ਕੋਲਕਾਤਾ ਦੀ ਅਦਾਲਤ ਨੇ ਸੰਜੇ ਰਾਏ ਨੂੰ ਸੁਣਾਈ ਉਮਰ ਕੈਦ ਦੀ ਸਜ਼ਾ
ਕੋਲਕਾਤਾ:20 ਜਨਵਰੀ 2025
ਕੋਲਕਾਤਾ ਦੀ ਇੱਕ ਅਦਾਲਤ ਨੇ ਸੋਮਵਾਰ ਨੂੰ ਸੰਜੇ ਰਾਏ ਨੂੰ ਸਰਕਾਰੀ ਆਰਜੀ ਕਾਰ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਇੱਕ 31 ਸਾਲਾ ਡਾਕਟਰ ਨਾਲ ਬਲਾਤਕਾਰ ਅਤੇ ਕਤਲ ਦੇ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਉਮਰ ਕੈਦ ਦੀ ਸਜ਼ਾ ਸੁਣਾਈ। ਅਦਾਲਤ ਨੇ 50,000 ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ।
ਸਿਆਲਦਾਹ ਅਦਾਲਤ ਨੇ ਪੱਛਮੀ ਬੰਗਾਲ ਸਰਕਾਰ ਨੂੰ ਪੀੜਤ ਪਰਿਵਾਰ ਨੂੰ 17 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਨਿਰਦੇਸ਼ ਦਿੱਤਾ ਹੈ।
ਜੱਜ ਨੇ 18 ਜਨਵਰੀ ਨੂੰ ਪਹਿਲਾਂ ਹੀ ਸਪੱਸ਼ਟ ਕਰ ਦਿੱਤਾ ਸੀ ਕਿ ਇਸ ਮਾਮਲੇ ਵਿੱਚ ਵੱਧ ਤੋਂ ਵੱਧ ਸਜ਼ਾ “ਮੌਤ ਦੀ ਸਜ਼ਾ” ਹੋ ਸਕਦੀ ਹੈ, ਜਦੋਂ ਕਿ ਘੱਟੋ-ਘੱਟ ਸਜ਼ਾ ਉਮਰ ਕੈਦ ਹੋ ਸਕਦੀ ਹੈ। ਰਾਏ ਵਿਰੁੱਧ ਬਲਾਤਕਾਰ ਤੇ ਕਤਲ ਦੇ ਅਪਰਾਧਾਂ ਲਈ ਸਜ਼ਾ ਸੁਣਾਉਣ ਦੀ ਪ੍ਰਕਿਰਿਆ ਸੋਮਵਾਰ ਨੂੰ ਪੂਰੀ ਹੋ ਗਈ, ਪਰ ਕੇਂਦਰੀ ਜਾਂਚ ਬਿਊਰੋ (CBI) ਦੀ ਕਥਿਤ ਛੇੜਛਾੜ ਅਤੇ ਸਬੂਤਾਂ ਨੂੰ ਬਦਲਣ ਦੀ ਜਾਂਚ ਜਾਰੀ ਰਹੇਗੀ।
ਸੁਣਵਾਈ ਦੌਰਾਨ ਸੀਬੀਆਈ ਦੇ ਵਕੀਲ ਨੇ ਕਿਹਾ ਕਿ ਅਸੀਂ ਸਬੂਤ ਪੇਸ਼ ਕਰ ਦਿੱਤੇ ਹਨ। ਅਸੀਂ ਕਾਨੂੰਨ ਅਨੁਸਾਰ ਕੰਮ ਕੀਤਾ ਹੈ। ਉਨ੍ਹਾਂ ਅੱਗੇ ਕਿਹਾ, “ਪੀੜਤ 36 ਘੰਟੇ ਡਿਊਟੀ ‘ਤੇ ਸੀ, ਉਸ ਨਾਲ ਬਲਾਤਕਾਰ ਕੀਤਾ ਗਿਆ ਤੇ ਕੰਮ ਵਾਲੀ ਥਾਂ ‘ਤੇ ਉਸ ਦਾ ਕਤਲ ਕਰ ਦਿੱਤਾ ਗਿਆ। ਉਹ ਇੱਕ ਹੁਸ਼ਿਆਰ ਵਿਦਿਆਰਥਣ ਸੀ।” ਪੀੜਤਾ ਦੇ ਪਰਿਵਾਰਕ ਵਕੀਲ ਨੇ ਕਿਹਾ, “ਸਬੂਤ ਉਸ ਰਾਤ ਦੀ ਘਟਨਾ ਬਾਰੇ ਸਭ ਕੁਝ ਸਪੱਸ਼ਟ ਕਰਦੇ ਹਨ।” ਕਈ ਦਲੀਲਾਂ ਦੇ ਬਾਅਦ ਵੀ ਦੋਸ਼ੀ ਦੀ ਬੇਗੁਨਾਹੀ ਸਾਬਤ ਨਹੀਂ ਹੋਈ ਹੈ।
ਜ਼ਿਕਰ ਕਰ ਦਈਏ ਕਿ ਅਦਾਲਤ ਨੇ ਸੰਜੇ ਰਾਏ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ, ਜਦੋਂ ਕਿ ਡਾਕਟਰ ਦੇ ਪਰਿਵਾਰ ਨੇ ਇਸ ਵਿਵਾਦਪੂਰਨ ਮਾਮਲੇ ਵਿੱਚ ਦੋਸ਼ੀ ਨੂੰ ਮੌਤ ਦੀ ਸਜ਼ਾ ਦੇਣ ਦੀ ਮੰਗ ਕੀਤੀ ਸੀ। ਇਸ ਤੋਂ ਇਲਾਵਾ ਮਾਮਲੇ ਦੀ ਜਾਂਚ ਕਰ ਰਹੀ ਏਜੰਸੀ ਸੀਬੀਆਈ ਨੇ ਵੀ ਸੰਜੇ ਰਾਏ ਲਈ ਮੌਤ ਦੀ ਸਜ਼ਾ ਦੀ ਮੰਗ ਕੀਤੀ ਸੀ ਪਰ ਅਦਾਲਤ ਨੇ ਸੰਜੇ ਰਾਏ ਨੂੰ ਉਮਰ ਕੈਦ ਦੀ ਸਜ਼ਾ ਦੇਣ ਦਾ ਫੈਸਲਾ ਕੀਤਾ ਹੈ। ਜੱਜ ਅਨਿਰਬਾਨ ਦਾਸ ਨੇ ਆਪਣੇ ਫੈਸਲੇ ਵਿੱਚ ਕਿਹਾ ਕਿ ਸੰਜੇ ਰਾਏ ਆਪਣੀ ਮੌਤ ਤੱਕ ਜੇਲ੍ਹ ਵਿੱਚ ਹੀ ਰਹਿਣਗੇ।