ਹਿਮਾਚਲ ਦੇ ਕਈ ਸ਼ਹਿਰਾਂ ਚ ਪਈ ਬਰਫ’, ਮੌਸਮ ਚ ਆਇਆ ਬਦਲਾਵ
ਹਿਮਾਚਲ,10 ਦਿਸੰਬਰ 2024
ਸ਼ਿਮਲਾ ਤੇ ਸੂਬੇ ਦੇ ਕੁਝ ਸਥਾਨਾਂ ’ਤੇ ਅੱਠ ਦਸੰਬਰ ਨੂੰ ਸੀਜ਼ਨ ਦੀ ਪਹਿਲੀ ਬਰਫ਼ਬਾਰੀ ਹੋਈ ਸੀ। ਸਾਲ 2010 ਤੋਂ ਹੁਣ ਤੱਕ ਦੇ ਅੰਕੜਿਆਂ ਮੁਤਾਬਕ ਅੱਠ ਦਸੰਬਰ ਨੂੰ ਇਹ ਪਹਿਲੀ ਬਰਫ਼ਬਾਰੀ ਹੋਈ ਹੈ। ਮੌਸਮ ਵਿਭਾਗ ਦੇ ਕੋਲ ਇਸ ਤੋਂ ਪਹਿਲਾਂ ਦਾ ਡਾਟਾ ਮੁਹੱਈਆ ਨਹੀਂ ਹੈ। ਬਿਰਧ ਵਿਅਕਤੀ ਇਸ ਨੂੰ 1972 ਤੋਂ ਬਾਅਦ ਅੱਠ ਦਸੰਬਰ ਨੂੰ ਪਹਿਲੀ ਬਰਫ਼ਬਾਰੀ ਦੱਸ ਰਹੇ ਹਨ। ਵਰ੍ਹਾ 2012 ਵਿਚ 12 ਦਸੰਬਰ ਨੂੰ ਅਤੇ ਵਰ੍ਹਾ 2010 ਵਿਚ 10 ਦਸੰਬਰ ਨੂੰ ਪਹਿਲੀ ਬਰਫ਼ਬਾਰੀ ਹੋਈ ਸੀ ਜੋ ਕਿ ਬੇਹੱਦ ਘੱਟ ਸੀ। ਸੂਬੇ ਵਿਚ 65 ਦਿਨਾਂ ਬਾਅਦ ਅਸਮਾਨ ਤੋਂ ਰਾਹਤ ਵਰ੍ਹੀ ਪਰ ਲੰਮੇ ਸੋਕੇ ਪਿੱਛੋਂ ਹੋਈ ਬਰਫ਼ਬਾਰੀ ਤੇ ਬਾਰਸ਼ ਅਸਲ ਵਿਚ ਨਾਕਾਫ਼ੀ ਹੈ। ਹਾਲਾਂਕਿ ਸੇਬ ਤੇ ਹੋਰ ਫਲਦਾਰ ਬੂਟਿਆਂ ਲਈ ਇਹ ਲਾਭਦਾਇਕ ਹੈ।13050 ਫੁੱਟ ਉੱਚੇ ਰੋਹਤਾਂਗ ਦੱਰੇ ਵਿਚ ਇਕ ਫੁੱਟ ਬਰਫ਼ਬਾਰੀ ਹੋਈ ਹੈ। ਸ਼ਿੰਕੁਲਾ, ਕੁੰਜਮ ਤੇ ਬਾਰਾਲਾਚਾ ਦੱਰੇ ਵਿਚ ਵੀ ਇਕ ਫੁੱਟ ਬਰਫ਼ ਦੀ ਮੋਟੀ ਚਾਦਰ ਵਿਛੀ ਹੈ। ਸਾਂਗਲਾ ਵਿਚ 3.6, ਕੇਲੰਗ ਵਿਚ 3.0 ਅਤੇ ਸ਼ਿਮਲਾ ਤੇ ਕਿੰਨੌਰ ਦੇ ਨਿਚਾਰ ਵਿਚ 2.5 ਸੈਂਟੀਮੀਟਰ ਬਰਫ਼ ਡਿੱਗੀ। ਸੋਲਨ ਦੇ ਕੰਡਾਘਾਟ ਵਿਚ 2.2 ਨੈਣਾ ਦੇਵੀ ਤੇ ਕਸੌਲੀ ਵਿਚ 2.0, ਜੁੱਬੜਹੱਟੀ ਵਿਚ 1.9 ਤੇ ਮੰਡੀ ਵਿਚ 1.4 ਮਿਲੀਮੀਟਰ ਮੀਂਹ ਪਏ। ਉਚਾਈ ਵਾਲੇ ਕੁਝ ਖੇਤਰਾਂ ਵਿਚ ਬਰਫ਼ਬਾਰੀ ਸੋਮਵਾਰ ਨੂੰ ਜਾਰੀ ਰਹੀ।
ਮਨਾਲੀ ਵਿਚ ਦੁਪਹਿਰ ਬਾਅਦ ਮਾਲਰੋਡ ’ਤੇ ਬਰਫ਼ ਦੇ ਫਹੇ ਡਿੱਗੇ। ਲਾਹੁਲ ਦੇ ਕੋਕਸਰ, ਸਿੱਸੂ, ਦਾਰਚਾ, ਜਿਸਪਾ, ਅਟਲ ਟਨਲ ਰੋਹਤਾਂਗ ਦੇ ਉੱਤਰੀ ਪੋਰਟਲ ਸਮੇਤ ਮਨਾਲੀ ਦੇ ਰਾਹਨੀਨਾਲਾ, ਮੜ੍ਹੀ, ਗੁਲਾਬਾ, ਫਾਤਰੂ, ਸੋਲੰਗਨਾਲਾ ਵਿਚ ਬਰਫ਼ ਦੀ ਹਲਕੀ ਪਰਤ ਵਿਛੀ ਹੈ। ਸੋਮਵਾਰ ਨੂੰ ਲਾਹੁਲ ਸਮੇਤ ਕੁੱਲੂ ਦੀਆਂ ਸਭਨਾਂ ਪਹਾੜੀਆਂ ਵਿਚ ਬਰਫ਼ਬਾਰੀ ਹੋਈ ਹੈ। ਮੰਡੀ ਜ਼ਿਲ੍ਹੇ ਵਿਚ ਸਰਾਜ ਦੀਆਂ ਸਾਰੀਆਂ ਪਹਾੜੀਆਂ, ਮਾਤਾ ਸ਼ਿਕਾਰੀ, ਤੁਗਾਂਸੀ ਗੜ੍ਹ, ਸ਼ੈਟਾਧਾਰ ਵਿਚ ਐਤਵਾਰ ਰਾਤ ਤੇ ਸੋਮਵਾਰ ਨੂੰ ਬਰਫ਼ਬਾਰੀ ਹੋਈ ਹੈ। ਲੰਬਾਥਾਚ-ਕਲਹਣੀ-ਸਰਾਚੀ ਸੜਕ ’ਤੇ ਦੋ ਬੱਸਾਂ ਫਿਸਲਣ ਨਾਲ ਨਾਲੀ ਵਾਲੇ ਪਾਸੇ ਝੁਕ ਗਈਆਂ। ਇਨ੍ਹਾਂ ਵਿੱਚੋਂ ਇਕ ਬੱਸ ਸ਼ਿਵਾ ਖੱਡ ਲਾਗੇ ਤੇ ਦੂਸਰੀ ਪੰਡੋਹ ਲਾਗੇ ਫਿਸਲ ਗਈ। ਡਰਾਈਵਰਾਂ ਦੀ ਸੂਝ ਸਦਕਾ ਹਾਦਸੇ ਹੋਣ ਤੋਂ ਟਲ਼ ਗਏ।