ਬਲੈਰੋ ਦੇ ਟਾਇਰ ਥੱਲੇ ਆਉਣ ਨਾਲ ਡੇਢ ਸਾਲ ਦੇ ਮਾਸੂਮ ਦੀ ਮੌਤ, ਗੁੱਸੇ ’ਚ ਆਏ ਲੋਕਾਂ ਨੇ ਥਾਣੇ ਦੇ ਬਾਹਰ ਕੀਤਾ ਰੋਸ ਪ੍ਰਦਰਸ਼ਨ
ਨਿਊਜ਼ ਪੰਜਾਬ,28 ਜਨਵਰੀ 2025
ਲੁਧਿਆਣਾ ’ਚ ਪੈਂਦੇ ਅਸ਼ੋਕ ਨਗਰ ’ਚ ਡੇਢ ਸਾਲ ਦੇ ਮਾਸੂਮ ਦੀ ਬਲੈਰੋ ਦੇ ਟਾਇਰ ਥੱਲੇ ਆਉਣ ਨਾਲ ਮੌਤ ਹੋ ਗਈ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਚੰਦ ਮਿੰਟਾਂ ’ਚ ਮੌਕੇ ’ਤੇ ਪਹੁੰਚੇ ਪੁਲਿਸ ਟੀਮ ਦੇ ਐੱਸਆਈ ਕਸ਼ਮੀਰ ਸਿੰਘ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਜ਼ਿਕਰਯੋਗ ਹੈ ਕਿ ਆਸ-ਪਾਸ ਦੇ ਇਲਾਕਾ ਨਿਵਾਸੀਆਂ ਦੇ ਦੱਸਣ ਮੁਤਾਬਕ ਇਲਾਕੇ ’ਚ ਭੁਜੀਆ ਬਣਾਉਣ ਦੀ ਫੈਕਟਰੀ ਹੈ, ਜਿਨ੍ਹਾਂ ਦਾ ਡਰਾਈਵਰ ਆਪਣੀ ਬਲੈਰੋ ਗੱਡੀ ’ਚ ਭੁਜੀਆ ਲੋਡ ਕਰ ਕੇ ਸਪਲਾਈ ਲਈ ਜਾਣ ਲੱਗਾ ਤਾਂ ਉਹ ਬਲੈਰੋ ਨੂੰ ਮੋੜ ਰਿਹਾ ਸੀ ਕਿ ਇੱਕਦਮ ਮਾਸੂਮ ਘਰ ’ਚੋਂ ਬਾਹਰ ਆ ਗਿਆ ਤੇ ਗੱਡੀ ਦੇ ਕਨੈਕਟਰ ਸਾਈਡ ਟਾਇਰ ਥੱਲੇ ਆਉਣ ਨਾਲ ਉਸ ਦੀ ਮੌਤ ਹੋ ਗਈ।
ਘਟਨਾ ਤੋਂ ਬਾਅਦ ਡਰਾਈਵਰ ਇਸ ਮਾਮਲੇ ਨੂੰ ਦੇਖਦੇ ਹੋਏ ਗੱਡੀ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ। ਗੁੱਸੇ ’ਚ ਆਏ ਲੋਕਾਂ ਨੇ ਥਾਣੇ ਦੇ ਬਾਹਰ ਜੰਮ ਕੇ ਰੋਸ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਸੀ ਕਿ ਰਿਹਾਇਸ਼ੀ ਇਲਾਕੇ ’ਚ ਨਾਜਾਇਜ਼ ਤੌਰ ’ਤੇ ਫੈਕਟਰੀ ਚੱਲ ਰਹੀ ਹੈ ਤੇ ਸਾਰਾ ਇਲਾਕਾ ਇਸ ਤੋਂ ਪ੍ਰੇਸ਼ਾਨ ਹੈ। ਦੂਜੇ ਪਾਸੇ ਪੁਲਿਸ ਦੇ ਐੱਸਆਈ ਕਸ਼ਮੀਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਸਬੰਧੀ ਬਣਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਸ਼ੱਕੀ ਵਿਅਕਤੀਆਂ ਨੂੰ ਪੁੱਛਗਿੱਛ ਕੀਤੀ ਜਾ ਰਹੀ ਹੈ। ਜਲਦ ਹੀ ਅਗਲੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।