ਅੰਮ੍ਰਿਤਸਰਮੁੱਖ ਖ਼ਬਰਾਂਪੰਜਾਬ

ਵੱਡੀ ਖਬਰ! ਬਾਦਲ ਤੋਂ ਫ਼ਖ਼ਰ -ਏ -ਕੌਮ ਖਿਤਾਬ ਵਾਪਿਸ ਲੈਣ ਦੇ ਹੁਕਮ ਜਾਰੀ,ਸੁਖਬੀਰ ਬਾਦਲ ਤੇ ਹੋਰਾਂ ਨੂੰ ਟੋਇਲਟਾਂ ਸਾਫ ਕਰਨ …

ਅੰਮ੍ਰਿਤਸਰ,2 ਦਿਸੰਬਰ 2024

ਸ੍ਰੀ ਅਕਾਲ ਤਖਤ ਸਾਹਿਬ ਦੇ ਪੰਜ ਸਿੰਘ ਸਾਹਿਬਾਨਾਂ ਨੇ ਅੱਜ ਤਰਕ ਦੇ ਅਧਾਰ ਤੇ ਦਲੀਲਾਂ ਸੁਣਾ ਕੇ ਦਿੱਤੇ ਗਏ ਫੈਸਲੇ ਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਅਕਾਲੀ ਆਗੂ ਸੁਖਦੇਵ ਸਿੰਘ ਢੀਡਸਾ, ਬਿਕਰਮ ਸਿੰਘ ਮਜੀਠੀਆ ,ਪ੍ਰੇਮ ਸਿੰਘ ਚੰਦੂ ਮਾਜਰਾ, ਬੀਬੀ ਜਗੀਰ ਕੌਰ , ਦਲਜੀਤ ਸਿੰਘ ਚੀਮਾ ਆਦਿ ਨੂੰ ਕੱਲ ਤਿੰਨ ਦਸੰਬਰ ਨੂੰ 12 ਤੋਂ 1 ਵਜੇ ਤੱਕ ਬਾਥਰੂਮ ਸਾਫ ਕਰਨ , ਭਾਂਡੇ ਸਾਫ ਕਰਨ ਦੀ, ਜੁੱਤੀਆਂ ਸਾਫ ਕਰਨ ਦੀ ਤਨਖਾਹ ਸੁਣਾਈ ਗਈ। ਇਸ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘੂਵੀਰ ਸਿੰਘ ਦੀ ਅਗਵਾਈ ਵਿੱਚ ਹੋਈ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਦੌਰਾਂਨ ਇਹ ਵਿਚਾਰਿਆ ਗਿਆ ਕਿ ਪੰਥਕ ਸਰਕਾਰ ਹੁੰਦਿਆਂ ਬਰਗਾੜੀ ਘਟਨਾਵਾਂ ਨਾਲ ਜੁੜੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਹੀ ਨਹੀਂ ਹੋਈਆਂ ਸਗੋਂ ਸਿੱਖਾਂ ਤੇ ਹਮਲੇ ਹੋਏ ਇੱਥੋਂ ਤਕ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਨੂੰ ਮੁੱਖ ਮੰਤਰੀ ਦੀ ਰਿਹਾਇਸ਼ ਤੇ ਬੁਲਾ ਕੇ ਡੇਰਾ ਸੌਦਾ ਸਾਧ ਨੂੰ ਮੁਆਫੀ ਦਬਾਉਣ ਦੇ ਹੁਕਮ ਕਰਵਾਉਣੇ ਅਤੇ ਸ਼੍ਰੋਮਣੀ ਕਮੇਟੀ ਦੇ ਖਰਚੇ ਤੇ ਡੇਰਾ ਸੌਦਾ ਦੀ ਮੁਆਫੀ ਦੇ ਹੱਕ ਵਿੱਚ ਅਖਬਾਰਾਂ ਵਿੱਚ ਇਸ਼ਤਿਹਾਰ ਲਗਵਾਉਣਾ , ਅਕਾਲੀ ਸਰਕਾਰ ਵਿੱਚ ਸਿੱਖ ਨੌਜਵਾਨੀ ਦਾ ਘਾਣ ਕਰਨ ਵਾਲੇ ਪੁਲਿਸ ਅਫਸਰਾਂ ਨੂੰ ਵੱਡੇ ਅਹੁਦਿਆਂ ਤੇ ਲਾਉਣਾ ਤੇ ਉਹਨਾਂ ਦੇ ਪਰਿਵਾਰਾਂ ਨੂੰ ਅਕਾਲੀ ਦਲ ਤੋਂ ਵਿਧਾਇਕ ਦੀਆਂ ਟਿਕਟਾਂ ਦੇਣੀਆਂ ਆਦਿ ਗੰਭੀਰ ਨੋਟਿਸ ਲੈਂਦਿਆਂ ਇਹ ਫੈਸਲੇ ਲਏ ਗਏ । ਇਸ ਮੌਕੇ ਮਰਹੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਉਸ ਸਮੇਂ ਦਿੱਤਾ ਗਿਆ ਸ੍ਰੀ ਅਕਾਲ ਤਖਤ ਸਾਹਿਬ ਤੋਂ ਫ਼ਖ਼ਰ-ਏ ਕੌਮ ਦਾ ਖਿਤਾਬ ਵੀ ਵਾਪਸ ਲੈਣ ਦੇ ਹੁਕਮ ਜਾਰੀ ਕੀਤੇ ਗਏ ।‌ ਸਿੰਘ ਸਾਹਿਬਾਨਾਂ ਨੇ ਇਸ ਸਮੇਂ ਜਿੱਥੇ ਉਸ ਸਮੇਂ ਡੇਰਾ ਸੌਦਾ ਸਾਧ ਨੂੰ ਮੁਆਫੀ ਦੇਣ ਤੇ ਉਸ ਦੀ ਸਪੋਰਟ ਵਜੋਂ ਖਬਰਾਂ ਲਵਾਈਆਂ ਗਈਆਂ ਉਹਨਾਂ ਅਕਾਲੀ ਵਰਕਰਾਂ ਨੂੰ ਇਕ ਲੱਖ ਤੋਂ ਵੱਧ ਬੂਟੇ ਲਾਉਣ ਦੇ ਹੁਕਮ ਦਿੱਤੇ ਅਤੇ ਸ਼੍ਰੋਮਣੀ ਕਮੇਟੀ ਦੇ ਖਰਚੇ ਚੋਂ ਡੇਰਾ ਸੌਦਾ ਸਾਧ ਦੀ ਮਾਫੀ ਲਈ ਲਗਾਏ ਗਏ ਇਸ਼ਤਿਹਾਰਾਂ ਦੀ ਪੂਰਤੀ ਦਾ ਪੈਸਾ ਬਿਆਜ ਸਮੇਤ ਸੁਖਬੀਰ ਸਿੰਘ ਬਾਦਲ, ਸੁਖਦੇਵ ਸਿੰਘ ਢੀਡਸਾ ਹੋਰਾਂ ਨੂੰ ਸ਼੍ਰੋਮਣੀ ਕਮੇਟੀ ਦੇ ਖਜ਼ਾਨੇ ਵਿੱਚ ਜਮਾਂ ਕਰਵਾਉਣ ਦੇ ਹੁਕਮ ਕੀਤੇ । ਇਸ ਸਮੇਂ ਸੁਖਬੀਰ ਸਿੰਘ ਬਾਦਲ ਦੇ ਹੱਕ ਵਿੱਚ ਪਿਛਲੇ ਦਿਨਾਂ ਦੌਰਾਨ ਬਿਆਨ ਦੇਣ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਦੇ ਵਿਰੁੱਧ ਬੋਲਣ ਵਾਲੇ ਦਿੱਲੀ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਹਰਵਿੰਦਰ ਸਿੰਘ ਸਰਨਾ ਨੂੰ ਤਨਖਾਹੀਆ ਕਰਾਰ ਦਿੱਤਾ ਗਿਆ ।

ਇਸ ਮੌਕੇ ਸਿੰਘ ਸਾਹਿਬਾਨਾਂ ਨੇ ਸ਼੍ਰੋਮਣੀ ਅਕਾਲੀ ਦਲ ਪ੍ਰਤੀ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਸਾਰੇ ਮੱਤਭੇਦ ਭੁਲਾ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਤਕੜਾ ਕਰੋ ਉਹਨਾਂ ਨੇ ਵਰਕਿੰਗ ਕਮੇਟੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਤੇ ਹੋਰ ਅਹੁਦੇਦਾਰਾਂ ਨੂੰ ਹੁਕਮ ਕੀਤਾ ਕਿ ਉਹ ਤੁਰੰਤ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਪਾਸ ਅਸਤੀਫੇ ਦੇਣ । ਛੇ ਮਹੀਨਿਆਂ ਚ ਨਵੇਂ ਡੈਲੀਗੇਟ ਚੁਣ ਕੇ ਪ੍ਰਧਾਨ ਅਤੇ ਹੋਰ ਅਹੁਦੇਦਾਰਾਂ ਲਈ ਵਿਧਾਨ ਸਭਾ ਚੋਣ ਵਾਸਤੇ ਤਿਆਰੀ ਕਰਨ ! ਇਸ ਮੌਕੇ ਨਵੀਂ ਭਰਤੀ ਲਈ ਪੰਜ ਮੈਂਬਰੀ ਕਮੇਟੀ ਦਾ ਐਲਾਨ ਕੀਤਾ ਗਿਆ ਜਿਸ ਵਿੱਚ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ, ਇਕਬਾਲ ਸਿੰਘ ਝੂੰਦਾ, ਗੁਰ ਪ੍ਰਤਾਪ ਸਿੰਘ ਵਡਾਲਾ, ਮਨਪ੍ਰੀਤ ਇਆਲੀ, ਸੰਤਾ ਸਿੰਘ ਉਮੈਦਪੁਰੀ ਅਤੇ ਬੀਬੀ ਸਤਵੰਤ ਕੌਰ ਦੀ ਕਮੇਟੀ ਬਣਾਈ ।