ਫਰੀਦਕੋਟ ‘ਚ ਸਹੁਰੇ ਨੇ ਡਿਊਟੀ ‘ਤੇ ਜਾ ਰਹੀ ਵਿਧਵਾ ਨੂੰਹ ‘ਤੇ ਸੁੱਟਿਆ ਤੇਜ਼ਾਬ,ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫਰੀਦਕੋਟ ‘ਚ ਹੈ ਜ਼ੇਰੇ ਇਲਾਜ
ਨਿਊਜ਼ ਪੰਜਾਬ ,18 ਜਨਵਰੀ 2025
ਸੁਹਰੇ ਵਲੋਂ ਆਪਣੀ ਵਿਧਵਾ ਨੂੰਹ ਉੱਪਰ ਤੇਜ਼ਾਬ ਸੁੱਟਣ ਕਾਰਨ ਔਰਤ ਦੇ ਬੁਰੀ ਤਰ੍ਹਾਂ ਝੁਲਸਣ ਦੀ ਦੁਖਦਾਇਕ ਖਬਰ ਮਿਲੀ ਹੈ। ਪੀੜਤ ਔਰਤ ਨੂੰ ਇਲਾਜ ਲਈ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫਰੀਦਕੋਟ ਵਿਖੇ ਦਾਖਲ ਕਰਵਾਇਆ ਗਿਆ ਹੈ। ਸਥਾਨਕ ਸਿਟੀ ਥਾਣੇ ਦੀ ਪੁਲਿਸ ਵਲੋਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਸਥਾਨਕ ਦੁਆਰੇਆਣਾ ਰੋਡ ਦੀ ਰਹਿਣ ਵਾਲੀ 35 ਸਾਲਾ ਵਿਧਵਾ ਔਰਤ ਮੌਜੂਦਾ ਸਮੇਂ ਆਪਣੇ ਪੇਕੇ ਘਰ ਰਹਿ ਰਹੀ ਹੈ ਤੇ ਇੱਥੋਂ ਦੇ ਇਕ ਨਿੱਜੀ ਸਕੂਲ ‘ਚ ਬਤੌਰ ਸਫਾਈ ਸੇਵਕਾ ਨੌਕਰੀ ਕਰਦੀ ਹੈ। ਅੱਜ ਸਵੇਰੇ ਉਹ ਰੋਜ਼ਾਨਾ ਦੀ ਤਰ੍ਹਾਂ ਇਕ ਹੋਰ ਔਰਤ ਨਾਲ ਸਕੂਲ ‘ਚ ਡਿਊਟੀ ਲਈ ਜਾ ਰਹੀ ਸੀ। ਜਦ ਉਹ ਸਕੂਲ ਨੇੜੇ ਪੁੱਜੀ ਤਾਂ ਉਸਦੇ ਸਹੁਰੇ ਧੀਰੂ ਨੇ ਉਸ ਉੱਪਰ ਤੇਜ਼ਾਬ ਸੁੱਟ ਦਿੱਤਾ।
ਔਰਤ ਵਲੋਂ ਰੌਲਾ ਪਾਉਣ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ ਤੇ ਆਸ-ਪਾਸ ਦੇ ਲੋਕਾਂ ਨੇ ਪੀੜਤ ਔਰਤ ਨੂੰ ਪਹਿਲਾਂ ਬਾਬਾ ਦਿਆਲ ਸਿੰਘ ਸਿਵਲ ਹਸਪਤਾਲ ਕੋਟਕਪੂਰਾ ‘ਚ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਉਸ ਨੂੰ ਮੁੱਢਲੀ ਸਹਾਇਤਾ ਦੇ ਕੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫਰੀਦਕੋਟ ਲਈ ਰੈਫਰ ਕਰ ਦਿੱਤਾ। ਇਸ ਮਾਮਲੇ ‘ਚ ਮੈਡੀਕਲ ਦੇ ਪਲਾਸਟਿਕ ਸਰਜਰੀ ਵਿਭਾਗ ਦੇ ਪ੍ਰਮੁੱਖ ਡਾਕਟਰ ਦੀਪਕ ਭੱਟੀ ਨੇ ਦੱਸਿਆ ਕਿ ਤੇਜ਼ਾਬ ਕਾਰਨ ਔਰਤ ਦੇ ਚਿਹਰੇ, ਅੱਖਾਂ ਅਤੇ ਹੱਥ ’ਤੇ ਪ੍ਰਭਾਵ ਪਿਆ ਹੈ, ਹਾਲਾਂਕਿ ਉਸਦੀ ਜਾਨ ਨੂੰ ਕੋਈ ਖਤਰਾ ਨਹੀਂ ਪਰ ਜ਼ਖ਼ਮ ਬਹੁਤ ਜ਼ਿਆਦਾ ਹਨ। ਜਤਿੰਦਰ ਸਿੰਘ ਚੋਪੜਾ ਡੀਐਸਪੀ ਕੋਟਕਪੂਰਾ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਜਾਰੀ ਹੈ।