ਭਾਰਤ ਨੇ ਦੱਖਣੀ ਅਫਰੀਕਾ ਨੂੰ 135 ਦੌੜਾਂ ਨਾਲ ਹਰਾਇਆ,ਭਾਰਤ ਨੇ ਸੀਰੀਜ਼ 3-1 ਨਾਲ ਜਿੱਤੀ
India vs SA 4thT20:16 Nov 2024
ਭਾਰਤੀ ਟੀਮ ਨੇ ਸ਼ੁੱਕਰਵਾਰ ਨੂੰ ਜੋਹਾਨਸਬਰਗ ਵਿੱਚ ਚੌਥੇ T20I ਮੈਚ ਵਿੱਚ ਦੱਖਣੀ ਅਫਰੀਕਾ ਨੂੰ 135 ਦੌੜਾਂ ਨਾਲ ਹਰਾਇਆ। ਇਸ ਜਿੱਤ ਦੇ ਨਾਲ ਹੀ ਭਾਰਤੀ ਟੀਮ ਨੇ ਚਾਰ ਮੈਚਾਂ ਦੀ ਟੀ-20 ਸੀਰੀਜ਼ 3-1 ਨਾਲ ਜਿੱਤ ਲਈ ਹੈ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ ਸੰਜੂ ਸੈਮਸਨ (ਅਜੇਤੂ 109) ਅਤੇ ਤਿਲਕ ਵਰਮਾ (ਅਜੇਤੂ 120) ਦੀਆਂ ਰਿਕਾਰਡ ਸੈਂਕੜੇ ਪਾਰੀਆਂ ਦੀ ਬਦੌਲਤ ਦੱਖਣੀ ਅਫਰੀਕਾ ਨੂੰ ਜਿੱਤ ਲਈ 284 ਦੌੜਾਂ ਦਾ ਟੀਚਾ ਦਿੱਤਾ। ਜਵਾਬ ‘ਚ ਅਫਰੀਕੀ ਟੀਮ 18.2 ਓਵਰਾਂ ‘ਚ 148 ਦੌੜਾਂ ਹੀ ਬਣਾ ਸਕੀ। ਭਾਰਤ ਲਈ ਅਰਸ਼ਦੀਪ ਨੇ ਤਿੰਨ, ਵਰੁਣ-ਅਕਸ਼ਰ ਨੇ 2-2 ਵਿਕਟਾਂ ਲਈਆਂ।
284 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਦੱਖਣੀ ਅਫਰੀਕਾ ਦੀ ਸ਼ੁਰੂਆਤ ਬੇਹੱਦ ਖਰਾਬ ਰਹੀ। ਟੀਮ ਨੇ 11 ਗੇਂਦਾਂ ਦੇ ਅੰਦਰ ਦੋ ਵਿਕਟਾਂ ਗੁਆ ਦਿੱਤੀਆਂ। ਰਿਆਨ 1 ਅਤੇ ਰੀਜ਼ਾ ਬਿਨਾਂ ਖਾਤਾ ਖੋਲ੍ਹੇ ਹੀ ਪੈਵੇਲੀਅਨ ਪਰਤ ਗਏ। ਅਰਸ਼ਦੀਪ ਨੇ ਆਪਣੇ ਦੂਜੇ ਓਵਰ ਵਿੱਚ ਏਡਨ ਮਾਰਕਰਮ ਅਤੇ ਹੇਨਰਿਕ ਕਲਾਸੇਨ ਨੂੰ ਆਊਟ ਕੀਤਾ। ਡੇਵਿਡ ਮਿਲਰ 27 ਗੇਂਦਾਂ ਵਿੱਚ 36 ਦੌੜਾਂ ਬਣਾ ਕੇ ਆਊਟ ਹੋ ਗਏ। ਟ੍ਰਿਸਟਨ ਸਟੱਬਸ ਨੇ 29 ਗੇਂਦਾਂ ਵਿੱਚ 43 ਦੌੜਾਂ ਬਣਾਈਆਂ। ਸਿਮਲੇਨ ਸਿਰਫ਼ 2, ਗੇਰਾਲਡ 12 ਅਤੇ ਕੇਸ਼ਵ ਸਿਰਫ਼ 6 ਦੌੜਾਂ ਹੀ ਬਣਾ ਸਕੇ। ਰਮਨਦੀਪ ਨੇ ਲੂਥੋ ਸਿਪਾਮਾਲਾ ਨੂੰ ਆਊਟ ਕਰਕੇ ਅਫਰੀਕਾ ਦੀ ਪਾਰੀ ਦਾ ਅੰਤ ਕੀਤਾ।
ਸੰਜੂ ਸੈਮਸਨ ਅਤੇ ਤਿਲਕ ਵਰਮਾ ਦੀ ਸੈਂਕੜੇ ਵਾਲੀ ਪਾਰੀ ਦੀ ਬਦੌਲਤ ਭਾਰਤੀ ਟੀਮ ਨੇ ਚੌਥੇ ਟੀ-20 ਮੈਚ ‘ਚ 20 ਓਵਰਾਂ ‘ਚ ਇਕ ਵਿਕਟ ਗੁਆ ਕੇ 283 ਦੌੜਾਂ ਬਣਾ ਲਈਆਂ ਹਨ। ਭਾਰਤ ਲਈ ਸੰਜੂ ਸੈਮਸਨ ਨੇ 109 ਅਤੇ ਤਿਲਕ ਵਰਮਾ ਨੇ 120 ਦੌੜਾਂ ਬਣਾਈਆਂ। ਇਨ੍ਹਾਂ ਦੋਵਾਂ ਵਿਚਾਲੇ ਦੂਜੀ ਵਿਕਟ ਲਈ 210 ਦੌੜਾਂ ਦੀ ਰਿਕਾਰਡ ਤੋੜ ਸਾਂਝੇਦਾਰੀ ਹੋਈ। ਭਾਰਤੀ ਪਾਰੀ ਵਿੱਚ ਕੁੱਲ 23 ਛੱਕੇ ਲੱਗੇ। ਇਹ ਵਿਦੇਸ਼ਾਂ ਵਿੱਚ ਭਾਰਤ ਦਾ ਸਭ ਤੋਂ ਵੱਡਾ ਕੁੱਲ (283) ਵੀ ਹੈ।
ਪਹਿਲਾਂ ਬੱਲੇਬਾਜ਼ੀ ਕਰਨ ਆਈ ਭਾਰਤੀ ਟੀਮ ਨੂੰ ਸੰਜੂ ਸੈਮਸਨ ਅਤੇ ਅਭਿਸ਼ੇਕ ਸ਼ਰਮਾ ਨੇ ਚੰਗੀ ਸ਼ੁਰੂਆਤ ਦਿਵਾਈ। ਦੋਵਾਂ ਵਿਚਾਲੇ 73 ਦੌੜਾਂ ਦੀ ਸਾਂਝੇਦਾਰੀ ਹੋਈ। ਅਭਿਸ਼ੇਕ 18 ਗੇਂਦਾਂ ‘ਚ 36 ਦੌੜਾਂ ਬਣਾ ਕੇ ਆਊਟ ਹੋ ਗਏ। ਤਿਲਕ ਵਰਮਾ ਅਤੇ ਸੰਜੂ ਸੈਮਸਨ ਵਿਚਾਲੇ ਦੂਜੀ ਵਿਕਟ ਲਈ 210 ਦੌੜਾਂ ਦੀ ਸਾਂਝੇਦਾਰੀ ਹੋਈ। ਸੰਜੂ ਸੈਮਸਨ ਅਤੇ ਤਿਲਕ ਵਰਮਾ ਨੇ ਸੀਰੀਜ਼ ‘ਚ ਦੂਜੇ ਸੈਂਕੜੇ ਲਗਾਏ ਹਨ। ਭਾਰਤ ਚਾਰ ਮੈਚਾਂ ਦੀ ਟੀ-20 ਸੀਰੀਜ਼ ‘ਚ 2-1 ਨਾਲ ਅੱਗੇ ਹੈ।