ਘਰ ਦੇ ਬਾਹਰ ਖੇਡ ਰਹੇ 11 ਸਾਲਾ ਬੱਚੇ ਨੂੰ ਕੁੱਤਿਆਂ ਨੇ ਵੱਢਿਆ, ਹੋਈ ਮੌਤ
ਪੰਜਾਬ ਨਿਊਜ਼,11 ਜਨਵਰੀ 2024
ਲੁਧਿਆਣਾ ਦੇ ਮੁੱਲਾਪੁਰ ਦਾਖਾ ਨੇੜੇ ਸਥਿਤ ਪਿੰਡ ਹਸਨਪੁਰ ਵਿੱਚ ਆਵਾਰਾ ਕੁੱਤਿਆਂ ਨੇ ਇੱਕ ਹੋਰ ਮਾਸੂਮ ਬੱਚੇ ਦੀ ਜਾਨ ਲੈ ਲਈ। 11 ਸਾਲਾ ਲੜਕੇ ਹਰਸੁਖਪ੍ਰੀਤ ਸਿੰਘ ਨੂੰ ਕੁੱਤਿਆਂ ਨੇ ਵੱਢ-ਵੱਢ ਕੇ ਮਾਰ ਦਿੱਤਾ। ਪੰਜਵੀਂ ਜਮਾਤ ਦੇ ਵਿਦਿਆਰਥੀ ਹਰਸੁਖਪ੍ਰੀਤ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਲੁਧਿਆਣਾ ਦੇ ਪਿੰਡ ਹਸਨਪੁਰ ਵਿੱਚ ਕੁੱਤਿਆਂ ਦਾ ਆਤੰਕ ਰੁਕਣ ਦਾ ਨਾਮ ਨਹੀਂ ਲੈ ਰਿਹਾ। ਪਹਿਲਾਂ ਅਵਾਰਾ ਕੁੱਤਿਆਂ ਦਾ ਸ਼ਿਕਾਰ ਬਜ਼ੁਰਗ ਹੁੰਦੇ ਸਨ ਪਰ ਹੁਣ ਉਹ ਮਾਸੂਮ ਬੱਚਿਆਂ ‘ਤੇ ਜਾਨਲੇਵਾ ਹਮਲਾ ਕਰਦੇ ਹਨ। ਪਿੰਡ ਵਿੱਚ ਆਵਾਰਾ ਕੁੱਤਿਆਂ ਦੇ ਕੱਟਣ ਨਾਲ ਇੱਕ ਹੋਰ ਮਾਸੂਮ ਬੱਚੇ ਦੀ ਮੌਤ ਹੋ ਗਈ ਹੈ।ਇਹ ਘਟਨਾ ਇੱਕ ਹਫ਼ਤੇ ਦੇ ਅੰਦਰ ਪਿੰਡ ਵਿੱਚ ਵਾਪਰੀ ਦੂਜੀ ਅਜਿਹੀ ਦੁਖਦਾਈ ਘਟਨਾ ਹੈ। ਇਸ ਤੋਂ ਪਹਿਲਾਂ ਇੱਕ ਪ੍ਰਵਾਸੀ ਪਰਿਵਾਰ ਦੇ ਬੱਚੇ ਦੀ ਵੀ ਕੁੱਤੇ ਦੇ ਹਮਲੇ ਵਿੱਚ ਮੌਤ ਹੋ ਗਈ ਸੀ।
ਅਜਿਹੀਆਂ ਲਗਾਤਾਰ ਹੋ ਰਹੀਆਂ ਘਟਨਾਵਾਂ ਤੋਂ ਗੁੱਸੇ ਵਿੱਚ ਆ ਕੇ ਪਿੰਡ ਵਾਸੀਆਂ ਨੇ ਲੁਧਿਆਣਾ-ਫ਼ਿਰੋਜ਼ਪੁਰ ਮੁੱਖ ਸੜਕ ‘ਤੇ ਧਰਨਾ ਦਿੱਤਾ। ਪ੍ਰਦਰਸ਼ਨਕਾਰੀਆਂ ਨੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਸੜਕ ਜਾਮ ਕਰ ਦਿੱਤੀ। ਪਿੰਡ ਵਾਸੀਆਂ ਦਾ ਦੋਸ਼ ਹੈ ਕਿ ਪ੍ਰਸ਼ਾਸਨ ਆਵਾਰਾ ਕੁੱਤਿਆਂ ਦੀ ਸਮੱਸਿਆ ਪ੍ਰਤੀ ਗੰਭੀਰ ਨਹੀਂ ਹੈ। ਦੋ ਮਾਸੂਮਾਂ ਦੀ ਮੌਤ ਤੋਂ ਬਾਅਦ ਵੀ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ। ਸਥਾਨਕ ਲੋਕਾਂ ਨੇ ਪ੍ਰਸ਼ਾਸਨ ਤੋਂ ਤੁਰੰਤ ਕਾਰਵਾਈ ਦੀ ਮੰਗ ਕੀਤੀ ਹੈ ਤਾਂ ਜੋ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨਾ ਵਾਪਰਨ। ਪਿੰਡ ਵਿੱਚ ਆਵਾਰਾ ਕੁੱਤਿਆਂ ਦਾ ਆਤੰਕ ਇੰਨਾ ਵੱਧ ਗਿਆ ਹੈ ਕਿ ਪਿੰਡ ਦੇ ਬੱਚੇ ਅਤੇ ਔਰਤਾਂ ਆਪਣੇ ਘਰਾਂ ਤੋਂ ਬਾਹਰ ਨਿਕਲਣ ਤੋਂ ਡਰਨ ਲੱਗ ਪਏ ਹਨ।