ਚੈਂਪੀਅਨਸ ਟਰਾਫੀ ਖੇਡਣ ਪਾਕਿਸਤਾਨ ਨਹੀਂ ਜਾਵੇਗੀ ਟੀਮ ਇੰਡੀਆ : ਬੀਸੀਸੀਆਈ ਨੇ ਸੁਰੱਖਿਆ ਨੂੰ ਲੈ ਕੇ ਪ੍ਰਗਟਾਈ ਚਿੰਤਾ
8 ਨਵੰਬਰ 2024
ਭਾਰਤੀ ਕ੍ਰਿਕਟ ਟੀਮ ICC ਚੈਂਪੀਅਨਸ ਟਰਾਫੀ 2025 ‘ਚ ਹਿੱਸਾ ਲੈਣ ਲਈ ਪਾਕਿਸਤਾਨ ਜਾਵੇਗੀ ਜਾਂ ਨਹੀਂ ਇਸ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ। ਹੁਣ ਤੱਕ ਦੀਆਂ ਰਿਪੋਰਟਾਂ ਅਨੁਸਾਰ ਇਸ ਦੌਰੇ ਨੂੰ ਅਜੇ ਤੱਕ ਭਾਰਤ ਸਰਕਾਰ ਵੱਲੋਂ ਮਨਜ਼ੂਰੀ ਨਹੀਂ ਦਿੱਤੀ ਗਈ ਹੈ। ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਆਈਸੀਸੀ 11 ਨਵੰਬਰ ਨੂੰ ਚੈਂਪੀਅਨਜ਼ ਟਰਾਫੀ 2025 ਦੇ ਸ਼ੈਡਿਊਲ ਦਾ ਐਲਾਨ ਕਰੇਗੀ। ਹਾਲਾਂਕਿ ਪੂਰੇ ਪ੍ਰੋਗਰਾਮ ਦੀ ਘੋਸ਼ਣਾ ਨਹੀਂ ਕੀਤੀ ਜਾਵੇਗੀ ਕਿਉਂਕਿ ਭਾਰਤ ਦੇ ਮੈਚ ਕਿਸ ਸਥਾਨ ‘ਤੇ ਹੋਣਗੇ ਇਹ ਤੈਅ ਕਰਨ ‘ਚ ਕੁਝ ਸਮਾਂ ਲੱਗੇਗਾ।
ਜੋ ਰਿਪੋਰਟ ਸਾਹਮਣੇ ਆਈ ਹੈ, ਉਸ ਮੁਤਾਬਕ ਬੀਸੀਸੀਆਈ ਇਸ ਮਾਮਲੇ ‘ਤੇ ਪੂਰੀ ਸਪੱਸ਼ਟਤਾ ਚਾਹੁੰਦਾ ਹੈ ਅਤੇ ਇਸ ਲਈ ਸਰਕਾਰ ਨੂੰ ਅਧਿਕਾਰਤ ਪੱਤਰ ਲਿਖੇਗਾ। ਆਮ ਤੌਰ ‘ਤੇ ਟੂਰਨਾਮੈਂਟ ਤੋਂ ਤਿੰਨ ਮਹੀਨੇ ਪਹਿਲਾਂ ਸ਼ਡਿਊਲ ਜਾਰੀ ਕੀਤਾ ਜਾਂਦਾ ਹੈ ਅਤੇ ਭਾਰਤ ਦੀ ਭਾਗੀਦਾਰੀ ਨੂੰ ਲੈ ਕੇ ਕੋਈ ਸਪੱਸ਼ਟਤਾ ਨਹੀਂ ਹੁੰਦੀ ਹੈ, ਇਸ ਲਈ ਆਈਸੀਸੀ ਦੇ ਨਾਲ-ਨਾਲ ਪੀਸੀਬੀ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਆਈਸੀਸੀ ਚੈਂਪੀਅਨਜ਼ ਟਰਾਫੀ 2025 ਲਈ ਭਾਰਤੀ ਟੀਮ ਨੂੰ ਪਾਕਿਸਤਾਨ ਭੇਜਣ ਲਈ ਬੀਸੀਸੀਆਈ ਨੂੰ ਸਰਕਾਰ ਦੀ ਮਨਜ਼ੂਰੀ ਨਾਲ ਸਬੰਧਤ ਸਾਰੀ ਪ੍ਰਕਿਰਿਆ ਵਿੱਚ ਇੱਕ ਮਹੀਨਾ ਹੋਰ ਲੱਗੇਗਾ, ਪਰ ਜੋ ਗੱਲਾਂ ਸਾਹਮਣੇ ਆ ਰਹੀਆਂ ਹਨ, ਉਨ੍ਹਾਂ ਤੋਂ ਅਜਿਹਾ ਹੋਣ ਦੀ ਪੂਰੀ ਸੰਭਾਵਨਾ ਹੈ ਕਿ ਉੱਚ ਅਧਿਕਾਰੀ ਭਾਰਤੀ ਟੀਮ ਨੂੰ ਪਾਕਿਸਤਾਨ ਨਹੀਂ ਜਾਣ ਦੇਣਗੇ। ਅਜੇ ਤੱਕ ਇਸ ਪੂਰੇ ਮਾਮਲੇ ‘ਤੇ ਕੋਈ ਪ੍ਰਗਤੀ ਨਹੀਂ ਹੋਈ ਹੈ ਅਤੇ ਭਾਰਤ ਸਰਕਾਰ ਦਾ ਸਟੈਂਡ ਹੈ ਕਿ ਉਹ ਆਪਣੀ ਟੀਮ ਪਾਕਿਸਤਾਨ ਨਹੀਂ ਭੇਜੇਗੀ। ਹਾਲਾਂਕਿ, ਜੇਕਰ ਕੋਈ ਨਾਟਕੀ ਘਟਨਾ ਵਾਪਰਦੀ ਹੈ ਅਤੇ ਇੱਕ ਮਹੀਨੇ ਵਿੱਚ ਦੋਵਾਂ ਦੇਸ਼ਾਂ ਦੇ ਰਿਸ਼ਤੇ ਸੁਧਰ ਜਾਂਦੇ ਹਨ, ਤਾਂ ਹਾਲਾਤ ਬਦਲ ਸਕਦੇ ਹਨ।