ਮੁੱਖ ਖ਼ਬਰਾਂਪੰਜਾਬ

ਅੱਜ ਫਗਵਾੜਾ ਨੂੰ ਮਿਲੇਗਾ ਨਵਾਂ ਮੇਅਰ,ਹਾਈ ਕੋਰਟ ਦੇ ਹੁਕਮਾਂ ’ਤੇ ਅੱਜ ਹੋਵੇਗੀ ਫਗਵਾੜਾ ਨਿਗਮ ਦੇ ਮੇਅਰ ਦੀ ਚੋਣ

ਨਿਊਜ਼ ਪੰਜਾਬ

ਫਗਵਾੜਾ, 25 ਜਨਵਰੀ 2025

ਫਗਵਾੜਾ ਨਗਰ ਨਿਗਮ ਦੇ ਮੇਅਰ ਦੀ ਚੋਣ ਨੂੰ ਲੈ ਕੇ ਚੱਲ ਰਹੇ ਵਿਵਾਦ ਵਿਚਾਲੇ ਹਾਈ ਕੋਰਟ ਨੇ 25 ਜਨਵਰੀ ਨੂੰ ਹੀ ਚੋਣ ਕਰਵਾਉਣ ਦਾ ਹੁਕਮ ਦਿੱਤਾ ਹੈ। 21 ਦਸੰਬਰ ਨੂੰ ਫਗਵਾੜਾ ਨਿਗਮ ਦੀ ਚੋਣ ਹੋਈ ਸੀ, ਜਿਸ ਵਿੱਚ ਕਾਂਗਰਸ ਮੁੱਖ ਦਾਅਵੇਦਾਰ ਵਜੋਂ ਉਭਰੀ ਸੀ ਪਰ ਸੱਤਾਧਾਰੀ ਪਾਰਟੀ ‘ਆਪ’ ਵੱਲੋਂ ਕੀਤੇ ਜਾ ਰਹੇ ਜੋੜ-ਤੋੜ ਖ਼ਿਲਾਫ਼ ਕਾਂਗਰਸ ਨੇ ਬੀਤੇ ਦਿਨੀਂ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ। ਇਸ ਪਟੀਸ਼ਨ ’ਤੇ ਸੁਣਵਾਈ ਦੌਰਾਨ ਹਾਈ ਕੋਰਟ ਨੇ ਇਹ ਚੋਣ 25 ਜਨਵਰੀ ਨੂੰ ਹੀ ਨਿਰਪੱਖ ਢੰਗ ਨਾਲ ਕਰਵਾਉਣ ਦੇ ਹੁਕਮ ਦਿੱਤੇ ਹਨ। ਕਾਂਗਰਸ ਦੇ ਜ਼ਿਲ੍ਹਾ ਕਾਨੂੰਨੀ ਸਲਾਹਕਾਰ ਐਡਵੋਕੇਟ ਕਰਨਜੋਤ ਸਿੰਘ ਝਿੱਕਾ ਨੇ ਦੱਸਿਆ ਕਿ ਕੌਂਸਲਰ ਬਿਕਰਮ ਸਿੰਘ ਨੇ 22 ਜਨਵਰੀ ਨੂੰ ਪਟੀਸ਼ਨ ਪਾਈ ਸੀ। ਇਸ ਸਬੰਧੀ ਅੱਜ ਹਾਈ ਕੋਰਟ ਦੇ ਜੱਜ ਸੁਧੀਰ ਸਿੰਘ ਤੇ ਸੁਖਵਿੰਦਰ ਕੌਰ ਨੇ ਫ਼ੈਸਲਾ ਸੁਣਾਇਆ। ਉਨ੍ਹਾਂ ਦੱਸਿਆ ਕਿ ਕੁੱਝ ਕੌਂਸਲਰਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ, ਜਿਸ ਕਰਕੇ ਕਾਂਗਰਸ ਦੇ ਸਾਰੇ ਕੌਂਸਲਰ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਹਿਮਾਚਲ ਦੇ ਇੱਕ ਗੁਪਤ ਸਥਾਨ ’ਤੇ ਚੱਲੇ ਗਏ ਹਨ, ਜੋ ਭਲਕੇ 4 ਵਜੇ ਹੋ ਰਹੀ ਚੋਣ ਮੌਕੇ ਇੱਥੇ ਪੁੱਜ ਜਾਣਗੇ।

ਫਗਵਾੜਾ ਨਿਗਮ ਦੇ ਨਵੇਂ ਚੁਣੇ ਗਏ ਕੌਂਸਲਰਾਂ ਦੀ ਸ਼ਨਿਚਰਵਾਰ ਨੂੰ ਹੋਣ ਜਾ ਰਹੀ ਪਹਿਲੀ ਮੀਟਿੰਗ ਤੋਂ ਪਹਿਲਾਂ ਕਪੂਰਥਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਹਲਕਾ ਫਗਵਾੜਾ ਦੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਕਿਹਾ ਕਿ ‘ਆਪ’ ਦੀ ਸੀਨੀਅਰ ਲੀਡਰਸ਼ਿਪ ਕਾਂਗਰਸ ਦੇ ਕੌਂਸਲਰਾਂ ਨੂੰ ਡਰਾ-ਧਮਕਾ ਕੇ ਤੋੜਨ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਨਿਗਮ ਦੀ ਪਹਿਲੀ ਮੀਟਿੰਗ ਕਾਰਪੋਰੇਸ਼ਨ ਹਾਲ ਦੀ ਬਜਾਏ ਆਡੀਟੋਰੀਅਮ ’ਚ ਕਰਵਾਏ ਜਾਣ ਨੂੰ ਲੈ ਕੇ ਵੀ ਖਦਸ਼ੇ ਪ੍ਰਗਟਾਏ ਤੇ ਕਿਹਾ ਕਿ ਇਹ ਸਭ ਕੁੱਝ ਸੋਚੀ ਸਮਝੀ ਸਾਜਿਸ਼ ਤਹਿਤ ਕੀਤਾ ਜਾ ਰਿਹਾ ਹੈ।