ਯਾਰਾਂ-ਦੋਸਤਾਂ ਨਾਲ ਪਾਰਟੀ ਤੋਂ 2 ਦਿਨ ਤੋਂ ਲਾਪਤਾ ਬੈਂਕ ਮੈਨੇਜਰ ਦੀ ਲਾਸ਼ ਕਾਰ ਸਮੇਤ ਨਹਿਰ ’ਚੋਂ ਬਰਾਮਦ
ਪੰਜਾਬ ਨਿਊਜ਼,19 ਅਕਤੂਬਰ 2024
ਬੁੱਧਵਾਰ ਨੂੰ ਆਪਣੇ ਯਾਰਾਂ-ਦੋਸਤਾਂ ਨਾਲ ਇਕ ਬੈਂਕ ਮੈਨੇਜਰ ਪਾਰਟੀ ਕਰਨ ਲਈ ਗਿਆ ਸੀ ਅਤੇ ਬਾਅਦ ’ਚ ਆਪਣੀ ਕਾਰ ਸਮੇਤ ਸ਼ੱਕੀ ਹਾਲਾਤ ’ਚ ਲਾਪਤਾ ਹੋ ਗਿਆ ਸੀ, ਜਿਸ ਦੀ ਪਰਿਵਾਰਕ ਮੈਂਬਰਾਂ ਵੱਲੋਂ ਆਪਣੇ ਪੱਧਰ ’ਤੇ ਭਾਲ ਸ਼ੁਰੂ ਕਰ ਦਿੱਤੀ ਗਈ। ਪੁਲਸ ਪ੍ਰਸ਼ਾਸਨ ਦਾ ਸਹਾਰਾ ਲੈਂਦੇ ਹੋਏ ਐੱਨ. ਡੀ. ਆਰ. ਐੱਫ. ਟੀਮਾਂ ਦੀ ਸਹਾਇਤਾ ਨਾਲ ਪਿੰਡ ਭੁੱਲਰ ਦੇ ਕੋਲੋਂ ਲੰਘਦੀਆਂ ਜੁੜਵਾ ਨਹਿਰਾਂ ’ਚ ਤਲਾਸ਼ ਸ਼ੁਰੂ ਕੀਤੀ ਗਈ। 2 ਦਿਨ ਚੱਲੀ ਇਸ ਭਾਲ ਤੋਂ ਬਾਅਦ ਸ਼ੁੱਕਰਵਾਰ ਸ਼ਾਮ ਕਰੀਬ 6 ਵਜੇ ਗੋਤਾਖੋਰਾਂ ਅਤੇ ਐੱਨ. ਡੀ. ਆਰ. ਐੱਫ. ਟੀਮਾਂ ਨੇ ਨਹਿਰਾਂ ’ਚੋਂ ਕਾਰ ਅਤੇ ਬੈਂਕ ਮੈਨੇਜਰ ਦੀ ਲਾਸ਼ ਬਰਾਮਦ ਕਰ ਲਈ ਹੈ। ਕਾਰ ਅਤੇ ਲਾਸ਼ ਨੂੰ ਕਰੇਨ ਰਾਹੀਂ ਨਹਿਰ ’ਚੋਂ ਬਾਹਰ ਕੱਢਿਆ ਗਿਆ। ਨੌਜਵਾਨ ਦੀ ਪਹਿਚਾਣ ਸਿਮਰਨਦੀਪ ਸਿੰਘ ਬਰਾੜ ਵਜਪ ਹੋਈ ਹੈ ਤੇ ਗੁਰੂ ਅੰਗਦ ਦੇਵ ਨਗਰ ਕੋਟਕਪੂਰਾ ਰੋਡ ਸ੍ਰੀ ਮੁਕਤਸਰ ਸਾਹਿਬ ਜੋ ਕਿ ਸੈਂਟਰਲ ਬੈਂਕ ਆਫ ਇੰਡੀਆ ਲੱਖੇਵਾਲੀ ਵਿਖੇ ਬੈਂਕ ਮੈਨੇਜਰ ਸਨ।
ਮ੍ਰਿਤਕ ਦੇ ਪਿਤਾ ਦਰਸ਼ਨ ਸਿੰਘ ਨੇ ਦੱਸਿਆ ਕਿ ਸਿਮਰਨਦੀਪ ਸਿੰਘ ਬਰਾੜ ਬੀਤੇ ਬੁੱਧਵਾਰ ਦੀ ਰਾਤ ਨੂੰ ਮੁਕਤਸਰ ’ਚ ਆਪਣੇ ਦੋਸਤਾਂ ਨਾਲ ਪਾਰਟੀ ਕਰਨ ਗਿਆ ਸੀ। ਰਾਤ ਨੂੰ ਉਸਦੇ ਡਾਕਟਰ ਦੋਸਤਾਂ ਨੇ ਨਹਿਰ ਵੱਲ ਘੁੰਮ ਕੇ ਆਉਣ ਦਾ ਪਲਾਨ ਬਣਾਇਆ ਸੀ। ਉਸਦਾ ਬੇਟਾ ਆਪਣੀ ਕਾਰ ’ਚ ਇਕੱਲਾ ਸੀ। ਰਾਤ 10 ਵਜੇ ਸਿਮਰਨਦੀਪ ਦੀ ਪਤਨੀ ਨੇ ਉਸ ਨਾਲ ਫੋਨ ’ਤੇ ਗੱਲ ਕੀਤੀ ਅਤੇ ਪੁੱਛਿਆ ਕਿ ਉਹ ਘਰ ਕਦੋਂ ਆਵੇਗਾ।ਉਸ ਦੌਰਾਨ ਸਿਮਰਨਦੀਪ ਨੇ ਕਿਹਾ ਕਿ ਉਸਨੂੰ ਘਰ ਆਉਣ ’ਚ ਕੁਝ ਸਮਾਂ ਲੱਗੇਗਾ। ਇਸ ਤੋਂ ਬਾਅਦ ਸਿਮਰਨਦੀਪ ਰਾਤ 2 ਵਜੇ ਤੱਕ ਵੀ ਘਰ ਨਹੀਂ ਆਇਆ, ਜਿਸ ਕਾਰਨ ਜਦੋਂ ਉਸਦੀ ਪਤਨੀ ਨੇ 2:15 ਵਜੇ ਉਸਨੂੰ ਫੋਨ ਕੀਤਾ ਤਾਂ ਉਸਦਾ ਫੋਨ ਬੰਦ ਸੀ। ਇਸ ਤੋਂ ਬਾਅਦ ਜਦੋਂ ਉਸ ਦੇ ਦੋਸਤ ਨੂੰ ਫੋਨ ਕੀਤਾ ਗਿਆ ਤਾਂ ਉਸ ਨੇ ਦੱਸਿਆ ਕਿ ਸਿਮਰਨਦੀਪ ਤਾਂ ਕਦੋਂ ਦਾ ਘਰ ਜਾ ਚੁੱਕਾ ਹੈ। ਜਦੋਂ ਕਿ ਉਹ ਘਰ ਨਹੀਂ ਪਹੁੰਚਿਆ ਸੀ।