ਭਾਰਤ ਵਿੱਚ HMPV ਵਾਇਰਸ ਦੀ ਐਂਟਰੀ; 8 ਮਹੀਨੇ ਦੀ ਬੱਚੀ ਹੋਈ ਪੀੜਤ
ਨਿਊਜ਼ ਪੰਜਾਬ,6 ਜਨਵਰੀ 2025
ਚੀਨ ਦਾ HMPV ਵਾਇਰਸ ਭਾਰਤ ਵਿੱਚ ਵੀ ਪਹੁੰਚ ਗਿਆ ਹੈ। ਇਸ ਦਾ ਪਹਿਲਾ ਮਾਮਲਾ ਬੈਂਗਲੁਰੂ ‘ਚ ਦਰਜ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਅੱਠ ਮਹੀਨੇ ਦੀ ਬੱਚੀ ਇਸ ਤੋਂ ਪੀੜਤ ਹੈ। ਇਹ ਮਾਮਲਾ ਸ਼ਹਿਰ ਦੇ ਬੈਪਟਿਸਟ ਹਸਪਤਾਲ ਵਿੱਚ ਦਰਜ ਕੀਤਾ ਗਿਆ ਸੀ। ਰਾਜ ਦੇ ਸਿਹਤ ਵਿਭਾਗ ਨੇ ਕਿਹਾ ਕਿ ਉਨ੍ਹਾਂ ਨੇ ਆਪਣੀ ਲੈਬਾਰਟਰੀ ਵਿੱਚ ਸੈਂਪਲਾਂ ਦੀ ਜਾਂਚ ਨਹੀਂ ਕੀਤੀ ਹੈ। ਹਸਪਤਾਲ ਦੀ ਲੈਬਾਰਟਰੀ ਵਿੱਚ ਕੀਤੇ ਗਏ ਟੈਸਟ ਵਿੱਚ ਐਚਐਮਪੀਵੀ ਵਾਇਰਸ ਦੀ ਪੁਸ਼ਟੀ ਹੋਈ ਹੈ। ਕਰਨਾਟਕ ਦੇ ਸਿਹਤ ਵਿਭਾਗ ਨੇ ਇਹ ਜਾਣਕਾਰੀ ਕੇਂਦਰ ਸਰਕਾਰ ਨੂੰ ਦਿੱਤੀ ਹੈ। ਹਿਊਮਨ ਮੈਟਾਪਨਿਓਮੋਵਾਇਰਸ, ਜਿਸਨੂੰ hMPV ਵੀ ਕਿਹਾ ਜਾਂਦਾ ਹੈ, ਇਹ ਇੱਕ ਕਿਸਮ ਦਾ ਆਮ ਸਾਹ ਸੰਬੰਧੀ ਵਾਇਰਸ ਹੈ ਜੋ ਹਰ ਉਮਰ ਦੇ ਲੋਕਾਂ ਵਿੱਚ ਫੈਲ ਸਕਦਾ ਹੈ। ਇਸ ਵਾਇਰਸ ਦਾ ਬਜ਼ੁਰਗਾਂ ਅਤੇ ਛੋਟੇ ਬੱਚਿਆਂ ‘ਤੇ ਜ਼ਿਆਦਾ ਪ੍ਰਭਾਵ ਪੈਣ ਦੀ ਸੰਭਾਵਨਾ ਹੈ। ਜੇਕਰ ਤੁਸੀਂ ਵਾਇਰਸ ਨਾਲ ਸੰਕਰਮਿਤ ਵਿਅਕਤੀ ਦੇ ਸੰਪਰਕ ਵਿੱਚ ਆਉਂਦੇ ਹੋ, ਤਾਂ ਤੁਸੀਂ ਵੀ ਇਸ ਵਾਇਰਸ ਨਾਲ ਸੰਕਰਮਿਤ ਹੋ ਸਕਦੇ ਹੋ। ਇਸ ਦੇ ਕੁਝ ਆਮ ਲੱਛਣ ਹਨ। ਜਿਵੇਂ ਕਿ ਨੱਕ ਵੱਗਣਾ, ਗਲੇ ਵਿੱਚ ਖਰਾਸ਼, ਸਿਰ ਦਰਦ, ਥਕਾਵਟ, ਖੰਘ, ਬੁਖਾਰ ਜਾਂ ਜ਼ੁਕਾਮ ਮਹਿਸੂਸ ਹੋਣਾ।
ਇਸ ਬਿਮਾਰੀ ਸਬੰਧੀ ਆਈਏਐਨਐਸ ਨਾਲ ਗੱਲਬਾਤ ਕਰਦਿਆਂ ਹੋਮਿਓਪੈਥ ਡਾਕਟਰ ਦਿਵੇਦੀ ਨੇ ਕਿਹਾ ਕਿ ਇਹ ਆਮ ਲੱਛਣ ਭਵਿੱਖ ਵਿੱਚ ਵੱਡੀ ਮੁਸੀਬਤ ਦਾ ਕਾਰਨ ਬਣ ਸਕਦੇ ਹਨ। ਫੇਫੜੇ ਪ੍ਰਭਾਵਿਤ ਹੋ ਸਕਦੇ ਹਨ। ਸਾਹ ਲੈਣ ਵਿੱਚ ਤਕਲੀਫ਼ ਹੁੰਦੀ ਹੈ, ਘਰਰ-ਘਰਾਹਟ ਸੁਣਾਈ ਦਿੰਦੀ ਹੈ, ਦਮੇ ਨਾਲ ਸਬੰਧਤ ਸਮੱਸਿਆਵਾਂ ਵੱਧ ਜਾਂਦੀਆਂ ਹਨ, ਸਾਹ ਚੜ੍ਹਨਾ ਸ਼ੁਰੂ ਹੋ ਜਾਂਦਾ ਹੈ, ਥਕਾਵਟ ਵਧ ਜਾਂਦੀ ਹੈ, ਬੱਚਿਆਂ ਵਿੱਚ ਛਾਤੀ ਵਿੱਚ ਇਨਫੈਕਸ਼ਨ ਘਾਤਕ ਸਾਬਤ ਹੋ ਸਕਦੀ ਹੈ।ਇਸ ਵਾਇਰਸ ਤੋਂ ਬੱਚੇ ਅਤੇ ਬਜ਼ੁਰਗ ਸਭ ਤੋਂ ਵੱਧ ਪ੍ਰਭਾਵਿਤ ਹੋ ਸਕਦੇ ਹਨ। ਇਸ ‘ਚ ਸਾਹ ਅਤੇ ਫੇਫੜਿਆਂ ਦੀਆਂ ਨਲੀਆਂ ‘ਚ ਇਨਫੈਕਸ਼ਨ ਹੋ ਜਾਂਦੀ ਹੈ, ਜਿਸ ਕਾਰਨ ਖੰਘ ਅਤੇ ਸਾਹ ਲੈਣ ‘ਚ ਤਕਲੀਫ ਹੁੰਦੀ ਹੈ। ਇਸ ਤੋਂ ਇਲਾਵਾ ਗਲੇ ‘ਚ ਖਰਾਸ਼, ਸਿਰਦਰਦ, ਖਾਂਸੀ, ਬੁਖਾਰ, ਠੰਢ ਅਤੇ ਥਕਾਵਟ ਵੀ ਹੁੰਦੀ ਹੈ।