ਪਟਿਆਲਾਮੁੱਖ ਖ਼ਬਰਾਂਪੰਜਾਬ

ਨੁੱਕੜ ਨਾਟਕਾਂ ਰਾਹੀਂ ਪਿੰਡ ਪੱਧਰ ’ਤੇ ਚਲਾਈ ਜਾ ਰਹੀ ਹੈ ਨਸ਼ਾ ਵਿਰੋਧੀ ਜਾਗਰੂਕਤਾ ਮੁਹਿੰਮ : ਡਾ. ਦਿਲਵਰ ਸਿੰਘ

ਨਿਊਜ਼ ਪੰਜਾਬ

ਪਟਿਆਲਾ, 3 ਫਰਵਰੀ 2025

ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਪਟਿਆਲਾ ਡਾ. ਦਿਲਵਰ ਸਿੰਘ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੇ ਹੁਕਮਾਂ ਤਹਿਤ ਪੰਜਾਬ ਰਾਜ ਨੂੰ ਨਸ਼ਾ ਮੁਕਤ ਬਣਾਉਣ ਅਤੇ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਤੋਂ ਬਚਾ ਕੇ ਮੁੜ ਰੰਗਲਾ ਪੰਜਾਬ ਸਿਰਜਣ ਲਈ ਜ਼ਿਲ੍ਹਾ ਪੱਧਰੀ ਨਸ਼ਾ ਵਿਰੋਧੀ ਜਾਗਰੂਕਤਾ ਅਭਿਆਨ ਪਿੰਡਾਂ ਵਿੱਚ ਕੰਮ ਕਰ ਰਹੇ ਸਰਗਰਮ ਯੁਵਕ ਸੇਵਾਵਾਂ ਕਲੱਬਾਂ, ਪਿੰਡ ਪੰਚਾਇਤਾਂ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਪਿੰਡ ਪੱਧਰ ਤੇ ਨੁੱਕੜ ਨਾਟਕਾਂ ਦਾ ਆਯੋਜਨ ਕਰਕੇ ਕੀਤਾ ਜਾ ਰਿਹਾ ਹੈ।

ਇਸ ਲੜੀ ਤਹਿਤ ਅੱਜ ਪਿੰਡ ਬਲਬੇੜਾ ਦੇ ਸਕੂਲ ਆਫ਼ ਐਮੀਨੈਂਸ ਵਿਖੇ ਰੈੱਡ ਆਰਟਸ ਪੰਜਾਬ ਦੇ ਨਾਟਕਕਾਰਾਂ ਵੱਲੋਂ ‘ਆਖਿਰ ਕਦੋਂ ਤੱਕ’ ਨਾਟਕ ਦਾ ਸਫਲਤਾ ਪੂਰਵਕ ਮੰਚਨ ਕੀਤਾ ਗਿਆ ਜਿਸ ਵਿੱਚ ਉਹਨਾਂ ਨੇ ਨੌਜਵਾਨ ਬੱਚਿਆਂ ਨੂੰ ਆਪਣੇ ਪਿੰਡਾਂ, ਸ਼ਹਿਰਾਂ ਅਤੇ ਵਿੱਦਿਅਕ ਅਦਾਰਿਆਂ ਵਿੱਚ ਆਪਣੀ ਪੜ੍ਹਾਈ ਦੌਰਾਨ ਮਾੜੀ ਸੰਗਤ ਅਤੇ ਨਸ਼ੇ ਦੇ ਵਪਾਰੀਆਂ ਤੋਂ ਦੂਰ ਰਹਿਣ ਹਿੱਤ ਜਾਗਰੂਕ ਕੀਤਾ।

ਡਾ. ਦਿਲਵਰ ਸਿੰਘ ਨੇ ਦੱਸਿਆ ਕਿ ਨਾਟਕ ਮੰਚਨ ਨਾਲ ਵਿਦਿਆਰਥੀਆਂ ਵਿੱਚ ਨਸ਼ਿਆਂ ਪ੍ਰਤੀ ਜਾਗਰੂਕਤਾ ਪੈਦਾ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਨਾਟਕ ਦਾ ਮੰਚਨ ਐਨਾ ਸਫਲ ਰਿਹਾ ਕਿ ਸਾਰੇ ਦਰਸ਼ਕ ਭਾਵੁਕ ਵੀ ਹੋਏ ਅਤੇ ਉਹਨਾਂ ਨੇ ਨਸ਼ੇ ਨਾ ਕਰਨ ਦਾ ਪ੍ਰਣ ਵੀ ਲਿਆ। ਉਹਨਾਂ ਨੇ ਦੱਸਿਆ ਕਿ ਨਾਟਕ ਲੜੀ ਤਹਿਤ ਪਿੰਡ ਡਕਾਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਵੀ ਨਾਟਕ ਦਾ ਮੰਚਨ ਕੀਤਾ ਜਾਣਾ ਹੈ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗਾਜੀਪੁਰ, ਸਰਕਾਰੀ ਹਾਈ ਸਕੂਲ ਲਲੋਛੀ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਨੌਰ ਅਤੇ ਸਕੂਲ ਆਫ਼ ਐਮੀਨੈਂਸ ਭਾਦਸੋਂ ਵਿਖੇ ਵੀ ਇਹਨਾਂ ਨਾਟਕਾਂ ਦਾ ਮੰਚਨ ਕਰਕੇ ਨੌਜਵਾਨਾ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾ ਕੇ ਜਾਗਰੂਕ ਕੀਤਾ ਜਾਣਾ ਹੈ ਅਤੇ ਰੰਗਲਾ ਪੰਜਾਬ ਸਿਰਜਣ ਵਿੱਚ ਉਹਨਾਂ ਦੀ ਭਰਵੀਂ ਸ਼ਮੂਲੀਅਤ ਕਰਵਾਈ ਜਾਣੀ ਹੈ । ਇਸ ਮੌਕੇ ਜਿੱਥੇ ਵਿੱਦਿਅਕ ਸੰਸਥਾਵਾਂ ਦੇ ਪ੍ਰਿੰਸੀਪਲ ਸਾਹਿਬਾਨ, ਸਟਾਫ਼ ਮੈਂਬਰ ਸਾਹਿਬਾਨ ਅਤੇ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ ਉੱਥੇ ਨਾਲ ਹੀ ਯੂਥ ਕਲੱਬਾਂ ਦੇ ਅਹੁਦੇਦਾਰ ਸਾਹਿਬਾਨ ਅਤੇ ਪਿੰਡ ਪੰਚਾਇਤਾਂ ਦੇ ਮੈਂਬਰ ਸਾਹਿਬਾਨ ਅਤੇ ਸਰਪੰਚ ਸਾਹਿਬਾਨ ਨੇ ਵੀ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ।