪੰਜਾਬ)- ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ 24 ਘੰਟੇ ਦੌਰਾਨ ਜ਼ਿਲ੍ਹਾ ਲੁਧਿਆਣਾ ਵਿੱਚ 3 ਨਵੇਂ ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ। ਹੁਣ ਤੱਕ ਜ਼ਿਲ੍ਹਾ ਲੁਧਿਆਣਾ ਵਿੱਚ 3946 ਨਮੂਨੇ ਲਏ ਗਏ ਹਨ। ਜਿਨ੍ਹਾਂ ਵਿੱਚੋਂ 3578 ਨਮੂਨਿਆਂ ਦੇ ਨਤੀਜੇ ਪ੍ਰਾਪਤ ਹੋ ਚੁੱਕੇ ਹਨ ਅਤੇ 368 ਨਮੂਨਿਆਂ ਦੇ ਨਤੀਜਿਆਂ ਦੀ ਉਡੀਕ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਲੁਧਿਆਣਾ ਨਾਲ ਸੰਬੰਧਤ ਪਾਜ਼ੀਟਿਵ ਮਾਮਲੇ 126 ਅਤੇ ਹੋਰ ਜ਼ਿਲ੍ਹਿਆਂ ਨਾਲ ਸੰਬੰਧਤ 22 ਹਨ। ਹੁਣ ਤੱਕ 10 ਮਰੀਜ਼ਾਂ ਠੀਕ ਹੋ ਚੁੱਕੇ ਹਨ। ਇਸ ਤੋਂ ਇਲਾਵਾ ਹੁਣ ਤੱਕ 6 ਮੌਤਾਂ (ਇੱਕ ਅੱਜ) ਹੋ ਚੁੱਕੀਆਂ ਹਨ।
ਸ੍ਰੀ ਅਗਰਵਾਲ ਨੇ ਦੱਸਿਆ ਕਿ ਅੱਜ ਸਾਹਮਣੇ ਆਏ ਪਾਜ਼ੀਟਿਵ ਮਾਮਲਿਆਂ ਵਿੱਚ ਨਵੀਂ ਦਿੱਲੀ ਦੇ ਦੋ ਮਰੀਜ਼ ਰੇਲਵੇ ਪੁਲਿਸ ਫੋਰਸ ਨਾਲ ਸੰਬੰਧਤ ਹਨ। ਜਦਕਿ ਤੀਜਾ ਮਾਮਲਾ 17 ਸਾਲਾ ਲੜਕੀ ਦਾ ਹੈ, ਜੋ ਕਿ ਹੈਬੋਵਾਲ ਖੇਤਰ ਨਾਲ ਸਬੰਧਤ ਹੈ। ਅੱਜ ਮਰਨ ਵਾਲਾ ਮਰੀਜ਼ 56 ਸਾਲਾ ਮਰੀਜ਼ ਜਗਰਾਂਉ ਨੇੜੇ ਪਿੰਡ ਮਾਣੂੰਕੇ ਦਾ ਰਹਿਣ ਵਾਲਾ ਸੀ। ਇਹ ਵਿਅਕਤੀ ਨੰਦੇੜ ਤੋਂ ਆਇਆ ਸੀ ਅਤੇ ਇਸ ਦਾ ਸਥਾਨਕ ਸਿਵਲ ਹਸਪਤਾਲ ਵਿਖੇ ਇਲਾਜ਼ ਚੱਲ ਰਿਹਾ ਸੀ। ਸਿਵਲ ਸਰਜਨ ਡਾ. ਰਾਜੇਸ਼ ਕੁਮਾਰ ਬੱਗਾ ਅਨੁਸਾਰ ਸ਼ੱਕ ਹੈ ਕਿ ਇਸ ਮਰੀਜ਼ ਦੀ ਮੌਤ ਦਿਲ ਫੇਲ੍ਹ ਹੋਣ ਕਾਰਨ ਹੋਈ ਹੈ।
ਸ੍ਰੀ ਅਗਰਵਾਲ ਨੇ ਦੱਸਿਆ ਕਿ ਇਸ ਸਥਿਤੀ ਵਿੱਚ ਜ਼ਿਲ੍ਹਾ ਪ੍ਰਸਾਸ਼ਨ ਲਗਾਤਾਰ 24 ਘੰਟੇ ਕੰਮ ਕਰ ਰਿਹਾ ਹੈ ਤਾਂ ਜੋ ਇਸ ਬਿਮਾਰੀ ਨੂੰ ਹੋਰ ਫੈਲਣ ਤੋਂ ਰੋਕਿਆ ਜਾ ਸਕੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਇਹ ਇਸ ਬਿਮਾਰੀ ਤੋਂ ਬਚਣ ਲਈ ਘਰਾਂ ਦੇ ਅੰਦਰ ਹੀ ਰਹਿਣ ਨੂੰ ਤਰਜੀਹ ਦੇਣ ਅਤੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਨ।