ਡਰੋਨ ਪਾਇਲਟ ਬਣ ਕੇ ਹੁਣ ਖੇਤਾਂ ਵਿੱਚ ਸਪਰੇਅ ਕਰੇਗੀ ਸਵੱਦੀ ਕਲਾਂ ਦੀ ਅਰਵਿੰਦਰ ਕੌਰ
ਨਿਊਜ਼ ਪੰਜਾਬ
-ਘੰਟਿਆਂ ਬੱਧੀ ਹੋਣ ਵਾਲਾ ਕੰਮ ਹੁਣ ਹੋਵੇਗਾ ਮਹਿਜ਼ 7 ਮਿੰਟ ਵਿੱਚ
ਅਰਵਿੰਦਰ ਕੌਰ ਨੇ ਦੱਸਿਆ ਡਰੋਨ ਰਾਹੀਂ 7 ਮਿੰਟ ‘ਚ ਇੱਕ ਏਕੜ ਸਪਰੇਅ ਹੋ ਜਾਂਦੀ ਹੈ ਤੇ ਇਕ ਏਕੜ ਤੇ ਦਵਾਈ ਤੋਂ ਬਿਨਾ ਤਿੰਨ ਕੂ ਸੌ ਰੁਪਏ ਦਾ ਖਰਚਾ ਆਉਂਦਾ ਹੈ। ਉਨ੍ਹਾਂ ਕਿਹਾ ਉਨ੍ਹਾਂ ਨੂੰ ਇਸ ਖੇਤਰ ‘ਚ ਆ ਕੇ ਬਹੁਤ ਖੁਸ਼ੀ ਹੋ ਰਹੀ ਹੈ ਤੇ ਹੋਰ ਔਰਤਾਂ ਨੂੰ ਪਹਿਲ ਕਰਨੀ ਚਾਹੀਦੀ ਹੈ।
ਨਿਊਜ਼ ਪੰਜਾਬ
ਜਗਰਾਓਂ/ਸਵੱਦੀ ਕਲਾਂ, 24 ਨਵੰਬਰ – ਮਹਿਲਾ ਸਸ਼ਕਤੀਕਰਨ ਵੱਲ ਆਪਣੇ ਕਦਮ ਨੂੰ ਵਧਾਉਂਦਿਆਂ ਪਿੰਡ ਸਵੱਦੀ ਕਲਾਂ ਦੀ ਅਗਾਂਹਵਧੂ ਔਰਤ ਅਰਵਿੰਦਰ ਕੌਰ ਨੇ ਡਰੋਨ ਪਾਇਲਟ ਬਣ ਕੇ ਹੋਰਨਾਂ ਔਰਤਾਂ ਲਈ ਵੀ ਸਫ਼ਲਤਾ ਦੇ ਰਾਹ ਖੋਲ੍ਹ ਦਿੱਤੇ ਹਨ।
ਅਰਵਿੰਦਰ ਕੌਰ ਆਪਣੇ ਇਲਾਕੇ ਦੀ ਪਹਿਲੀ ਮਹਿਲਾ ਡਰੋਨ ਪਾਇਲਟ ਬਣ ਗਈ ਹੈ। ਇਸ ਦੇ ਲਈ ਉਸ ਨੇ ਬਾਕਾਇਦਾ ਚੰਬਲ ਫਰਟੀਲਾਈਜ਼ਰ ਕੰਪਨੀ ਰਾਹੀਂ ਇਫਕੋ ਤੋਂ ਟ੍ਰੇਨਿੰਗ ਲਈ ਜਿਸ ਤੋਂ ਬਾਅਦ ਉਸ ਨੂੰ ਕੰਪਨੀ ਵੱਲੋਂ ਫਸਲਾਂ ਉਤੇ ਸਪਰੇਅ ਕਰਨ ਵਾਲਾ ਡਰੋਨ ਵੀ ਦਿੱਤਾ ਗਿਆ ਜਿਸ ਨਾਲ ਉਹ ਇਲਾਕੇ ਵੀ ਕਿਸਾਨਾਂ ਦੇ ਖੇਤਾਂ ਵਿਚ ਡਰੋਨ ਰਾਹੀਂ ਦਵਾਈ ਸਪਰੇਅ ਕਰਕੇ ਪ੍ਰਸਿੱਧੀ ਹਾਸਲ ਕਰ ਰਹੀ ਹੈ।
ਅਰਵਿੰਦਰ ਕੌਰ ਪਤਨੀ ਜਗਰੂਪ ਸਿੰਘ ਨੇ ਦੱਸਿਆ ਕਿ ਡਰੋਨ ਸਪਰੇਅ ਤਕਨੀਕ ਖੇਤੀਬਾੜੀ ਕਿੱਤੇ ਲਈ ਕ੍ਰਾਂਤੀਕਾਰੀ ਕਦਮ ਹੈ, ਜਿਸ ਨੂੰ ਵੱਧ ਤੋਂ ਵੱਧ ਕਿਸਾਨਾਂ ਨੂੰ ਅਪਣਾਉਣਾ ਚਾਹੀਦਾ ਹੈ। ਇਸ ਤਕਨੀਕ ਨਾਲ ਜਿੱਥੇ ਕੀਟਨਾਸ਼ਕ ਦਵਾਈਆਂ ਤੇ ਸਮੇਂ ਦੀ ਬੱਚਤ ਹੋਵੇਗੀ ਕਿਉਂਕਿ ਡਰੋਨ ਨਾਲ ਇੱਕ ਏਕੜ ਫਸਲ ’ਤੇ ਸਿਰਫ਼ 7 ਮਿੰਟ ਵਿਚ ਦਵਾਈ ਦੀ ਸਪਰੇਅ ਹੁੰਦੀ ਹੈ ਅਤੇ ਝਾੜ ਵਿਚ ਵੀ 15 ਫੀਸਦੀ ਤੱਕ ਦਾ ਵਾਧਾ ਹੁੰਦਾ ਹੈ। ਡਰੋਨ ਸਪਰੇਅ ਤਕਨੀਕ ਨਾਲ ਕੀਟਨਾਸ਼ਕ ਦਵਾਈ ਦਾ ਸਿੱਧਾ ਫਸਲ ਦੇ ਪੱਤਿਆਂ ’ਤੇ ਛਿੜਕਾਅ ਹੁੰਦਾ ਹੈ, ਜੋ ਫਸਲ ਲਈ ਲਾਹੇਵੰਦ ਹੁੰਦਾ ਹੈ।
ਅਰਵਿੰਦਰ ਕੌਰ ਨੇ ਦੱਸਿਆ ਉਹ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਅਧੀਨ ਚੱਲਦੇ ਸੈਲਫ ਹੈਲਪ ਗਰੁੱਪ ਨਾਲ ਜੁੜੀ ਹੋਈ ਸੀ। ਇਸ ਗਰੁੱਪ ਦੇ ਮੈਂਬਰ ਵਜੋਂ ਉਸ ਨੂੰ ਬਲਾਕ ਪ੍ਰੋਗਰਾਮ ਮੈਨੇਜਰ ਨਵਦੀਪ ਸਿੰਘ ਨੇ ਇਸ ਡਰੋਨ ਦੀ ਸਿਖਲਾਈ ਲੈਣ ਲਈ ਜਾਗਰੂਕ ਕੀਤਾ। ਜਿਸ ਕਰਕੇ ਇਹਨਾਂ ਵਲੋਂ ਇਸ ਦੀ ਟ੍ਰੇਨਿੰਗ ਲੈਣ ਲਈ ਇੱਛਾ ਜਤਾਈ । ਇਸ ਵਿਭਾਗ ਵੱਲੋਂ ਚੰਬਲ ਫਰਟੀਲਾਈਜ਼ਰ ਕੰਪਨੀ ਦੀ ਮਦਦ ਨਾਲ ਉਸ ਨੂੰ ਗੁੜਗਾਓਂ ਵਿਖੇ ਪੈਂਦੇ ਮਾਨੇਸਰ ਵਿਚ ਦਸ ਦਿਨ ਦੀ ਟ੍ਰੇਨਿੰਗ ਲਈ ਭੇਜਿਆ ਗਿਆ। ਇਹ ਸਾਰੀ ਸਿਖਲਾਈ ਭਾਰਤ ਸਰਕਾਰ ਦੇ ਅਦਾਰੇ ਡਾਇਰੈਕਟਰ ਜਨਰਲ ਆਫ਼ ਸਿਵਲ ਐਵੀਏਸ਼ਨ (ਡੀ ਜੀ ਸੀ ਏ) ਟ੍ਰੇਨਿੰਗ ਸੈਂਟਰ ਮਾਨੇਸਰ ਦੁਆਰਾ ਦਿੱਤੀ ਗਈ। ਸਿਖਲਾਈ ਲੈਣ ਉਪਰੰਤ ਪਾਇਲਟ ਨੂੰ ਸਰਟੀਫਿਕੇਟ ਦਿੱਤਾ ਗਿਆ।
ਉਹਨਾਂ ਦੱਸਿਆ ਕਿਸਾਨਾਂ ਨੂੰ ਇਸ ਵਿਧੀ ਨੂੰ ਵਧ ਚੜ੍ਹ ਕੇ ਅਪਣਾਉਣਾ ਚਾਹੀਦਾ ਹੈ ਜਿਸ ਕਾਰਨ ਸਮੇਂ ਤੇ ਪੈਸੇ ਦੋਵਾਂ ਦੀ ਬਚਤ ਹੁੰਦੀ ਹੈ। ਅਰਵਿੰਦਰ ਕੌਰ ਨੇ ਦੱਸਿਆ ਡਰੋਨ ਰਾਹੀਂ 7 ਮਿੰਟ ‘ਚ ਇੱਕ ਏਕੜ ਸਪਰੇਅ ਹੋ ਜਾਂਦੀ ਹੈ ਤੇ ਇਕ ਏਕੜ ਤੇ ਦਵਾਈ ਤੋਂ ਬਿਨਾ ਤਿੰਨ ਕੂ ਸੌ ਰੁਪਏ ਦਾ ਖਰਚਾ ਆਉਂਦਾ ਹੈ। ਉਨ੍ਹਾਂ ਕਿਹਾ ਉਨ੍ਹਾਂ ਨੂੰ ਇਸ ਖੇਤਰ ‘ਚ ਆ ਕੇ ਬਹੁਤ ਖੁਸ਼ੀ ਹੋ ਰਹੀ ਹੈ ਤੇ ਹੋਰ ਔਰਤਾਂ ਨੂੰ ਪਹਿਲ ਕਰਨੀ ਚਾਹੀਦੀ ਹੈ।
ਉਨ੍ਹਾਂ ਪੰਜਾਬ ਦੀਆਂ ਹੋਰਨਾਂ ਔਰਤਾਂ ਨੂੰ ਆਪਣੇ ਪਰਿਵਾਰ ਦੇ ਮੱਢੇ ਨਾਲ ਮੋਢਾ ਜੋੜ ਕੇ ਆਧੁਨਿਕ ਤਰੀਕੇ ਨਾਲ ਖੇਤੀ ਕਰਨ ਦੀ ਅਪੀਲ ਕੀਤੀ ਤਾਂ ਜੋ ਘਾਟੇ ਵੱਲ ਜਾ ਰਹੇ ਖੇਤੀ ਧੰਦੇ ਨੂੰ ਮੁਨਾਫੇ ਵੱਲ ਲਿਜਾਇਆ ਜਾ ਸਕੇ।
ਬਲਾਕ ਪ੍ਰੋਗਰਾਮ ਮੈਨੇਜਰ ਨਵਦੀਪ ਸਿੰਘ ਨੇ ਦੱਸਿਆ ਕਿ ਬਲਾਕ ਸਿੱਧਵਾਂ ਬੇਟ ਵਿੱਚ ਅਚਾਰ ਪਾਪੜ ,ਵਰਮੀ ਕੰਪੋਸਟ, ਫੁਲਕਾਰੀ, ਸਾਬਣ, ਕੈਂਡਲ, ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ, ਹਲਦੀ ਦੀਆਂ ਪਿੰਨੀਆਂ ਆਦਿ ਵੀ ਸੈਲਫ ਹੈਲਪ ਗਰੁੱਪ ਦੀਆਂ ਔਰਤਾਂ ਬਣਾਉਂਦੀਆਂ ਹਨ ਤੇ ਇਹਨਾਂ ਦੀ ਅਸੀਂ ਮੇਲੇ ਵਿੱਚ ਸਟਾਲ ਵੀ ਲਗਾਉਦੇ ਹਾਂ ਅਤੇ ਅਸੀਂ ਦੁਕਾਨਾਂ ਵਿੱਚ ਵੀ ਸੇਲ ਕਰਵਾਉਦੇ ਹਾਂ। ਇਸਦੇ ਨਾਲ ਹੀ ਐਮਾਜ਼ੋਨ ਵਰਗੇ ਪਲੈਟਫਾਰਮ ਤੇ ਵੀ ਇਹਨਾਂ ਦੀ ਰਜਿਸਟਰੇਸ਼ਨ ਕਰਵਾਈ ਹੋਈ ਹੈ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਸਿੱਧਵਾਂ ਬੇਟ ਬਲਾਕ ਨੂੰ ਪੰਜਾਬ ਦਾ ਨੰਬਰ 1 ਬਲਾਕ ਬਣਾਵਾਂਗੇ।
ਇਸ ਮੌਕੇ ਸਰਪੰਚ ਜਗਦੀਪ ਸਿੰਘ ਖਾਲਸਾ ਨੇ ਅਰਵਿੰਦਰ ਕੌਰ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਰਵਿੰਦਰ ਕੌਰ ਨੇ ਡਰੋਨ ਉਡਾਉਣ ਦੀ ਸਿਖਲਾਈ ਲੈ ਕੇ ਸਵੱਦੀ ਕਲਾਂ ਦਾ ਨਾਮ ਰੋਸ਼ਨ ਕੀਤਾ ਹੈ। ਇਸ ਨਾਲ ਹੋਰ ਔਰਤਾਂ ਵੀ ਅੱਗੇ ਆਉਣਗੀਆਂ ਤੇ ਉਨ੍ਹਾਂ ਨੂੰ ਇਸ ਨਾਲ ਹੌਸਲਾ ਮਿਲੇਗਾ।
ਫੋਟੋ ਦੀ ਕੈਪਸ਼ਨ –
ਸਵੱਦੀ ਕਲਾਂ ਦੀ ਡਰੋਨ ਪਾਇਲਟ ਅਰਵਿੰਦਰ ਕੌਰ ਨਾਲ ਬਲਾਕ ਪ੍ਰੋਗਰਾਮ ਮੈਨੇਜਰ ਨਵਦੀਪ ਸਿੰਘ, ਮੌਜੂਦਾ ਸਰਪੰਚ ਜਗਦੀਪ ਸਿੰਘ ਖਾਲਸਾ, ਸੈਲਫ ਹੈਲਪ ਗਰੁੱਪ ਦੇ ਮੈਂਬਰ ਅਤੇ ਹੋਰ ।