ਮੁੱਖ ਖ਼ਬਰਾਂਭਾਰਤ

ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ 43ਵੇ ਦਿਨ ਵੀ ਜਾਰੀ, ਹੁਣ ਪਰਿਵਾਰ ਸਮੇਤ ਕਿਸੇ ਨੂੰ ਵੀ ਨਹੀਂ ਮਿਲਣਗੇ ਡੱਲੇਵਾਲ, ਜਾਣੋ ਕੀ ਭੇਜਿਆ ਸੁਨੇਹਾ

8 ਜਨਵਰੀ 2025

ਕਿਸਾਨੀ ਮੰਗਾਂ ਨੂੰ ਲੈ ਕੇ ਮਰਨ ਵਰਤ ‘ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ 43 ਦਿਨਾਂ ਤੋਂ ਭੁੱਖ ਹੜਤਾਲ ‘ਤੇ ਚੱਲ ਰਹੇ ਹਨ। ਇਸ ਦੌਰਾਨ ਉਨ੍ਹਾਂ ਨਾਲ ਕਈ ਆਗੂਆਂ ਨਾਲ ਮੁਲਾਕਾਤ ਵੀ ਹੋਈ ਹੈ ਅਤੇ ਪਰਿਵਾਰ ਵੀ ਕਈ ਵਾਰ ਮਿਲਦਾ ਰਿਹਾ ਹੈ। ਹਰ ਵਰਗ ਨੇ ਉਨ੍ਹਾਂ ਨੂੰ ਮਿਲ ਕੇ ਸਮਰਥਨ ਦਿੱਤਾ ਹੈ, ਪਰ ਹੁਣ ਕਿਸਾਨ ਆਗੂ ਡੱਲੇਵਾਲ ਕਿਸੇ ਨੂੰ ਵੀ ਨਹੀਂ ਮਿਲਣਾ ਚਾਹੁੰਦੇ। ਉਨ੍ਹਾਂ ਨੇ ਸੁਨੇਹਾ ਭਿਜਵਾਇਆ ਹੈ ਕਿ ਮੇਰਾ ਪਰਿਵਾਰ ਵੀ ਮੇਰੇ ਕੋਲ ਗੱਲਬਾਤ ਲਈ ਨਾ ਆਵੇ।

ਡੱਲੇਵਾਲ ਨੇ ਇਹ ਸੁਨੇਹਾ ਕਿਸਾਨ ਆਗੂ ਕਾਕਾ ਸਿੰਘ ਕੋਟੜਾ ਰਾਹੀਂ ਭਿਜਵਾਇਆ ਹੈ। ਦੱਸ ਦਈਏ ਕਿ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਬਹੁਤ ਹੀ ਨਾਜ਼ੁਕ ਮੋੜ ‘ਤੇ ਹੈ। ਸ਼ੂਗਰ ਲੈਵਲ ਘਟਣ-ਵਧਣ ਤੋਂ ਲੈ ਕੇ ਸਰੀਰ ਦਾ ਭਾਰ ਸਮੇਤ ਕਈ ਚੀਜ਼ਾਂ ਸਾਹਮਣੇ ਆਈਆਂ ਹਨ। ਡਾਕਟਰਾਂ ਵੀ ਚਿੰਤਾ ਪ੍ਰਗਟ ਕਰ ਚੁੱਕੇ ਹਨ ਕਿ ਡੱਲੇਵਾਲ ਨੂੰ ਕਿਸੇ ਵੀ ਸਮੇਂ ਕੁੱਝ ਵੀ ਹੋ ਸਕਦਾ ਹੈ। ਬੀਤੇ ਦਿਨੀ ਕਿਸਾਨ ਆਗੂ ਬੇਹੋਸ਼ ਵੀ ਹੋ ਗਏ ਸਨ, ਜਿਸ ਤੋਂ ਇੱਕ ਘੰਟੇ ਦੀ ਜੱਦੋ-ਜਹਿਦ ਬਾਅਦ ਹੋਸ਼ ਆਇਆ ਸੀ। ਹਾਲਾਂਕਿ, ਡੱਲੇਵਾਲ ਫਿਰ ਵੀ ਆਪਣੇ ਮਰਨ ਵਰਤ ‘ਤੇ ਅੜਿੱਗ ਹਨ।

ਕਿਸਾਨ ਆਗੂ ਕਾਕਾ ਸਿੰਘ ਕੋਟੜਾ ਨੇ ਦੱਸਿਆ ਕਿ ਕਿਸਾਨ ਆਗੂ ਦੀ ਸਿਹਤ ਬਹੁ਼ਤ ਜ਼ਿਆਦਾ ਖਰਾਬ ਹੋਈ ਪਈ ਹੈ। ਹੁਣ ਤੱਕ ਲਗਾਤਾਰ ਡੱਲੇਵਾਲ ਹਰ ਇੱਕ ਮਿਲਣ ਵਾਲੇ ਨਾਲ ਮੁਲਾਕਾਤ ਕਰਦੇ ਆ ਰਹੇ ਸਨ ਅਤੇ ਬੋਲਚਾਲ ਜਾਰੀ ਸੀ, ਪਰ ਹੁਣ ਡਾਕਟਰਾਂ ਅਨੁਸਾਰ ਬੋਲਚਾਲ ਨੂੰ ਵੀ ਕੰਟਰੋਲ ਕਰਨਾ ਪਵੇਗਾ, ਕਿਉਂਕਿ ਇਸ ਨਾਲ ਵੀ ਕਮਜ਼ੋਰੀ ਆ ਜਾਂਦੀ ਹੈ ਅਤੇ ਡੱਲੇਵਾਲ ਹੋਰ ਵੀ ਬਿਮਾਰ ਹੋ ਜਾਂਦੇ ਹਨ।