ਵੱਡੀ ਖ਼ਬਰ: ਡੱਲੇਵਾਲ ਦੀ ਹਮਾਇਤ ‘ਚ ਬੈਠੇ 121 ਕਿਸਾਨਾਂ ਵੱਲੋਂ ਕੀਤਾ ਮਰਨ ਵਰਤ ਖ਼ਤਮ
ਕਿਸਾਨ ਅੰਦੋਲਨ,19 ਜਨਵਰੀ 2025
ਕਿਸਾਨੀ ਮੰਗਾਂ ਅਤੇ ਜਗਜੀਤ ਸਿੰਘ ਡੱਲੇਵਾਲ ਦੀ ਹਮਾਇਤ ਵਿਚ ਮਰਨ ਵਰਤ ‘ਤੇ ਬੈਠੇ 121 ਕਿਸਾਨਾਂ ਵੱਲੋਂ ਮਰਨ ਵਰਤ ਖ਼ਤਮ ਕਰਨ ‘ਤੇ ਸਹਿਮਤੀ ਬਣ ਗਈ ਹੈ। 121 ਕਿਸਾਨਾਂ ਨੇ ਆਪਣਾ ਮਰਨ ਵਰਤ ਖ਼ਤਮ ਕਰ ਦਿੱਤਾ ਹੈ। ਇਥੇ ਦੱਸ ਦੇਈਏ ਕਿ ਜਗਜੀਤ ਸਿੰਘ ਡੱਲੇਵਾਲ ਵੱਲੋਂ ਸ਼ਨੀਵਾਰ ਨੂੰ ਕੇਂਦਰ ਨਾਲ ਮੀਟਿੰਗ ਦਾ ਸੱਦਾ ਮਿਲਣ ਮਗਰੋਂ ਮੈਡੀਕਲ ਸਹੂਲਤਾਂ ਲੈਣ ਲਈ ਹਾਂ ਕਰ ਦਿੱਤੀ ਗਈ ਹੈ ਅਤੇ ਦੇਰ ਰਾਤ ਨੂੰ ਹੀ ਉਨ੍ਹਾਂ ਨੂੰ ਸਿਹਤ ਸਹੂਲਤਾਂ ਮਿਲਣੀਆਂ ਸ਼ੁਰੂ ਹੋ ਗਈਆਂ ਹਨ।
ਦੱਸ ਦਈਏ ਕਿ ਬੀਤੀ 26 ਨਵੰਬਰ ਤੋਂ ਕਿਸਾਨੀ ਮੰਗਾਂ ਨੂੰ ਲੈ ਕੇ ਮਰਨ ਵਰਤ ‘ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਲਗਾਤਾਰ ਨਾਜ਼ੁਕ ਹੁੰਦੀ ਜਾ ਰਹੀ ਹੈ। ਇਸ ਦੌਰਾਨ ਕੇਂਦਰ ਸਰਕਾਰ ਦਾ ਇਕ ਵਫ਼ਦ ਸ਼ਨੀਵਾਰ ਨੂੰ ਖਨੌਰੀ ਬਾਰਡਰ ‘ਤੇ ਕਿਸਾਨਾਂ ਨਾਲ ਗੱਲਬਾਤ ਲਈ ਵਿਖੇ ਪੁੱਜਿਆ। ਕੇਂਦਰੀ ਖੇਤੀਬਾੜੀ ਮੰਤਰਾਲੇ ਵੱਲੋਂ ਜੁਆਇੰਟ ਸਕੱਤਰ ਪ੍ਰਿਆ ਰੰਜਨ ਦੇ ਨਾਲ ਪੰਜਾਬ ਪੁਲਸ ਦੇ ਸਾਬਕਾ ਡੀ.ਆਈ.ਜੀ. ਨਰੇਂਦਰ ਭਾਰਗਵ ਤੇ ਸਾਬਕਾ ਏ. ਡੀ. ਜੀ. ਪੀ. ਜਸਕਰਨ ਸਿੰਘ ਜਗਜੀਤ ਸਿੰਘ ਡੱਲੇਵਾਲ ਦਾ ਹਾਲ ਜਾਨਣ ਤੇ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਖਨੌਰੀ ਬਾਰਡਰ ਪੁੱਜੇ।
ਕੇਂਦਰ ਸਰਕਾਰ ਨਾਲ 14 ਫਰਵਰੀ ਨੂੰ ਹੋਈ ਮੀਟਿੰਗ ਦੇ ਮਿਲੇ ਪ੍ਰਸਤਾਵ ਤੋਂ ਬਾਅਦ ਜਿੱਥੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਇਲਾਜ ਕਰਵਾਉਣ ਲਈ ਸਹਿਮਤੀ ਦਿੱਤੀ, ਉੱਥੇ ਹੀ ਐਤਵਾਰ ਨੂੰ 111 ਕਿਸਾਨਾਂ ਨੇ ਪੰਜਵੇਂ ਤੇ ਹਰਿਆਣਾ ਦੇ 10 ਕਿਸਾਨਾਂ ਨੇ ਤੀਜੇ ਦਿਨ ਆਪਣਾ ਮਰਨ ਵਰਤ ਖ਼ਤਮ ਕਰ ਦਿੱਤਾ। ਇਸ ਤੋਂ ਬਾਅਦ ਕਿਸਾਨਾਂ ਨੇ ਸਭ ਤੋਂ ਪਹਿਲਾਂ ਚਾਹ ਪੀਤੀ। ਪਟਿਆਲਾ ਰੇਂਜ ਦੇ ਡੀਆਈਜੀ ਮਨਦੀਪ ਸਿੰਘ ਸਿੱਧੂ ਤੇ ਐਸਐਸਪੀ ਡਾ. ਨਾਨਕ ਸਿੰਘ ਮਰਨ ਵਰਤ ‘ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨਾਲ ਮੈਡੀਕਲ ਸਹਾਇਤਾ ਲੈਣ ਮੌਕੇ ਮੁਲਾਕਾਤ ਕੀਤੀ।ਕਿਸਾਨ ਆਗੂਆਂ ਕਾਕਾ ਸਿੰਘ ਕੋਟੜਾ, ਸੁਖਜੀਤ ਸਿੰਘ ਹਰਦੋਝੰਡੇ, ਬਲਦੇਵ ਸਿੰਘ ਸਿਰਸਾ ਨੇ ਇਨ੍ਹਾਂ ਕਿਸਾਨਾਂ ਨੂੰ ਜੂਸ ਪਿਆ ਕੇ ਮਰਨ ਵਰਤ ਖ਼ਤਮ ਕਰਵਾਇਆ ਤੇ ਉਨ੍ਹਾਂ ਨੂੰ ਹਰਿਆਣਾ ਸਰਹੱਦ ਤੋਂ ਮੋਰਚੇ ਵਾਲੀ ਥਾਂ ’ਤੇ ਵਾਪਸ ਲਿਆਂਦਾ ਗਿਆ।