ਮੋਗਾਮੁੱਖ ਖ਼ਬਰਾਂਪੰਜਾਬ

ਸਿਵਲ ਅਧਿਕਾਰੀਆਂ ਦੀ ਅਗਵਾਈ ਵਿੱਚ ਮੋਗਾ ਪੁਲਿਸ ਨੇ ਚਲਾਈ ਮੈਡੀਕਲ ਸਟੋਰਾਂ ਦੀ ਸਪੈਸ਼ਲ ਚੈਕਿੰਗ ਮੁਹਿੰਮ

ਨਿਊਜ਼ ਪੰਜਾਬ

ਮੋਗਾ, 17 ਮਾਰਚ,2025

ਪੰਜਾਬ ਸਰਕਾਰ ਵੱਲੋਂ “ਯੁੱਧ ਨਸ਼ਿਆਂ ਵਿਰੁੱਧ“ ਚਲਾਈ ਗਈ ਮੁਹਿੰਮ ਤਹਿਤ ਮੋਗਾ ਪੁਲਿਸ ਅਤੇ ਪ੍ਰਸ਼ਾਸ਼ਨ ਮਿਲ ਕੇ ਕੜੀ ਮਿਹਨਤ ਕਰ ਰਹੇ ਹਨ ਤਾਂ ਕਿ ਨਸ਼ੇ ਨੂੰ ਥੋੜੇ ਸਮੇਂ ਵਿੱਚ ਹੀ ਜੜ੍ਹ ਤੋਂ ਖਤਮ ਕੀਤਾ ਜਾ ਸਕੇ।

ਇਸੇ ਮੁਹਿੰਮ ਦੀ ਲਗਾਤਾਰਤਾ ਵਿੱਚ ਅੱਜ ਐਸ.ਐਸ.ਪੀ. ਮੋਗਾ ਸ਼੍ਰੀ ਅਜੇ ਗਾਂਧੀ ਦੇ ਦਿਸ਼ਾ-ਨਿਰਦੇਸ਼ ਹੇਠ ਸ਼੍ਰੀ ਸੰਦੀਪ ਵਡੇਰਾ ਕਪਤਾਨ ਪੁਲਿਸ ਸਪੈਸ਼ਲ ਕ੍ਰਾਈਮਜ਼ ਮੋਗਾ ਦੀ ਅਗਵਾਈ ਹੇਠ ਕੁੱਲ 11 ਟੀਮਾਂ ਜਿਸ ਵਿਚ ਕੁੱਲ 60 ਪੁਲਿਸ ਕਰਮਚਾਰੀ ਸ਼ਾਮਿਲ ਸਨ, ਵੱਲੋਂ ਮੋਗਾ ਸ਼ਹਿਰ ਦੇ ਵੱਖ-ਵੱਖ ਮੈਡੀਕਲ ਸਟੋਰਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ।

ਇਸ ਵਿਚ ਸਮੂਹ ਟੀਮਾਂ ਦੀ ਅਗਵਾਈ ਸਿਵਲ ਪ੍ਰਸ਼ਾਸ਼ਨ ਵੱਲੋਂ ਤਾਇਨਾਤ ਕੀਤੇ ਗਏ ਸਿਵਲ ਅਧਿਕਾਰੀਆਂ ਅਤੇ ਡਰੱਗ ਵਿਭਾਗ ਦੇ ਅਧਿਕਾਰੀਆਂ ਦੀ ਹਾਜ਼ਰੀ ਵਿਚ ਕੀਤੀ ਗਈ, ਜਿਹਨਾਂ ਦੀ ਅਗਵਾਈ ਸ਼੍ਰੀ ਸਾਰੰਗਪ੍ਰੀਤ ਸਿੰਘ ਐਸ.ਡੀ.ਐਮ. ਮੋਗਾ ਵੱਲੋਂ ਕੀਤੀ ਗਈ। ਐਸ.ਡੀ.ਐਮ. ਸਾਰੰਗਪ੍ਰੀਤ ਵੱਲੋਂ ਖੁਦ ਵੀ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਨ ਮਨਦੀਪ ਮੈਡੀਕਲ ਸਟੋਰ ਅਕਾਲਸਰ ਰੋਡ ਮੋਗਾ ਪਾਸੋਂ 1 ਲੱਖ 8 ਹਜ਼ਾਰ 500 ਨਸ਼ੀਲੀਆਂ ਗੋਲੀਆਂ ਜਿਹਨਾਂ ਦੀ ਕੀਮਤ ਕਰੀਬ 27 ਲੱਖ ਹੈ ਨੂੰ ਡਰੱਗ ਇੰਸਪੈਕਟਰ ਵੱਲੋਂ ਫਰੀਜ ਕੀਤਾ ਗਿਆ। ਉਪਰੋਕਤ ਮੈਡੀਕਲ ਸਟੋਰ ਖਿਲਾਫ ਡਰੱਗ ਐਂਡ ਕੋਸਮੈਟਿਕ ਐਕਟ 1940 ਅਧੀਨ ਡਰੱਗ ਇੰਸਪੈਕਟਰ ਵੱਲੋਂ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ।

ਐਸ.ਡੀ.ਐਮ. ਸਾਰੰਗਪ੍ਰੀਤ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਨਸ਼ੇ ਨਾਲ ਜੁੜੇ ਹਰੇਕ ਵਰਗ ਦੇ ਲੋਕਾਂ ਨੂੰ ਨਕੇਲ ਪਾਈ ਜਾਵੇਗੀ ਭਾਵੇਂ ਉਹ ਕੋਈ ਵੀ ਹੋਵੇ ਨੌਜਵਾਨਾਂ ਦੀ ਜਿੰਦਗੀ ਬਰਬਾਦ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾ ਰਿਹਾ ਨਿੱਤ ਦਿਨ ਕਾਰਵਾਈਆਂ ਜੰਗੀ ਪੱਧਰ ਉਪਰ ਜਾਰੀ ਹਨ ਅਤੇ ਮੋਗਾ ਪੁਲਿਸ ਵੱਲੋ ਨਸ਼ੇ ਦੀ ਤਸਕਰੀ ਖਿਲਾਫ ਭਵਿੱਖ ਵਿੱਚ ਅਜਿਹੀਆਂ ਅਚਨਚੇਤ ਚੈਕਿੰਗਾਂ ਜਾਰੀ ਰਹਿਣਗੀਆਂ।

ਐਸ.ਐਸ.ਪੀ. ਮੋਗਾ ਸ਼੍ਰੀ ਅਜੇ ਗਾਂਧੀ ਨੇ ਮੋਗਾ ਪੁਲਿਸ ਵੱਲੋਂ ਆਮ ਪਬਲਿਕ ਨੂੰ ਅਪੀਲ ਕੀਤੀ ਕਿ ਜੇਕਰ ਨਸ਼ਿਆਂ ਦੀ ਵਿਕਰੀ ਸਬੰਧੀ ਕੋਈ ਸੂਚਨਾ ਹੈ ਤਾਂ ਉਹ ਸੇਫ ਪੰਜਾਬ ਹੈਲਪ ਲਾਇਨ ਨੰਬਰ 97791-00200 ਉਪਰ ਜਾਂ ਮੋਗਾ ਪੁਲਿਸ ਕੰਟਰੋਲ ਨੰਬਰ 96568-96568 ਉਪਰ ਦੇ ਸਕਦੇ ਹਨ, ਜਾਣਕਾਰੀ ਦੇਣ ਵਾਲੇ ਵਿਅਕਤੀ ਦੀ ਪਛਾਣ ਗੁਪਤ ਰੱਖੀ ਜਾਵੇਗੀ। ਮੋਗਾ ਪੁਲਿਸ ਨਸ਼ੇ ਨੂੰ ਖਤਮ ਕਰਕੇ ਜਨਤਕ ਸੁਰੱਖਿਆ ਨੂੰ ਯਕੀਨੀ ਬਨਾਉਣ ਲਈ ਵਚਨਬੱਧ ਹੈ।