ਨਵਾਂ ਸਾਲ : ਪਹਾੜਾਂ ਤੋਂ ਮੈਦਾਨਾਂ ਤੱਕ ਮੀਂਹ ਅਤੇ ਬਰਫ਼ਬਾਰੀ ਦੀ ਸੰਭਾਵਨਾ – ਪੰਜਾਬ ਸਮੇਤ ਉੱਤਰੀ ਭਾਰਤ ਵਿੱਚ ਸਵੇਰੇ ਸੰਘਣੀ ਧੁੰਦ ਛਾਈ
ਨਿਊਜ਼ ਪੰਜਾਬ
ਰਾਸ਼ਟਰੀ ਰਾਜਧਾਨੀ ਦਿੱਲੀ ਦੇ ਖੇਤਰ ਸਮੇਤ ਉੱਤਰੀ ਭਾਰਤ ਵਿੱਚ ਸਵੇਰੇ ਸੰਘਣੀ ਧੁੰਦ ਛਾਈ ਹੋਈ ਹੈ। ਪੰਜਾਬ ਅਤੇ ਹਰਿਆਣਾ ‘ਚ ਕਈ ਥਾਵਾਂ ‘ਤੇ ਧੁੰਦ ਦੀ ਸੰਘਣੀ ਪਰਤ ਵੀ ਦੇਖਣ ਨੂੰ ਮਿਲੀ, ਜਿਸ ਕਾਰਨ ਆਵਾਜਾਈ ਪ੍ਰਭਾਵਿਤ ਹੋਈ।
ਨਵੇਂ ਸਾਲ ਦੀ ਸ਼ੁਰੂਆਤ ਕੜਾਕੇ ਦੀ ਠੰਡ ਨਾਲ ਹੋਵੇਗੀ। ਮੌਸਮ ਵਿਭਾਗ ਮੁਤਾਬਕ ਨਵੇਂ ਸਾਲ ਦੀ ਸ਼ੁਰੂਆਤ ‘ਚ ਪੱਛਮੀ ਗੜਬੜੀ ਸਰਗਰਮ ਹੋ ਸਕਦੀ ਹੈ। ਜਿਸ ਕਾਰਨ ਪਹਾੜਾਂ ਤੋਂ ਲੈ ਕੇ ਮੈਦਾਨੀ ਇਲਾਕਿਆਂ ਤੱਕ ਮੀਂਹ ਅਤੇ ਬਰਫਬਾਰੀ ਦੀ ਸੰਭਾਵਨਾ ਹੈ।
ਉੱਤਰੀ ਭਾਰਤ ਵਿੱਚ ਕੜਾਕੇ ਦੀ ਸਰਦੀ ਪੈ ਰਹੀ ਹੈ। ਪਹਾੜਾਂ ਤੋਂ ਲੈ ਕੇ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ, ਪੰਜਾਬ ਅਤੇ ਹਰਿਆਣਾ ਦੇ ਮੈਦਾਨੀ ਇਲਾਕਿਆਂ ਤੱਕ ਕੜਾਕੇ ਦੀ ਠੰਢ ਦੀ ਲਹਿਰ ਚੱਲ ਰਹੀ ਹੈ। ਘੱਟੋ-ਘੱਟ ਤਾਪਮਾਨ ਵਿੱਚ ਵੀ 2 ਤੋਂ 5 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਦੇਰ ਰਾਤ ਅਤੇ ਸਵੇਰ ਦੇ ਸਮੇਂ ਵੀ ਧੁੰਦ ਨੇ ਤਬਾਹੀ ਮਚਾਈ ਹੋਈ ਹੈ। ਨਵੇਂ ਸਾਲ ਦਾ ਸਵਾਗਤ ਵੀ ਇਸ ਕੰਬਦੀ ਠੰਡ ਨਾਲ ਹੋਣ ਦੀ ਸੰਭਾਵਨਾ ਹੈ। ਇੱਕ ਤਾਜ਼ਾ ਪੱਛਮੀ ਗੜਬੜ 4 ਜਨਵਰੀ ਤੋਂ ਉੱਤਰ ਪੱਛਮੀ ਭਾਰਤ ਨੂੰ ਪ੍ਰਭਾਵਿਤ ਕਰ ਸਕਦੀ ਹੈ ਅਤੇ ਪਹਾੜੀ ਅਤੇ ਮੈਦਾਨੀ ਰਾਜਾਂ ਵਿੱਚ ਮੀਂਹ ਅਤੇ ਬਰਫ਼ਬਾਰੀ ਦਾ ਕਾਰਨ ਬਣ ਸਕਦੀ ਹੈ। ਨਾਲ ਹੀ ਪਾਰਾ 3-5 ਡਿਗਰੀ ਤੱਕ ਹੇਠਾਂ ਆ ਸਕਦਾ ਹੈ।
ਮਾਈਨਸ 10 ਡਿਗਰੀ
ਜੰਮੂ-ਕਸ਼ਮੀਰ ਦੇ ਗੁਲਮਰਗ ‘ਚ ਐਤਵਾਰ ਰਾਤ ਨੂੰ ਪਾਰਾ ਜ਼ੀਰੋ ਤੋਂ 10 ਡਿਗਰੀ ਤੱਕ ਹੇਠਾਂ ਆ ਗਿਆ। ਪਹਿਲਗਾਮ ਵਿੱਚ ਵੀ ਤਾਪਮਾਨ ਮਨਫ਼ੀ 9.2 ਡਿਗਰੀ ਰਿਹਾ।
ਧੁੰਦ ਨੇ ਵੀ ਵਿਜ਼ੀਬਿਲਟੀ ਨੂੰ ਘਟਾ ਦਿੱਤਾ
ਪੰਜਾਬ ਅਤੇ ਰਾਜਸਥਾਨ ਵਿੱਚ ਧੁੰਦ ਕਾਰਨ ਵਿਜ਼ੀਬਿਲਟੀ 50 ਮੀਟਰ ਤੋਂ ਘੱਟ ਸੀ। ਹਿਮਾਚਲ, ਹਰਿਆਣਾ ਵਿੱਚ 50-200 ਮੀਟਰ ਦੇ ਵਿਚਕਾਰ ਵਿਜ਼ੀਬਿਲਟੀ ਰਿਕਾਰਡ ਕੀਤੀ ਗਈ। ਜੰਮੂ ਹਵਾਈ ਅੱਡੇ ‘ਤੇ ਵਿਜ਼ੀਬਿਲਟੀ ਜ਼ੀਰੋ ਰਹੀ। ਅੰਮ੍ਰਿਤਸਰ, ਪਠਾਨਕੋਟ, ਅੰਬਾਲਾ, ਅਜਮੇਰ, ਸੁੰਦਰਨਗਰ ਵਿੱਚ ਵੀ ਜ਼ੀਰੋ ਮੀਟਰ ਵਿਜ਼ੀਬਿਲਟੀ ਦਰਜ ਕੀਤੀ ਗਈ। ਚੰਡੀਗੜ੍ਹ ਵਿੱਚ ਵਿਜ਼ੀਬਿਲਟੀ 40 ਮੀਟਰ ਸੀ ।