ਪੰਜਾਬਅੰਤਰਰਾਸ਼ਟਰੀ

ਪੰਜਾਬੀ ਲੇਖਕ ਹਰਜੀਤ ਦੌਧਰੀਆ ਦੇ ਦੇਹਾਂਤ ਤੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਵੱਲੋਂ ਅਫ਼ਸੋਸ ਦਾ ਪ੍ਰਗਟਾਵਾ

ਨਿਊਜ਼ ਪੰਜਾਬ

ਲੁਧਿਆਣਾਃ 15 ਮਾਰਚ – ਸੱਰੀ(ਕੈਨੇਡਾ) ਵਿੱਚ 94 ਸਾਲ ਦੀ ਉਮਰ ਭੋਗ ਕੇ ਸਦੀਵੀ ਵਿਛੋੜਾ ਦੇ ਗਏ ਪੰਜਾਬੀ ਲੇਖਕ ਹਰਜੀਤ ਦੌਧਰੀਆ ਦੇ ਵਿਛੋੜੇ ਤੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਤੇ ਸਾਥੀਆਂ ਨੇ ਡੂੰਘੇ ਅਫ਼ਸੋਸ ਦਾ ਪ੍ਰਗਟਾਵਾ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਦੀ ਕਾਵਿ ਸਿਰਜਣਾ ਨਾਲ ਸਾਂਝ ਤਾਂ ਅੱਧੀ ਸਦੀ ਪੁਰਾਣੀ ਸੀ ਪਰ ਨੇੜ ਸੰਪਰਕ ਲਗਪਗ 26 ਸਾਲ ਪਹਿਲਾਂ ਹੋਇਆ ਜਦ ਉਹ 1997-98 ਵਿੱਚ ਮੈਂਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿੱਚ ਆਪਣੇ ਪੁਰਾਣੇ ਸਹਿਪਾਠੀਆਂ ਡਾ. ਬਲਦੇਵ ਸਿੰਘ ਚਾਹਲ ਤੇ ਹੋਰਨਾਂ ਦੇ ਸਿਰਨਾਵੇਂ ਲੱਭਦੇ ਲਭਾਉਂਦੇ ਸਾਡੇ ਦਫ਼ਤਰ ਆਏ। ਯੂਨੀਵਰਸਿਟੀ ਬਣਨ ਤੋਂ ਪਹਿਲਾਂ ਉਹ ਖੇਤੀਬਾੜੀ ਕਾਲਿਜ ਦੇ ਹੀ ਗ੍ਰੈਜੂਏਟ ਸਨ। ਕਿਸੇ ਵਕਤ ਸਿਰਜਣਾ ਮੈਗਜ਼ੀਨ ਵਿੱਚ ਛਪਦੀਆਂ ਲਿਖਤਾਂ ਕਾਰਨ ਮੈਂ ਉਨ੍ਹਾਂ ਦੇ ਨਾਮ ਤੋਂ ਵਾਕਿਫ਼ ਸਾਂ। ਮੁਲਾਕਾਤ ਸਾਂਝ ਵਿੱਚ ਬਦਲ ਗਈ।

ਹਰਜੀਤ ਦੌਧਰੀਆ ਪੰਜਾਬੀ ਦੇ ਜਾਣੇ ਪਛਾਣੇ ਲੇਖਕ ਅਤੇ ਸੁਚੇਤ ਸਮਾਜਕ ਕਾਰਕੁੰਨ ਸਨ। ਉਹਨਾਂ ਚਾਰ ਪੰਜਾਬੀ ਕਾਵਿ ਕਿਤਾਬਾਂ ਲਿਖੀਆਂ।

ਹਰਜੀਤ ਦੌਧਰੀਆ ਦਾ ਜਨਮ 8 ਜੂਨ 1931 ਨੂੰ ਜ਼ਿਲ੍ਹਾ ਮੋਗਾ ਦੇ ਪਿੰਡ ਦੌਧਰ ਵਿੱਚ ਹੋਇਆ।

ਉਨ੍ਹਾਂ ਨੇ ਆਪਣੀ ਮੁਢਲੀ ਪੜ੍ਹਾਈ ਆਪਣੇ ਪਿੰਡ ਦੌਧਰ ਅਤੇ ਨਾਨਕੇ ਪਿੰਡ ਚੂਹੜਚੱਕ ਤੋਂ ਕੀਤੀ। ਫਿਰ ਉਨ੍ਹਾਂ ਨੇ ਲੁਧਿਆਣਾ ਤੋਂ ਐਗਰੀਕਲਚਰ ਕਾਲਿਜ ਵਿੱਚ ਬੀ ਐੱਸ ਸੀ ਕੀਤੀ।

ਪੜ੍ਹਾਈ ਮੁਕੰਮਲ ਕਰਨ ਤੋਂ ਬਾਅਦ ਉਹ ਖੇਤੀਬਾੜੀ ਐਕਸਟੈਨਸ਼ਨ ਅਧਿਕਾਰੀ ਵਜੋਂ ਕੰਮ ਕਰਨ ਲੱਗੇ। ਉਨ੍ਹਾਂ ਨੇ ਜਲਦੀ ਹੀ ਇਹ ਨੌਕਰੀ ਛੱਡ ਦਿੱਤੀ।

ਤੇ ਸ. ਗੁਰਬਖ਼ਸ਼ ਸਿੰਘ ਪ੍ਰੀਤਲੜੀ ਕੋਲ਼ ਪ੍ਰੀਤ ਨਗਰ ਚਲੇ ਗਏ ਅਤੇ ਪ੍ਰੀਤਨਗਰ ਦੇ ਫਾਰਮ ਵਿੱਚ ਖੇਤੀ ਕਰਨ ਲੱਗੇ। ਉੱਥੇ ਉਨ੍ਹਾਂ ਤਿੰਨ ਕੁ ਸਾਲ ਕੰਮ ਕੀਤਾ। ਪਰ ਵਿਚਾਰਾਂ ਦੇ ਅੰਤਰ ਕਾਰਨ ਉਨ੍ਹਾਂ 1962 ਵਿੱਚ ਪ੍ਰੀਤਨਗਰ ਛੱਡ ਦਿੱਤਾ। ਉਨ੍ਹਾਂ ਨੇ ਕੁਝ ਚਿਰ ਫਿਰੋਜ਼ਪੁਰ ਪੰਚਾਇਤੀ ਰਾਜ ਸਿਖਲਾਈ ਸੈਂਟਰ ਵਿਖੇ ਪ੍ਰਿੰਸੀਪਲ ਦੇ ਤੌਰ ‘ਤੇ ਵੀ ਕੰਮ ਕੀਤਾ।

ਸੰਨ 1967 ਵਿੱਚ ਉਹ ਇੰਗਲੈਂਡ ਚਲੇ ਗਏ। ਉੱਥੇ ਉਨ੍ਹਾਂ ਨੇ ਫੋਰਡ ਮੋਟਰ ਕੰਪਨੀ ਵਿੱਚ 24 ਸਾਲ ਕੰਮ ਕੀਤਾ। ਰਿਟਾਇਰਮੈਂਟ ਤੋਂ ਬਾਅਦ ਉਹ ਸੰਨ 2000 ਵਿੱਚ ਕੈਨੇਡਾ ਵੱਸ ਗਏ। ਉਨ੍ਹਾਂ ਦੀਆਂ ਕਵਿਤਾਵਾਂ ਦੀ ਪਹਿਲੀ ਕਿਤਾਬ “ਸੱਚੇ ਮਾਰਗ ਚਲਦਿਆਂ” 1977 ਵਿੱਚ ਛਪੀ।

ਕੈਨੇਡਾ ਆ ਕੇ ਵੀ ਉਨ੍ਹਾਂ ਨੇ ਸਾਹਿਤ ਲਿਖਣ ਅਤੇ ਸਮਾਜਕ ਅਤੇ ਸਿਆਸੀ ਕਾਰਜ ਜਾਰੀ ਰੱਖਿਆ। ਉਹ ਪੰਜਾਬੀ ਲੇਖਕ ਮੰਚ ਵੈਨਕੂਵਰ ਅਤੇ ਫਰੇਜ਼ਰ ਵੈਲੀ ਪੀਸ ਕਮੇਟੀ ਦੇ ਮੈਂਬਰ ਰਹੇ। ਇਸ ਤੋਂ ਬਿਨਾਂ ਉਹ ਸੰਨ 2006 ਅਤੇ 2008 ਦੀਆਂ ਫੈਡਰਲ ਚੋਣਾਂ ਵਿੱਚ ਕਮਿਊਨਿਸਟ ਪਾਰਟੀ ਆਫ ਕੈਨੇਡਾ ਦੇ ਉਮੀਦਵਾਰ ਵਜੋਂ ਚੋਣ ਲੜੇ।

ਸੱਚੇ ਮਾਰਗ ਚਲਦਿਆਂ (ਕਵਿਤਾ, 1977) ਤੋਂ ਬਾਦ “ਹੈ ਭੀ ਸੱਚ ਹੋਸੀ ਭੀ ਸੱਚ”(ਕਵਿਤਾ, 1984)

ਆਪਣਾ ਪਿੰਡ ਪਰਦੇਸ (ਕਵਿਤਾ), ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ, 2002 ਵੱਲੋਂ ਛਪੀ। ਇਸ ਦਾ ਸੰਪਾਦਨ ਡਾ. ਸੁਖਦੇਵ ਸਿੰਘ ਸਿਰਸਾ ਨੇ ਕੀਤਾ।

ਤੁੰਮਿਆਂ ਵਾਲ਼ੀ ਜਮੈਣ (ਕਾਵਿ-ਸੰਗ੍ਰਹਿ) ਇਸ ਤੋਂ ਬਾਦ ਛਪੀ।

ਦਰਸ਼ਨ (ਵਾਰਤਕ: ਦਰਸ਼ਨ ਸਿੰਘ ਕਨੇਡੀਅਨ ਦਾ ਜੀਵਨ ਅਤੇ ਦੇਣ – ਸੰਪਾਦਨ), ਦਰਸ਼ਣ ਸਿੰਘ ਸੰਘਾ ‘ਕਨੇਡੀਅਨ’ ਹੈਰੀਟੇਜ਼ ਫਾਊਂਡੇਸ਼ਨ, 2004 ਵੱਲੋਂ ਜਨਮੇਜਾ ਸਿੰਘ ਜੌਹਲ ਨੇ ਛਾਪੀ।

ਹੇਠਲੀ ਉੱਤੇ (ਵਾਰਤਕ, 2011 ) ਉਨ੍ਹਾਂ ਦੀ ਇਕਲੌਤੀ ਵਾਰਤਕ ਪੁਸਤਕ ਹੈ। ਉਨ੍ਹਾਂ ਦੀਆਂ ਕੁਝ ਕਿਤਾਬਾਂ ਅੰਗਰੇਜ਼ੀ ਵਿੱਚ ਵੀ ਛਪੀਆਂ ਸਨ।