ਪੰਜਾਬ ਵਿੱਚ 2 ਮਈ ਤੱਕ 20000 ਆਰ.ਟੀ.-ਪੀ.ਸੀ.ਆਰ ਕੋਵਿਡ ਟੈਸਟ
ਚੰਡੀਗੜ•, 3 ਮਈ (ਨਿਊਜ਼ ਪੰਜਾਬ ) : ਪੰਜਾਬ ਸਰਕਾਰ ਨੇ ਸ਼ਨੀਵਾਰ ਨੂੰ ਕੋਵਿਡ ਖ਼ਿਲਾਫ਼ ਆਪਣੀ ਲੜਾਈ ਵਿਚ ਇਕ ਮੀਲ ਪੱਥਰ ਸਥਾਪਤ ਕੀਤਾ, ਜਿਸ ਤਹਿਤ ਆਰ.ਟੀ.-ਪੀ.ਸੀ.ਆਰ ਟੈਸਟਾਂ ਨੇ ਕੁੱਲ 20,000 ਦਾ ਅੰਕੜਾ ਪਾਰ ਕਰ ਲਿਆ, ਇਥੋਂ ਤੱਕ ਕਿ ਸੂਬੇ ਨੇ ਆਉਣ ਵਾਲੇ ਦਿਨਾਂ ਵਿਚ ਹੋਰ ਲੈਬਾਂ ਅਤੇ ਟੈਸਟਿੰਗ ਸਹੂਲਤਾਂ ਸ਼ਾਮਲ ਕਰਨ ਦੀ ਤਿਆਰੀ ਵੀ ਕਰ ਲਈ ਹੈ।
ਡਾਕਟਰੀ ਸਿੱਖਿਆ ਵਿਭਾਗ ਅਤੇ ਸਿਹਤ ਵਿਭਾਗ ਨੇ ਸੂਬੇ ਵਿੱਚ ਇਕ ਦਿਨ ਵਿਚ ਟੈਸਟਾਂ ਦੀ ਸਮਰੱਥਾ ਨੂੰ 1500 ਤੱਕ ਵਧਾਉਣ ਵਿੱਚ ਸਹਾਇਤਾ ਕੀਤੀ ਹੈ, ਜਿਸ ਨੂੰ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਮਈ ਮਹੀਨੇ ਦੇ ਅੱਧ ਤੱਕ ਰੋਜ਼ਾਨਾ 6000 ਆਰ.ਟੀ.-ਪੀ.ਸੀ.ਆਰ ਕੋਵਿਡ ਟੈਸਟਿੰਗ ਕਰਨ ਦੀ ਹਦਾਇਤ ਕੀਤੀ ਗਈ ਹੈ ਕਿਉਂ ਜੋ ਆਉਣ ਵਾਲੇ ਦਿਨਾਂ ਵਿਚ ਪਰਵਾਸੀਆਂ ਅਤੇ ਹੋਰ ਪੰਜਾਬੀਆਂ ਦੀ ਘਰ ਵਾਪਸੀ ਦੀ ਉਮੀਦ ਹੈ।
ਵਧੀਕ ਮੁੱਖ ਸਕੱਤਰ ਵਿਨੀ ਮਹਾਜਨ (ਉਦਯੋਗ ਅਤੇ ਵਣਜ ਅਤੇ ਡੀ.ਜੀ.ਆਰ ਐਂਡ ਪੀ.ਜੀ) ਨੇ ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੂਬੇ ਨੇ 25 ਅਪ੍ਰੈਲ ਤੱਕ 10,000 ਨਮੂਨੇ ਜਾਂਚ ਲਏ ਸਨ ਅਤੇ ਇਸ ਤੋਂ ਬਾਅਦ 7 ਦਿਨਾਂ ਵਿਚ 2 ਮਈ ਤੱਕ 10,000 ਹੋਰ ਟੈਸਟ ਕਰਕੇ ਕੁੱਲ 20,000 ਟੈਸਟ ਸਫਲਤਾਪੂਰਵਕ ਕਰ ਲਏ ਹਨ।
ਸ੍ਰੀਮਤੀ ਮਹਾਜਨ ਨੇ ਕਿਹਾ ਕਿ ਸੂਬੇ ਵਿਚ ਟੈਸਟਿੰਗ ਸਮਰੱਥਾ ਨੂੰ ਹੋਰ ਵਧਾਉਣ ਲਈ ਭਾਰਤ ਸਰਕਾਰ ਨੂੰ ਬਰਨਾਲਾ, ਰੂਪਨਗਰ, ਲੁਧਿਆਣਾ ਅਤੇ ਹੁਸ਼ਿਆਰਪੁਰ ਵਿਖੇ ਜ਼ਿਲ•ਾ ਹਸਪਤਾਲਾਂ ਵਿੱਚ 4 ਨਵੀਆਂ ਲੈਬਾਂ ਸਥਾਪਤ ਕਰਨ ਦਾ ਪ੍ਰਸਤਾਵ ਭੇਜਿਆ ਗਿਆ ਹੈ। ਇਸ ਤੋਂ ਇਲਾਵਾ 15 ਟਰੂਨਾਟ ਮਸ਼ੀਨਾਂ ਖਰੀਦਣ ਦਾ ਪ੍ਰਸਤਾਵ ਭੇਜਿਆ ਗਿਆ ਹੈ ਅਤੇ ਸੂਬਾ ਪਟਿਆਲਾ ਅਤੇ ਫ਼ਰੀਦਕੋਟ ਵਿੱਚ ਸੀ. ਬੀ. ਨਾਟ ਟੈਸਟਿੰਗ ਸ਼ੁਰੂ ਕਰਨ ਬਾਰੇ ਵੀ ਵਿਚਾਰ ਕਰ ਰਿਹਾ ਹੈ।
ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਨੇ ਨਿਗਰਾਨੀ ਵਧਾਉਣ ਦੇ ਉਦੇਸ਼ ਨਾਲ ਸੂਬੇ ਭਰ ਦੇ ਜ਼ਿਲ•ਾ ਹਸਪਤਾਲਾਂ (ਡੀ.ਐਚ.), ਸਬ-ਡਵੀਜ਼ਨਲ ਹਸਪਤਾਲਾਂ (ਐਸ.ਡੀ.ਐਚ.), ਕਮਿਊਨਿਟੀ ਸਿਹਤ ਕੇਂਦਰਾਂ (ਸੀ.ਐੱਚ.ਸੀਜ਼.) ਅਤੇ ਪ੍ਰਾਇਮਰੀ ਹੈਲਥ ਸੈਂਟਰਾਂ (ਪੀ.ਐੱਚ.ਸੀਜ਼.) ਵਿਚ 225 ਫਲੂ ਕਾਰਨਰ ਸਥਾਪਤ ਕੀਤੇ ਹਨ। ਇਨ•ਾਂ ਵਿੱਚੋਂ ਸੂਬੇ ਦੇ 225 ਫਲੂ ਕਾਰਨਰ, 22 ਡੀਐਚ ਫਲੂ ਕਾਰਨਰ, 41 ਐਸਡੀਐਚ, 45 ਸੀਐਚਸੀਜ਼ ਅਤੇ 3 ਪੀਐਚਸੀਜ਼ ਆਰ.ਟੀ-ਪੀ.ਸੀ.ਆਰ. ਟੈਸਟਿੰਗ ਲਈ ਨਮੂਨੇ ਇਕੱਠੇ ਕਰ ਰਹੇ ਹਨ।
ਸ੍ਰੀਮਤੀ ਮਹਾਜਨ ਨੇ ਅੱਗੇ ਕਿਹਾ ਕਿ ਜਾਂਚ ਦੀ ਸਹੂਲਤ ਲਈ, ਮੈਡੀਕਲ ਅਫ਼ਸਰਾਂ/ਮਲਟੀ-ਪਰਪਜ਼ ਹੈਲਥ ਵਰਕਰਾਂ/ਸਟਾਫ਼ ਨਰਸਾਂ ਸਮੇਤ 379 ਰੈਪਿਡ ਰਿਸਪਾਂਸ ਟੀਮਾਂ (ਆਰ.ਆਰ.ਟੀ.) ਨੂੰ ਤਾਇਨਾਤ ਕੀਤਾ ਗਿਆ ਹੈ ਤਾਂ ਜੋ ਘਰ-ਘਰ ਜਾ ਕੇ ਇਨਫਲੂਐਂਜ਼ਾ ਵਰਗੇ ਲੱਛਣਾਂ (ਆਈ.ਐਲ.ਆਈ.) ਜਾਂ ਗੰਭੀਰ ਸਾਹ ਦੀ ਬਿਮਾਰੀ ਦੀ ਸਰਗਰਮੀ ਨਾਲ ਨਿਗਰਾਨੀ ਅਤੇ ਪਛਾਣ ਕੀਤੀ ਜਾ ਸਕੇ। ਸੂਬੇ ਵਿੱਚ ਨਵੀਨਤਾਕਾਰੀ ਪਰੀਖਣ ਤਕਨੀਕਾਂ ਜਿਵੇਂ ਕਿ ਮੋਬਾਈਲ ਸੈਂਪਲ ਕੋਲੈਕਟਿੰਗ ਕਿਓਸਕ, ਪੂਲ ਟੈਸਟਿੰਗ ਆਦਿ ਦੀ ਵਰਤੋਂ ਕੀਤੀ ਜਾ ਰਹੀ ਹੈ ਅਤੇ 30 ਅਪ੍ਰੈਲ ਤੱਕ 30,5788 ਪੂਲਡ ਨਮੂਨਿਆਂ ਦੀ ਜਾਂਚ ਕੀਤੀ ਗਈ ਸੀ।
ਸਮੂਹ ਮੈਡੀਕਲ ਕਰਮਚਾਰੀਆਂ ਨੂੰ ਨਮੂਨਾ ਇਕੱਤਰ ਕਰਨ ਦੀ ਪ੍ਰਕਿਰਿਆ ਨੂੰ ਸੁਖਾਲਾ ਬਣਾਉਣ ਲਈ ਉਚਿਤ ਸਿਖਲਾਈ ਦਿੱਤੀ ਗਈ ਹੈ। ਉਨ•ਾਂ ਦੀ ਪੂਰੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਾਰੇ ਸਿਹਤ ਸੰਭਾਲ ਕਾਰਜਾਂ ਵਾਸਤੇ ਸਾਰੇ ਲੋੜੀਂਦੇ ਸੁਰੱਖਿਆਤਮਕ ਸਮੱਗਰੀ ਜਿਵੇਂ ਕਿ ਪੀਪੀਈ ਕਿੱਟਸ/ਐਨ 95 ਮਾਸਕ ਪ੍ਰਦਾਨ ਕੀਤੇ ਗਏ ਹਨ।
ਸ੍ਰੀਮਤੀ ਮਹਾਜਨ, ਜੋ ਕਿ ਕੋਵਿਡ -19 ਸਬੰਧੀ ਪ੍ਰਬੰਧਕੀ ਗਤੀਵਿਧੀਆਂ ਲਈ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਅਤੇ ਮੈਡੀਕਲ ਸਿੱਖਿਆ ਤੇ ਖੋਜ ਵਿਭਾਗ ਦੀ ਸਹਾਇਤਾ ਅਤੇ ਮਾਰਗ ਦਰਸ਼ਨ ਲਈ ਸਰਕਾਰ ਦੁਆਰਾ ਬਣਾਈ ਗਈ ਹੈਲਥ ਸੈਕਟਰ ਰਿਸਪਾਂਸ ਐਂਡ ਪ੍ਰੋਕਉਰਮੈਂਟ ਕਮੇਟੀ (ਐਚਐਸਆਰਪੀਸੀ) ਦੇ ਮੁੱਖੀ ਹਨ, ਨੇ ਕਿਹਾ ਕਿ ਸਾਰੇ ਸਿਹਤ ਸੰਭਾਲ ਕਰਮਚਾਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸੁਰੱਖਿਆ ਉਪਕਰਣ ਮੁਹੱਈਆ ਕਰਵਾਏ ਜਾ ਰਹੇ ਹਨ। 28 ਅਪ੍ਰੈਲ ਨੂੰ ਸਟਾਕ ਵਿੱਚ 26697 ਪੀਪੀਈ ਕਿੱਟਾਂ ਅਤੇ 85709 ਐਨ 95 ਮਾਸਕ ਸਨ। ਜ਼ਿਕਰਯੋਗ ਹੈ ਕਿ ਸੂਬੇ ਦੀਆਂ ਲੋੜਾਂ ਨੂੰ ਪੂਰਾ ਕਰਨ ਵਿਚ ਭਾਰਤ ਸਰਕਾਰ ਤੋਂ ਮਨਜ਼ੂਰੀਸ਼ੁਦਾ 4 ਐਨ 95 ਮਾਸਕ ਅਤੇ 22 ਪੀਪੀਈ ਕਿੱਟ ਨਿਰਮਾਤਾ ਸੂਬੇ ਵਿੱਚ ਕੰਮ ਕਰ ਰਹੇ ਹਨ।
ਕਮੇਟੀ ਦੇ ਹੋਰ ਮੈਂਬਰਾਂ ਵਿੱਚ ਅਨਿਰੁੱਧ ਤਿਵਾੜੀ ਪ੍ਰਮੁੱਖ ਸਕੱਤਰ ਵਿੱਤ, ਅਨੁਰਾਗ ਅਗਰਵਾਲ ਪ੍ਰਮੁੱਖ ਸਕੱਤਰ ਸਿਹਤ ਤੇ ਪਰਿਵਾਰ ਭਲਾਈ, ਡੀ.ਕੇ. ਤਿਵਾੜੀ ਪ੍ਰਮੁੱਖ ਸਕੱਤਰ ਡਾਕਟਰੀ ਸਿੱਖਿਆ ਅਤੇ ਖੋਜ; ਰਾਹੁਲ ਕੁਮਾਰ ਐਮ.ਡੀ. ਐਨ.ਐਚ.ਐਮ. ,ਰਵੀ ਭਗਤ ਪ੍ਰਮੁੱਖ ਸਕੱਤਰ ਡੀਜੀਆਰ ਐਂਡ ਪੀਜੀ, ਮੈਡੀਕਲ ਮਾਹਰ ਡਾ ਕੇ. ਕੇ. ਤਲਵਾੜ, ਪੰਜਾਬ ਸਰਕਾਰ ਦੇ ਮੈਡੀਕਲ ਐਜੂਕੇਸ਼ਨ ਐਂਡ ਹੈਲਥ ਦੇ ਸਲਾਹਕਾਰ (ਸਾਬਕਾ ਡਾਇਰੈਕਟਰ ਪੀਜੀਆਈ ਚੰਡੀਗੜ•); ਡਾ ਰਾਜ ਬਹਾਦੁਰ ਵੀ. ਸੀ. ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ ਅਤੇ ਡਾ ਰਾਜੇਸ਼ ਕੁਮਾਰ (ਸਾਬਕਾ ਵਿਭਾਗ ਮੁੱਖੀ ਐਸਪੀਐਚ ਪੀਜੀਆਈ) ਸ਼ਾਮਲ ਹਨ।
ਸੈਂਟਰ ਫਾਰ ਪਾਲਿਸੀ ਰਿਸਰਚ, ਕਲਿੰਟਨ ਹੈਲਥ ਐਕਸੈਸ ਇਨੀਸ਼ੀਏਟਿਵ ਅਤੇ ਵਿਸ਼ਵਵਿਆਪੀ ਮਾਹਰ ਸੂਬੇ ਵਿੱਚ ਟੈਸਟਿੰਗ ਸਮਰੱਥਾਵਾਂ ਨੂੰ ਵਧਾਉਣ ਲਈ ਨੀਤੀ ਤਿਆਰ ਕਰਨ ਤੋਂ ਇਲਾਵਾ ਸੂਬੇ ਲਈ ਵਿਗਿਆਨਕ ਟੈਸਟਿੰਗ ਰਣਨੀਤੀ ਤਿਆਰ ਕਰਨ ਲਈ ਕਮੇਟੀ ਨਾਲ ਕੰਮ ਕਰ ਰਹੇ ਹਨ।
ਇਸ ਤੋਂ ਇਲਾਵਾ, ਨਿਰੀਖਣ ਅਤੇ ਨਿਗਰਾਨੀ ਕਮੇਟੀਆਂ ਸਥਾਪਤ ਕੀਤੀਆਂ ਗਈਆਂ ਹਨ ਅਤੇ ਇਹ ਕਮੇਟੀਆਂ ਮੈਡੀਕਲ ਕਾਲਜਾਂ ਤੋਂ ਲੈਵਲ 2 ਅਤੇ ਲੈਵਲ 3 ਕੋਵਿਡ -19 ਦੇਖਭਾਲ ਸਹੂਲਤਾਂ ਲਈ ਕੰਮ ਕਰ ਰਹੀਆਂ ਹਨ।
ਜ਼ਿਕਰਯੋਗ ਹੈ ਕਿ ਸੂਬੇ ਵਿਚ ਕੋਵਿਡ ਕੇਅਰ ਸੈਂਟਰਾਂ ਵਿੱਚ ਘੱਟ ਗੰਭੀਰ ਮਰੀਜ਼ਾਂ ਲਈ 28340 ਬੈੱਡ ਵਾਲੀਆਂ 85 ਸੁਵਿਧਾਵਾਂ ਦੀ ਪਛਾਣ ਕੀਤੀ ਗਈ ਹੈ ਅਤੇ ਇਹਨਾਂ ਨੂੰ ਸਿਹਤ ਵਿਭਾਗ ਤੋਂ ਡਾਕਟਰੀ ਸਹਾਇਤਾ ਮਿਲੇਗੀ। ਪਹਿਲੇ ਪੜਾਅ ਵਿੱਚ ਸਿਹਤ ਵਿਭਾਗ ਵੱਲੋਂ ਲੈਵਲ 2 ਦੀਆਂ ਸਹੂਲਤਾਂ ਅਧੀਨ 3000 ਬੈੱਡ ਦਿੱਤੇ ਗਏ ਹਨ। ਦੂਜੇ ਪੜਾਅ ਵਿੱਚ ਲੇਬਲ 2 ਤਹਿਤ 2000 ਹੋਰ ਬੈੱਡ ਦਿੱਤੇ ਜਾਣਗੇ। ਇਸੇ ਤਰ•ਾਂ ਕੋਵਿਡ ਦੀਆਂ ਲੋੜਾਂ ਲਈ 387 ਆਈਸੀਯੂ/ਐਚਡੀਯੂ ਬੈੱਡ ਅਤੇ 131 ਵੈਂਟੀਲੇਟਰ ਬੈੱਡ ਰੱਖੇ ਗਏ ਹਨ।