ਚੀਨ ਤੋਂ ਬਾਦ ਹੁਣ ਪੂਰੀ ਦੁਨੀਆਂ ਲਈ ਖ਼ਤਰਾ ਕਰੋਨਾ ਵਾਇਰਸ

ਇਹ ਇੱਕ ਨਵਾਂ ਵਾਇਰਸ ਹੈ, ਜੋ ਫੇਫੜਿਆਂ ਦੀ ਗੰਭੀਰ ਬਿਮਾਰੀ ਦਾ ਕਾਰਨ ਬਣਦਾ ਹੈ। ਦਸੰਬਰ, 2019 ਦੌਰਾਨ ਚੀਨ ਵਿੱਚ ਇਸ ਵਾਇਰਸ ਦੇ ਸਾਹਮਣੇ ਆਉਣ ‘ਤੇ ਇਸ ਨੇ ਉੱਚ ਸਿਹਤ ਅਧਿਕਾਰੀਆਂ ਨੂੰ ਡੂੰਘੀ ਚਿੰਤਾ ਵਿੱਚ ਪਾ ਦਿੱਤਾ ਹੈ।

ਚੀਨ ਦੇ ਅਧਿਕਾਰੀਆਂ ਨੇ ਇਸ ਵਾਇਰਸ ਦੀ ਇਨਫੈਕਸ਼ਨ ਨਾਲ ਹੁਣ ਤੱਕ ਤਿੰਨ ਵਿਅਕਤੀਆਂ ਦੀ ਮੌਤਾਂ ਹੋਣ ਅਤੇ 200 ਤੋਂ ਜ਼ਿਆਦਾ ਕੇਸ ਸਾਹਮਣੇ ਆਉਣ ਦੀ ਪੁਸ਼ਟੀ ਕੀਤੀ ਹੈ।

ਜਦ ਕਿ ਕੁਝ ਸਿਹਤ ਮਾਹਿਰਾਂ ਦਾ ਅਨੁਮਾਨ ਹੈ ਕਿ ਅਸਲ ਅੰਕੜਾ 1700 ਦੇ ਨਜ਼ਦੀਕ ਹੋ ਸਕਦਾ ਹੈ।

ਇਸ ਵਾਇਰਸ ਦੀ ਪਛਾਣ ਕੋਰੋਨਾਵਾਇਰਸ ਦੀ ਇੱਕ ਕਿਸਮ ਵਜੋਂ ਹੋਈ ਹੈ, ਜਿਹੜਾ ਇੱਕ ਆਮ ਵਾਇਰਸ ਹੈ ਜੋ ਨੱਕ, ਸਾਈਨਸ ਜਾਂ ਗਲੇ ਦੇ ਉੱਪਰਲੇ ਹਿੱਸੇ ਨੂੰ ਪ੍ਰਭਾਵਿਤ ਕਰਦਾ ਹੈ।

ਇਹ ਇਨਫੈਕਸ਼ਨ ਕਿੰਨਾ ਚਿੰਤਾਜਨਕ ਹੈ ਅਤੇ ਕਿੰਨੀ ਤੇਜ਼ੀ ਨਾਲ ਫੈਲਦਾ ਹੈ? ਇੱਥੇ ਅਸੀਂ ਇਸ ਸਬੰਧੀ ਜਾਣਦੇ ਹਾਂ।

ਇਹ ਕਿੱਥੋਂ ਆਉਂਦਾ ਹੈ?

ਵਿਸ਼ਵ ਸਿਹਤ ਸੰਗਠਨ (ਡਬਲਯੂਐੱਚਓ) ਅਨੁਸਾਰ ਇਸ ਨਵੇਂ ਪ੍ਰਕੋਪ ਦਾ ਸਰੋਤ ਕਿਸੇ ਜਾਨਵਰ ਦੇ ਸਰੋਤ ਨਾਲ ਜੁੜਿਆ ਹੋਇਆ ਹੈ।

ਹੁਣ ਤੱਕ ਇਸਦੀ ਲਪੇਟ ਵਿਚ ਆਏ ਜਿੰਨੇ ਵੀ ਮਨੁੱਖੀ ਕੇਸ ਹਨ, ਉਹ ਹੂਆਨ ਸ਼ਹਿਰ ਦੇ ਹੁਆਨਾਨ ਸਮੁੰਦਰੀ ਭੋਜਨ ਦੀ ਹੋਲਸੇਲ ਮਾਰਕੀਟ ਤੋਂ ਆਏ ਹੋ ਸਕਦੇ ਹਨ।

ਕੋਰੋਨਾਵਾਇਰਸ, ਵਾਇਰਸਾਂ ਦਾ ਇੱਕ ਵੱਡਾ ਪਰਿਵਾਰ ਹੈ, ਪਰ ਸਿਰਫ਼ ਛੇ (ਨਵੇਂ ਨਾਲ ਇਹ ਸੱਤ ਬਣ ਜਾਣਗੇ) ਨਾਲ ਮਨੁੱਖ ਨੂੰ ਇਨਫੈਕਸ਼ਨ ਹੁੰਦੀ ਹੈ।

ਜ਼ਿਆਦਾਤਰ ਕੋਰੋਨਾਵਾਇਰਸ ਖਤਰਨਾਕ ਨਹੀਂ ਹਨ, ਪਰ ਇਸ ਨਵੇਂ ਵਾਇਰਸ ਨਾਲ ਨਮੂਨੀਆ ਦਾ ਪ੍ਰਕੋਪ ਵਧਿਆ ਹੈ।

ਇਸ ਦੇ ਲੱਛਣ ਕੀ ਹਨ?

ਇਸ ਦੀ ਇਨਫੈਕਸ਼ਨ ਨਾਲ ਸਾਹ ਸਬੰਧੀ ਬਿਮਾਰੀਆਂ ਦੇ ਲੱਛਣ, ਬੁਖ਼ਾਰ, ਖਾਂਸੀ, ਦਮ ਉੱਖੜਨਾ ਅਤੇ ਸਾਹ ਲੈਣ ਵਿੱਚ ਤਕਲੀਫ਼ ਸ਼ਾਮਲ ਹਨ।

ਇਸ ਪ੍ਰਕੋਪ ਨੇ ਸਾਰਸ ਵਾਇਰਸ ਦੀ ਯਾਦ ਦਿਵਾ ਦਿੱਤੀ, ਜਿਹੜਾ ਕਿ ਇੱਕ ਕੋਰੋਨਾਵਾਇਰਸ ਹੈ। ਉਸ ਨੇ ਸਾਲ 2000 ਦੀ ਸ਼ੁਰੂਆਤ ਵਿੱਚ ਏਸ਼ੀਆ ਦੇ ਦਰਜਨਾਂ ਦੇਸ਼ਾਂ ਵਿੱਚ 774 ਲੋਕਾਂ ਨੂੰ ਮਾਰ ਦਿੱਤਾ ਸੀ।

ਨਵੇਂ ਵਾਇਰਸ ਦੇ ਜੈਨੇਟਿਕ ਕੋਡ ਦਾ ਵਿਸ਼ਲੇਸ਼ਣ ਇਹ ਦਰਸਾਉਂਦਾ ਹੈ ਕਿ ਇਹ ਕਿਸੇ ਵੀ ਹੋਰ ਮਨੁੱਖੀ ਕੋਰੋਨਾਵਾਇਰਸ ਦੀ ਤੁਲਨਾ ਵਿੱਚ ਸਾਰਸ ਦੇ ਜ਼ਿਆਦਾ ਨਜ਼ਦੀਕ ਹੈ।

ਈਡਨਬਰਗ ਯੂਨੀਵਰਸਿਟੀ ਦੇ ਪ੍ਰੋਫੈਸਰ ਮਾਰਕ ਵੂਲਹਾਊਸ ਕਹਿੰਦੇ ਹਨ, ”ਜਦੋਂ ਅਸੀਂ ਨਵੇਂ ਕੋਰੋਨਾਵਾਇਰਸ ਨੂੰ ਦੇਖਦੇ ਹਾਂ ਤਾਂ ਅਸੀਂ ਜਾਣਨਾ ਚਾਹੁੰਦੇ ਹਾਂ ਕਿ ਇਸ ਦੇ ਲੱਛਣ ਕਿੰਨੇ ਗੰਭੀਰ ਹਨ। ਇਸ ਦੇ ਜ਼ੁਕਾਮ ਵਰਗੇ ਲੱਛਣ ਚਿੰਤਾ ਦਾ ਵਿਸ਼ਾ ਹਨ, ਪਰ ਇਹ ਸਾਰਸ ਜਿੰਨਾ ਗੰਭੀਰ ਨਹੀਂ ਹੈ।”

ਦੱਖਣੀ ਕੋਰੀਆ, ਥਾਈਲੈਂਡ ਅਤੇ ਜਪਾਨ ਨੇ ਵੀ ਇਸ ਸਬੰਧੀ ਕੇਸ ਸਾਹਮਣੇ ਆਉਣ ਦੀ ਪੁਸ਼ਟੀ ਕੀਤੀ ਹੈ।

ਕੀ ਇਹ ਮਨੁੱਖ ਤੋਂ ਮਨੁੱਖ ਰਾਹੀਂ ਫੈਲਦਾ ਹੈ?

ਹੁਣ ਤੱਕ ਵਿਗਿਆਨੀਆਂ ਦਾ ਮੰਨਣਾ ਹੈ ਕਿ ਕਈ ਮਾਮਲਿਆਂ ਵਿੱਚ ਇਹ ਵਾਇਰਸ ਮਨੁੱਖ ਤੋਂ ਮਨੁੱਖ ਤੱਕ ਫੈਲਿਆ ਹੈ।

ਡਿਊਕ-ਐੱਨਯੂਐੱਸ ਮੈਡੀਕਲ ਸਕੂਲ, ਸਿੰਗਾਪੁਰ ਦੇ ਵਾਂਗ ਲਿਨ-ਫਾ ਜਿਹੜੇ ਕੇ ਹੂਆਨ ਗਏ ਸਨ, ਜਿਨ੍ਹਾਂ ਦਾ ਕਹਿਣਾ ਹੈ ਕਿ ਅਧਿਕਾਰੀ ਇਸ ਦੇ ਮਨੁੱਖ ਤੋਂ ਮਨੁੱਖ ਤੱਕ ਫੈਲਣ ਦੀ ਸਥਿਤੀ ਦੀ ਬਾਰੀਕੀ ਨਾਲ ਨਿਗਰਾਨੀ ਕਰਨਗੇ।

”ਨਵੇਂ ਚੀਨੀ ਸਾਲ ਦੇ ਆਉਣ ਕਾਰਨ, ਉੱਥੇ 400 ਮਿਲੀਅਨ ਲੋਕ ਆ ਜਾ ਸਕਦੇ ਹਨ। ਇਸ ਕਾਰਨ ਹਰ ਕੋਈ ਘਬਰਾਇਆ ਹੋਇਆ ਹੈ। ਖ਼ਾਸ ਤੌਰ ‘ਤੇ ਸਾਨੂੰ ਇਸ ਸਥਾਨ ਨੂੰ ਦੇਖਣ ਦੀ ਲੋੜ ਹੈ।”

ਕੀ ਸਾਨੂੰ ਚਿੰਤਤ ਹੋਣਾ ਚਾਹੀਦਾ ਹੈ?

ਵੈਲਕਮ ਟਰੱਸਟ ਦੀ ਡਾ. ਜੋਸੀ ਗੋਲਡਿੰਗ ਨੇ ਕਿਹਾ ਕਿ ਜਦੋਂ ਤੱਕ ਇਸ ਵਾਇਰਸ ਸਬੰਧੀ ਜ਼ਿਆਦਾ ਜਾਣਕਾਰੀ ਨਹੀਂ ਹੈ, ਇਹ ਕਹਿਣਾ ਬਹੁਤ ਮੁਸ਼ਕਿਲ ਹੈ ਕਿ ਸਾਨੂੰ ਇਸ ਪ੍ਰਤੀ ਕਿੰਨਾ ਕੁ ਚਿੰਤਤ ਹੋਣਾ ਚਾਹੀਦਾ ਹੈ।

ਉਨ੍ਹਾਂ ਨੇ ਕਿਹਾ, ”ਸਾਰਸ ਵਾਇਰਸ ਦੀ ਬਹੁਤ ਮਾੜੀ ਯਾਦ ਹੈ, ਇਸ ਕਾਰਨ ਡਰ ਪੈਦਾ ਹੋ ਰਿਹਾ ਹੈ, ਪਰ ਅਸੀਂ ਉਸ ਤਰ੍ਹਾਂ ਦੀਆਂ ਬਿਮਾਰੀਆਂ ਨਾਲ ਨਿਪਟਣ ਲਈ ਪੂਰੀ ਤਰ੍ਹਾਂ ਤਿਆਰ ਹਾਂ।”

ਨੌਟਿੰਘਮ ਯੂਨੀਵਰਸਿਟੀ ਦੇ ਪ੍ਰੋਫੈਸਰ ਜੋਨਾਥਨ ਬਾਲ ਕਹਿੰਦੇ ਹਨ, ”ਸਾਨੂੰ ਕਿਸੇ ਨੂੰ ਵੀ ਉਸ ਵਾਇਰਸ ਪ੍ਰਤੀ ਚਿੰਤਤ ਹੋਣਾ ਚਾਹੀਦਾ ਹੈ ਜਿਹੜਾ ਮਨੁੱਖ ਲਈ ਪਹਿਲੀ ਵਾਰ ਸਾਹਮਣੇ ਆਉਂਦਾ ਹੈ।”

ਉਹ ਅੱਗੇ ਦੱਸਦੇ ਹਨ, ”ਜਦੋਂ ਵਾਇਰਸ ਇੱਕ (ਮਨੁੱਖੀ) ਕੋਸ਼ਿਕਾ ਅੰਦਰ ਜਾਂਦਾ ਹੈ ਤਾਂ ਉਹ ਅੰਦਰ ਅੰਤਰਕਿਰਿਆ ਕਰਦਾ ਹੈ ਜੋ ਉਸ ਨੂੰ ਜ਼ਿਆਦਾ ਤੇਜ਼ੀ ਨਾਲ ਫੈਲਾ ਸਕਦੀ ਹੈ ਅਤੇ ਇਹ ਜ਼ਿਆਦਾ ਖ਼ਤਰਨਾਕ ਬਣ ਜਾਂਦਾ ਹੈ।”

”ਤੁਹਾਨੂੰ ਵਾਇਰਸ ਨੂੰ ਅਜਿਹਾ ਮੌਕਾ ਨਹੀਂ ਦੇਣਾ ਚਾਹੀਦਾ।”