ਪੁਲਿਸ ਐਨਕਾਊਂਟਰ ‘ਚ ਦੋ ਨੌਜਵਾਨਾਂ ਦੀ ਮੌਤ, ਪੇਸ਼ੀ ਲਈ ਲਿਆਂਦੇ ਮੁਲਜ਼ਮ ਨੂੰ ਆਏ ਸਨ ਛੁਡਾਉਣ
ਹਰਿਆਣਾ,21 ਦਿਸੰਬਰ 2024
ਹਰਿਆਣਾ ਦੇ ਫਤਿਹਾਬਾਦ ‘ਚ ਪੁਲਿਸ ਨਾਲ ਹੋਏ ਮੁਕਾਬਲੇ‘ਚ ਦੋ ਨੌਜਵਾਨਾਂ ਦੀ ਮੌਤ ਹੋ ਗਈ। ਇਸ ਮੁਕਾਬਲੇ ਵਿੱਚ ਇੱਕ ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋਇਆ ਹੈ। ਇੱਥੇ ਫਰੀਦਾਬਾਦ ਪੁਲਿਸ ਇੱਕ ਨੌਜਵਾਨ ਨੂੰ ਫਤਿਹਾਬਾਦ ਅਦਾਲਤ ਵਿੱਚ ਪੇਸ਼ ਕਰਨ ਲਈ ਲੈ ਕੇ ਆਈ ਸੀ। ਇਸ ਦੌਰਾਨ ਮੁਲਜ਼ਮਾਂ ਨੂੰ ਛੁਡਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਦੋਵਾਂ ਪਾਸਿਆਂ ਤੋਂ ਹੋਈ ਗੋਲੀਬਾਰੀ ਵਿੱਚ ਦੋ ਨੌਜਵਾਨਾਂ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਇਹ ਘਟਨਾ ਸ਼ੁੱਕਰਵਾਰ ਨੂੰ ਫਤਿਹਾਬਾਦ ਦੇ ਪਿੰਡ ਬੜੋਪਾਲ ਨੇੜੇ ਵਾਪਰੀ। ਇਥੇ ਅਪਰਾਧੀਆਂ ਅਤੇ ਪੁਲਿਸ ਵਿਚਾਲੇ ਮੁਕਾਬਲਾ ਹੋ ਗਿਆ। ਇਸ ਘਟਨਾ ‘ਚ ਇਕ ਪੁਲਿਸ ਮੁਲਾਜ਼ਮ ਨੂੰ ਵੀ ਗੋਲੀ ਲੱਗੀ ਹੈ, ਜਿਸ ਨੂੰ ਇਲਾਜ ਲਈ ਫਤਿਹਾਬਾਦ ਦੇ ਸਿਵਲ ਹਸਪਤਾਲ ‘ਚ ਲਿਆਂਦਾ ਗਿਆ ਹੈ। ਪੁਲਿਸ ਇਸ ਮਾਮਲੇ ਵਿੱਚ ਵਧੇਰੇ ਜਾਣਕਾਰੀ ਦੇਣ ਤੋਂ ਟਾਲਾ ਵੱਟ ਰਹੀ ਹੈ। ਦਰਅਸਲ, ਕਿਸੇ ਮਾਮਲੇ ‘ਚ ਫਰੀਦਾਬਾਦ ਪੁਲਿਸ ਜੇਲ੍ਹ ‘ਚ ਬੰਦ ਰਵੀ ਨਾਂ ਦੇ ਨੌਜਵਾਨ ਨੂੰ ਫਤਿਹਾਬਾਦ ਅਦਾਲਤ ‘ਚ ਪੇਸ਼ ਕਰਨ ਲਈ ਲੈ ਕੇ ਆਈ ਸੀ।
ਅਦਾਲਤ ‘ਚ ਪੇਸ਼ ਹੋਣ ਤੋਂ ਬਾਅਦ ਜਦੋਂ ਪੁਲਿਸ ਟੀਮ ਰਵੀ ਨੂੰ ਵਾਪਸ ਫਰੀਦਾਬਾਦ ਜੇਲ੍ਹ ‘ਚ ਲੈ ਕੇ ਜਾਣ ਲੱਗੀ ਤਾਂ ਰਸਤੇ ‘ਚ ਬੜੋਪਾਲ ਦੇ ਫੈਮਲੀ ਢਾਬੇ ਕੋਲ ਕਾਰ ਨੂੰ ਥੋੜ੍ਹੇ ਸਮੇਂ ਲਈ ਸ਼ੱਕ ਦੇ ਆਧਾਰ ‘ਤੇ ਰੋਕਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਦੋ-ਤਿੰਨ ਨੌਜਵਾਨ ਬਾਈਕ ‘ਤੇ ਆਏ ਅਤੇ ਜਿਵੇਂ ਹੀ ਉਹ ਪਹੁੰਚੇ ਤਾਂ ਉਨ੍ਹਾਂ ਪੁਲਿਸ ਟੀਮ ‘ਤੇ ਗੋਲੀਆਂ ਚਲਾ ਦਿੱਤੀਆਂ। ਜਵਾਬੀ ਕਾਰਵਾਈ ‘ਚ ਪੁਲਿਸ ਨੇ ਵੀ ਗੋਲੀ ਚਲਾ ਦਿੱਤੀ, ਜਿਸ ‘ਚ ਬਾਈਕ ‘ਤੇ ਸਵਾਰ ਨੌਜਵਾਨ ਨੂੰ ਗੋਲੀ ਲੱਗ ਗਈ ਅਤੇ ਉਸ ਦੀ ਮੌਤ ਹੋ ਗਈ। ਇਸ ਗੋਲੀਬਾਰੀ ‘ਚ ਰਵੀ ਨੂੰ ਵੀ ਗੋਲੀ ਲੱਗੀ। ਰਵੀ ਨੂੰ ਫਤਿਹਾਬਾਦ ਹਸਪਤਾਲ ਲਿਆਂਦਾ ਗਿਆ, ਜਿੱਥੇ ਉਸ ਦੀ ਵੀ ਮੌਤ ਹੋ ਗਈ। ਐਸਪੀ ਆਸਥਾ ਮੋਦੀ ਨੇ ਦੱਸਿਆ ਕਿ ਹੁਣ ਤੱਕ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਹ ਕੋਈ ਗੈਂਗ ਵਾਰ ਨਹੀਂ ਹੈ, ਸਗੋਂ ਮੁਲਜ਼ਮਾਂ ਨੂੰ ਛੁਡਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਇਸ ਘਟਨਾ ‘ਚ ਦੋ ਬਦਮਾਸ਼ਾਂ ਦੀ ਮੌਤ ਹੋ ਗਈ ਹੈ, ਜਦਕਿ ਫਰੀਦਾਬਾਦ ਪੁਲਿਸ ਦੇ ਜਵਾਨ ਵੀ ਜ਼ਖਮੀ ਹੋਏ ਹਨ। ਫਿਲਹਾਲ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।