ਪ੍ਰੋ. ਗੁਰਭਜਨ ਸਿੰਘ ਗਿੱਲ ਦੀ ਲਿਖ਼ਤ : ਰੰਗ ਹੀ ਤਾਂ ਬੋਲਦੇ ਨੇ – ਰੰਗਾਂ ਨੂੰ ਸੰਭਾਲਣਾ ਵੀ ਸਾਡੀ ਜ਼ਿੰਮੇਵਾਰੀ ਏ – ਇਨ੍ਹਾਂ ਹੀ ਬਚਾਉਣੀ ਸਾਡੇ ਖੰਭਾਂ ਦੀ ਉਡਾਰੀ ਏ
ਗੁਰਭਜਨ ਗਿੱਲ
ਰੰਗ ਹੀ ਤਾਂ ਬੋਲਦੇ ਨੇ।
ਹੋਵੋ ਜੇ ਉਦਾਸ ਬੈਠੇ ਦੁੱਖ ਸੁਖ ਫ਼ੋਲਦੇ ਨੇ।
ਖੁਸ਼ੀ ਦੇ ਫ਼ੁਹਾਰਿਆਂ ‘ਚ ਰਸ ਮਿੱਠਾ ਘੋਲਦੇ ਨੇ।
ਸੁਣੋ! ਰੰਗ ਬੋਲਦੇ ਨੇ।
ਦਾਦੀ ਦੀਆਂ ਬਾਤਾਂ ਅਤੇ ਸੁਣੀਆਂ ਕਹਾਣੀਆਂ ‘ਚ।
ਉੱਡਦੀ ਏ ਜਲਪਰੀ ਸੁਪਨੇ ਦੇ ਪਾਣੀਆਂ ‘ਚ।
ਜਿਸ ਰੰਗੇ ਲੀੜੇ ਪਾ ਕੇ ਅੱਖਾਂ ਅੱਗੇ ਆਉਂਦੀ ਏ।
ਉਹੋ ਜਹੇ ਮਨ ‘ਚ ਖ਼ਿਆਲਾਂ ਨੂੰ ਜਗਾਉਂਦੀ ਏ।
ਰੰਗਾਂ ਨੂੰ ਲਿਬਾਸ ਵਾਲੀ ਹੁੰਦੀ ਭਾਵੇਂ ਲੋੜ ਨਾ।
ਪਰ ਸਦਾ ਰੰਗਾਂ ਨੂੰ ਨੰਗੇਜ਼ ਵਲੋਂ ਮੋੜਨਾ।
ਜੀਹਦੇ ਹੱਥ ਕੂਚੀ ਉਹਦਾ ਰੰਗ ਹੀ ਧਰਮ ਹੈ।
ਰੰਗਾਂ ਦੀ ਵੀ ਅੱਖ ‘ਚ ਬਾਰੀਕ ਜਹੀ ਸ਼ਰਮ ਹੈ।
ਏਸ ਨੂੰ ਪਛਾਨਣਾ ਤੇ ਜਾਨਣਾ ਜ਼ਰੂਰੀ ਹੈ।
ਵਧ ਜਾਣੀ ਨਹੀਂ ਤਾਂ ਹੋਰ ਰੰਗਾਂ ਕੋਲੋਂ ਦੂਰੀ ਹੈ।
ਕੁਝ ਰੰਗ ਨਿਰੀ ਹੀ ਬੇਸ਼ਰਮੀ ਨੇ ਘੋਲਦੇ।
ਜਦੋਂ ਵੀ ਬੁਲਾਉ ਅੱਗੋਂ ਅਵਾ ਤਵਾ ਬੋਲਦੇ।
ਧਰਤੀ ‘ਚ ਜੰਮੇ ਜਾਏ ਰੁੱਖ ਜਦੋਂ ਬੋਲਦੇ।
ਬਕ ਬਕੀ ਜ਼ਿੰਦਗੀ ‘ਚ ਰੰਗ ਜਾਣ ਘੋਲਦੇ।
ਆਪਣੀ ਪਿਆਸ ਵਾਲੇ ਰੰਗ ਵਿਚ ਰੰਗ ਕੇ।
ਰੰਗਾਂ ਨੂੰ ਮਨੁੱਖ ਰੱਖੇ ਸੂਲੀ ਉੱਤੇ ਟੰਗ ਕੇ।
ਪਾਣੀ ਨੂੰ ਵੀ ਆਦਮੀ ਹੀ ਰੰਗਾਂ ‘ਚ ਵਟਾਉਂਦਾ ਹੈ।
ਜਿਹੋ ਜਿਹੀ ਪਿਆਸ ਹੋਵੇ ਉਹੋ ਜਿਹੀ ਬਣਾਉਂਦਾ ਹੈ।
ਨੱਥ ਪਾਈਏ ਇਹੋ ਜਹੇ ਅਵਾਰਾ ਹੋਏ ਟੋਲੇ ਨੂੰ।
ਬਹੁਤਾ ਹੀ ਖਿਲਾਰੀ ਜਾਂਦੇ ਰੰਗ ਬੜਬੋਲੇ ਨੂੰ।
ਲਿੱਬੜੀ ਦੀਵਾਰ ਵੇਖੋ ਰੰਗ ਪਾਉਂਦਾ ਸ਼ੋਰ ਹੈ।
ਰੰਗ ਦਾ ਸਲੀਕਾ ਤਾਂ ਰਕਾਨ ਵਾਲੀ ਤੋਰ ਹੈ।
ਵੇਖੋ ਵਣਜਾਰੇ ਚਾਲਾਂ ਨਵੀਆਂ ਚਲਾ ਰਹੇ।
ਆਖਦੇ ਸੁਮੇਲ ਰੰਗ ਰੰਗਾਂ ‘ਚ ਮਿਲਾ ਰਹੇ।
ਨਵੇਂ ਨਵੇਂ ਨਾਮ ਲੈ ਕੇ ਮੰਡੀ ਵਿਚ ਆ ਰਹੇ।
ਰੀਝਾਂ ਦੇ ਬਹਾਨੇ ਸਾਡੀ ਜੇਬ ਹੱਥ ਪਾ ਰਹੇ।
ਮਨਾਂ ਵਿਚੋਂ ਕੱਢ ਦਿਓ ਡਾਢਿਆਂ ਦੇ ਰੋਅਬ ਨੂੰ।
ਇਕੋ ਰੰਗ ਰੰਗਣਾ ਜੋ ਚਾਹੁੰਦੇ ਨੇ ਗਲੋਬ ਨੂੰ।
ਵੇਚ ਕੇ ਬਾਜ਼ਾਰੀ ਧਾਗੇ ਕਰਨਗੇ ਖੱਟੀਆਂ।
ਕਿਤੇ ਮੇਰੀ ਭੈਣ ਘਰੇ ਰੰਗ ਲਏ ਨਾ ਅੱਟੀਆਂ।
ਇਕੋ ਡੋਬੇ ਵਿਚ ਚਾਹੁੰਦੇ ਚਾਅ ਸਾਡੇ ਰੰਗਣਾ।
ਚੂੜੀਆਂ ਬਲੌਰੀ ਹੋਕਾ ਪਿੰਡ ‘ਚੋਂ ਨਹੀਂ ਲੰਘਣਾ।
ਕੱਪੜੇ ਮਸ਼ੀਨੀ ਉੱਤੇ ਫੁੱਲ ਵੀ ਮਸ਼ੀਨ ਦੇ।
ਸੁਣੂ ਤੇ ਸੁਣਾਊ ਕੌਣ ਦੁੱਖੜੇ ਜ਼ਮੀਨ ਦੇ।
ਰੰਗਾਂ ਨੂੰ ਸੰਭਾਲਣਾ ਵੀ ਸਾਡੀ ਜ਼ਿੰਮੇਵਾਰੀ ਏ।
ਇਨ੍ਹਾਂ ਹੀ ਬਚਾਉਣੀ ਸਾਡੇ ਖੰਭਾਂ ਦੀ ਉਡਾਰੀ ਏ।
ਰੰਗਾਂ ਦਿਓ ਵਾਰਸੋ ਤੇ ਧਰਤੀ ਦੇ ਪੁੱਤਰੋ।
ਸਮੇਂ ਦੀ ਵੰਗਾਰ ਨੂੰ ਪਛਾਣੋ ਹੇਠਾਂ ਉੱਤਰੋ।
ਤੇਜ਼ ਵਣਜਾਰਾ ਕਿਤੇ ਸਾਨੂੰ ਚਾਰ ਜਾਵੇ ਨਾ।
ਵੇਖਿਓ ਮਸ਼ੀਨ ਕੋਲੋਂ ਹੱਥ ਹਾਰ ਜਾਵੇ ਨਾ।
ਪੈਸੇ ਦੀਆਂ ਪੀਰ ਨੇ, ਹਕੂਮਤਾਂ ਨਿਲੱਜੀਆਂ।
ਖਾ ਖਾ ਮੁਰਦਾਰ ਅਜੇ ਨੀਤਾਂ ਨਹੀਂਓਂ ਰੱਜੀਆਂ।
ਹੱਡਾ ਰੋੜੀ ਵਿਚੋਂ ਆਈਆਂ ਇੱਲਾਂ ਭਾਵੇਂ ਰੱਜ ਕੇ।
ਇਨ੍ਹਾਂ ਕੋਲੋਂ ਜ਼ਿੰਦਗੀ ਬਚਾਉ ਗੱਜ ਵੱਜ ਕੇ।
ਰੰਗਾਂ ਦੇ ਬਹਾਨੇ ਇਹ ਤਾਂ ਧੜੇ ਕਦੀ ਬਣਾਉਂਦਾ ਹੈ।
ਫੇਰ ਉਨ੍ਹਾਂ ਰੰਗਾਂ ਨੂੰ ਵੀ ਆਪਸੀ ਲੜਾਉਂਦਾ ਹੈ।
ਰਖਵਾਲੀ ਰੰਗਾਂ ਦੀ ਬਹਾਨਾ ਬਣੇ ਜੰਗ ਦਾ।
ਵੱਸਦੇ ਘਰਾਂ ਦੀ ਜਾਨ ਨੇਜ਼ੇ ਉੱਤੇ ਟੰਗਦਾ।
ਸਾਰੇ ਹਥਿਆਰਾਂ ਮੂੰਹੋਂ ਇੱਕੋ ਜੇਹੀ ਅੱਗ ਹੈ।
ਲਾਟਾਂ ਵਾਲਾ ਰੰਗ ਇੱਕੋ ਕੌਣ ਕਹੇ ਅਲੱਗ ਹੈ?
ਜੰਗ ਪਿਛੋਂ ਸੂਹਾ ਖ਼ੂਨ ਇਕੋ ਤਰ੍ਹਾਂ ਵਹਿੰਦਾ ਏ।
ਸੁਣੋ ਜਾਂ ਨਾ ਸੁਣੋ ਸਦਾ ਇੱਕੋ ਗੱਲ ਕਹਿੰਦਾ ਏ।
ਆਪਣੀ ਲੜਾਈ ਕਾਹਨੂੰ ਬਹਿ ਕੇ ਨਹੀਂ ਨਿਬੇੜਦੇ।
ਰਾਜਨੀਤੀ ਵਾਸਤੇ ਕਿਉਂ ਰੰਗਾਂ ਨੂੰ ਲਬੇੜਦੇ।
ਅੱਗ ਤੇ ਅਨਾਰ ਵਿਚ ਕੋਹਾਂ ਲੰਮੀ ਦੂਰੀ ਹੈ।
ਸੁੱਚਮ ਜਿਉਂਦਾ ਰਹੇ ਰੰਗਾਂ ਲਈ ਜ਼ਰੂਰੀ ਹੈ।
ਰੰਗਾਂ ‘ਚੋਂ ਪਛਾਣੋ ਕਿਸੇ ਏਹੋ ਜਹੇ ਰੰਗ ਨੂੰ।
ਤਿੜਕੇ ਨਾ ਚੂੜਾ ਪਵੇ ਖ਼ਤਰਾ ਨਾ ਵੰਗ ਨੂੰ।
ਉੱਡਦੇ ਦੁਪੱਟੇ ਸੂਹੇ ਲਹਿਰੀਏ ਤੇ ਡੋਰੀਏ।
ਹਵਾ ‘ਚ ਗੜੂੰਦ ਵੇਖੋ ਸਰ੍ਹੋਂ ਫੁੱਲ ਤੋਰੀਏ।
ਇਕ ਦੂਜੇ ਨਾਲ ਖਹਿ ਕੇ ਫੇਰ ਵੀ ਮੁਲਾਇਮ ਨੇ।
ਮੋਰ ਦਿਆਂ ਖੰਭਾਂ ਵਿਚ ਸੱਤੇ ਰੰਗ ਕਾਇਮ ਨੇ।
ਘੁੱਗੀਆਂ ਸਲੇਟੀ ਗਲ ਗੋਲ ਗੋਲ ਗਾਨੀਆਂ।
ਲੱਗਦੈ ਪ੍ਰੇਮੀਆਂ ਨੇ ਦਿੱਤੀਆਂ ਨਿਸ਼ਾਨੀਆਂ।
ਜੀਣ ਰੰਗ, ਰਾਗ ਤੇ ਸੁਹਾਗ ਫੁਲਕਾਰੀਆਂ।
ਰੰਗਾਂ ਦਿਓ ਪਾਹਰੂਓ ਸੰਭਾਲੋ ਜ਼ਿੰਮੇਵਾਰੀਆਂ।
ਟੁੱਕਦੇ ਨੇ ਫ਼ਲ ਤੋਤੇ ਚੁੰਝਾਂ ਲਾਲ ਲਾਲ ਨੇ।
ਧਰਤੀ ਦੇ ਲੋਕਾਂ ਲਈ ਇਹ ਬਲਦੇ ਸੁਆਲ ਨੇ।
ਚਲੋ! ਤੁਰੋ ਆਓ! ਲਾਈਏ ਅੰਬਰੀਂ ਉਡਾਰੀਆਂ।
ਧਰਤੀ ਆਕਾਸ਼ ਨੂੰ ਨਾ ਹੁੰਦੇ ਬੂਹੇ ਬਾਰੀਆਂ।
ਬੀਜ ਦਿਉ ਕਿਆਰੀਆਂ ‘ਚ ਰੀਝ ਤੇ ਉਮੰਗ ਨੂੰ।
ਜੜ੍ਹਾਂ ਤੋਂ ਉਖਾੜ ਦਿਉ, ਹਾਉਕੇ ਬਦਰੰਗ ਨੂੰ।
ਕਰੋ ਅਰਦਾਸ ਰੰਗ ਕਦੇ ਨਾ ਉਦਾਸ ਹੋਵੇ।
ਰੰਗਾਂ ਤੇ ਸੁਗੰਧਾਂ ‘ਚ ਪਰੁੱਚਿਆ ਸਵਾਸ ਹੋਵੇ।
ਸਮਾਂ ਤੇ ਸਥਾਨ ਵੇਖ ਬੰਦਾ ਨਹੀਉਂ ਬੋਲਦਾ।
ਦਿਲ ਵਿਚ ਘੁੰਡੀ ਰੱਖੇ ਗੰਢ ਨਹੀਉਂ ਖੋਲ੍ਹਦਾ।
ਏਹੋ ਜੇਹੀ ਚੁੱਪ ਵੇਲੇ ਰੰਗ ਹੀ ਤਾਂ ਬੋਲਦੇ ਨੇ।
ਚਿਹਰੇ ਵਾਲੇ ਰੰਗ ਸਭ ਗੁੰਝਲਾਂ ਨੂੰ ਖੋਲ੍ਹਦੇ ਨੇ,
ਸੁਣੋ! ਰੰਗ ਬੋਲਦੇ ਨੇ।
🟥