26 ਮਾਰਚ ਨੂੰ ਚੰਡੀਗੜ੍ਹ ਵਿੱਚ ਹੋਵੇਗਾ ਕਿਸਾਨ ਮਾਰਚ;ਕਿਸਾਨ ਲੀਡਰਾਂ ਨੇ ਕੀਤਾ ਵੱਡਾ ਐਲਾਨ, ਸਰਕਾਰ ਚੌਕਸ
ਨਿਊਜ਼ ਪੰਜਾਬ
17 ਮਾਰਚ 2025
ਸੰਯੁਕਤ ਕਿਸਾਨ ਮੋਰਚਾ ਨੇ ਬਜਟ ਵਾਲੇ ਦਿਨ 26 ਮਾਰਚ ਨੂੰ ਚੰਡੀਗੜ੍ਹ ਵਿੱਚ ਪੰਜਾਬ ਵਿਧਾਨ ਸਭਾ ਵੱਲ ਮਾਰਚ ਕਰਨ ਦਾ ਐਲਾਨ ਕੀਤਾ ਹੈ। ਇਹ ਐਲਾਨ ਐਤਵਾਰ ਨੂੰ ਚੰਡੀਗੜ੍ਹ ’ਚ ਸਥਿਤ ਕਿਸਾਨ ਭਵਨ ਵਿੱਚ ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਨੇ ਮੀਟਿੰਗ ਤੋਂ ਬਾਅਦ ਕੀਤਾ। ਇਸ ਵਾਰ ਕਿਸਾਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਪਹਿਲਾਂ ਵਾਂਗ ਫਿਰ ਕਿਸਾਨ ਲੀਡਰਾਂ ਦੀ ਫੜੋ-ਫੜੀ ਹੋਈ ਤਾਂ ਤਿੱਖਾ ਸੰਘਰਸ਼ ਛੇੜਿਆ ਜਾਏਗਾ। ਇਸ ਵਾਰ ਕਿਸਾਨ ਹਰ ਹੀਲੇ ਚੰਡੀਗੜ੍ਹ ਪਹੁੰਚਣਾ ਚਾਹੁੰਦੇ ਹਨ। ਇਸ ਲਈ ਖਾਸ ਪਲਾਨਿੰਗ ਕੀਤੀ ਜਾ ਰਹੀ ਹੈ।
ਦੂਜੇ ਪਾਸੇ ਕਿਸਾਨਾਂ ਦੇ ਐਲਾਨ ਮਗਰੋਂ ਪੰਜਾਬ ਸਰਕਾਰ ਵੀ ਚੌਕਸ ਹੋ ਗਈ ਹੈ। ਪਿਛਲੇ ਵਾਰ ਸਖਤ ਵਰਤਣ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਤੇ ‘ਆਪ’ ਸਰਕਾਰ ਦੀ ਕਾਫੀ ਅਲੋਚਨਾ ਹੋਈ ਸੀ। ਇਸ ਲਈ ਸਰਕਾਰ ਕਿਸਾਨਾਂ ਨਾਲ ਗੱਲ਼ਬਾਤ ਕਰਕੇ ਮਸਲਾ ਹੱਲ ਕਰਨ ਦੀ ਤਿਆਰੀ ਕਰ ਰਹੀ ਹੈ। ਸੂਤਰਾਂ ਮੁਤਾਬਕ 26 ਮਾਰਚ ਤੋਂ ਪਹਿਲਾਂ ਹੀ ਸਰਕਾਰ ਕਿਸਾਨਾਂ ਨਾਲ ਗੱਲ਼ਬਾਤ ਕਰ ਸਕਦੀ ਹੈ।
ਕਿਸਾਨ ਲੀਡਰਾਂ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ 26 ਮਾਰਚ ਨੂੰ ਚੰਡੀਗੜ੍ਹ ਦੇ ਸੈਕਟਰ-34 ਵਿੱਚ ਵੱਡਾ ਇਕੱਠ ਕੀਤਾ ਜਾਵੇਗਾ ਤੇ ਪੰਜਾਬ ਵਿਧਾਨ ਸਭਾ ਵੱਲ ਕੂਚ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ 4 ਮਈ ਨੂੰ ਜਲੰਧਰ ਵਿੱਚ ਇੱਕ ਸੈਮੀਨਾਰ ਕੀਤਾ ਜਾਵੇਗਾ ਜਿਸ ਵਿੱਚ ਪੰਜਾਬ ਦੇ ਵੱਖ-ਵੱਖ ਵਰਗਾਂ ਨਾਲ ਸਬੰਧਤ ਜਥੇਬੰਦੀਆਂ ਨੂੰ ਸੱਦਾ ਦੇ ਕੇ ਪੰਜਾਬ ਤੇ ਕੇਂਦਰ ਸਰਕਾਰ ਦੇ ਕਿਸਾਨ ਵਿਰੋਧੀ ਰਵਈਏ ਬਾਰੇ ਜਾਣੂ ਕਰਵਾਇਆ ਜਾਵੇਗਾ।