ਮੁੱਖ ਖ਼ਬਰਾਂਪੰਜਾਬ

ਦੇਸ਼ ਦੀ ਸੇਵਾ ਕਰਦਿਆਂ ਕੁਰਬਾਨ ਹੋਏ ਮਲਕੀਤ ਸਿੰਘ ਕਲਾਨੌਰ, ਮੌਤ ਦੀ ਖਬਰ ਸੁਣ ਕੇ ਮਾਂ, ਪਤਨੀ ਤੇ ਮਾਸੂਮ ਧੀ ਸਦਮੇ ‘ਚ

ਨਿਊਜ਼ ਪੰਜਾਬ,25 ਜਨਵਰੀ 2025

ਕਸਬਾ ਕਲਾਨੌਰ ਦੇ ਹੌਲਦਾਰ ਮਲਕੀਤ ਸਿੰਘ (31) ਦੀ ਡਿਊਟੀ ਤਨਦੇਹੀ ਨਾਲ ਨਿਭਾਉਂਦਿਆਂ ਦੇਸ਼ ਲਈ ਕੁਰਬਾਨੀ ਹੋਣ ਦੀ ਖ਼ਬਰ ਨਾਲ ਇਲਾਕੇ ‘ਚ ਸੋਗ ਦੀ ਲਹਿਰ ਫੈਲ ਗਈ ਹੈ। ਕਸਬਾ ਕਲਾਨੌਰ ਦੇ ਹੋਣਹਾਰ ਨੌਜਵਾਨ ਮਲਕੀਤ ਸਿੰਘ ਪੁੱਤਰ ਜਰਨੈਲ ਸਿੰਘ ਜੋ ਜੰਮੂ ਅਤੇ ਕਸ਼ਮੀਰ ‘ਚ ਤਾਇਨਾਤ ਸਨ, ਦੀ ਗਸ਼ਤ ਦੌਰਾਨ ਇਕ ਵਾਹਨ ਹਾਦਸੇ ‘ਚ ਮੌਤ ਹੋ ਗਈ। ਨਾਇਕ ਕੁਲਦੀਪ ਸਿੰਘ ਦਾ ਛੋਟਾ ਭਰਾ ਵੀ ਫੌਜ ਦੀ 8ਵੀਂ ਸਿੱਖ ਯੂਨਿਟ ‘ਚ ਡਿਊਟੀ ਨਿਭਾ ਰਿਹਾ ਹੈ।ਇਥੇ ਦੱਸਣਯੋਗ ਹੈ ਕਿ 15 ਦਿਨ ਪਹਿਲਾਂ ਮਲਕੀਤ ਆਪਣੇ ਮਾਮੇ ਦੇ ਬੇਟੇ ਦੀ ਮੌਤ ‘ਤੇ ਚਾਰ ਦਿਨ ਦੀ ਛੁੱਟੀ ਲੈ ਕੇ ਡਿਊਟੀ ‘ਤੇ ਪਰਤਿਆ ਸੀ‌‌। ਪੁੱਤਰ ਦੀ ਕੁਰਬਾਨੀ ਦੀ ਖ਼ਬਰ ਸੁਣ ਕੇ ਮਾਂ ਮਨਜੀਤ ਕੌਰ ਪੱਥਰ ਹੋ ਗਈ ਹੈ। ਪਤਨੀ ਨਵਨੀਤ ਕੌਰ ਤੇ ਚਾਰ ਸਾਲਾ ਬੇਟੀ ਅਰਵੀਨ ਕੌਰ ਵੱਡੇ ਸਦਮੇ ‘ਚ ਹਨ। ਇਸ ਮੌਕੇ ਸ਼ਹੀਦ ਸੈਨਿਕ ਪਰਿਵਾਰ ਸੁਰੱਖਿਆ ਪ੍ਰੀਸ਼ਦ ਦੇ ਜਨਰਲ ਸਕੱਤਰ ਕੁੰਵਰ ਰਵਿੰਦਰ ਸਿੰਘ ਵਿੱਕੀ ਨੇ ਦੱਸਿਆ ਕਿ ਤਿਰੰਗੇ ‘ਚ ਲਪੇਟੀ ਹੋਈ ਸ਼ਹੀਦ ਮਲਕੀਤ ਸਿੰਘ ਦੀ ਮ੍ਰਿਤਕ ਦੇਹ ਅੱਜ ਦੇਰ ਰਾਤ ਕਲਾਨੌਰ ਪੁੱਜਣ ਦੀ ਸੰਭਾਵਨਾ ਹੈ ਤੇ ਭਲਕੇ 26 ਜਨਵਰੀ ਨੂੰ ਉਨ੍ਹਾਂ ਦਾ ਸਸਕਾਰ ਕੀਤਾ ਜਾਵੇਗਾ। ਮਲਕੀਤ ਸਿੰਘ ਦੀ ਸ਼ਹੀਦੀ ਨੂੰ ਲੈ ਕੇ ਇਲਾਕੇ ਦੀਆਂ ਵੱਖ-ਵੱਖ ਜਥੇਬੰਦੀਆਂ ਤੇ ਸ਼ਖਸੀਅਤਾਂ ਵੱਲੋਂ ਸ਼ਹੀਦ ਦੇ ਪਰਿਵਾਰਿਕ ਜੀਆਂ ਨਾਲ ਦੁੱਖ ਸਾਂਝਾ ਕੀਤਾ ਜਾ ਰਿਹਾ ਹੈ।